ਬ੍ਰਿਟਿਸ਼ ਸਿੱਖ ਐਮਪੀ ਵਲੋਂ ਆਪ੍ਰੇਸ਼ਨ ਬਲੂ ਸਟਾਰ ਦੀ ਜਾਂਚ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਬ੍ਰਿਟਿਸ਼ ਸਿੱਖ ਐਮਪੀ ਵਲੋਂ ਆਪ੍ਰੇਸ਼ਨ ਬਲੂ ਸਟਾਰ ਦੀ ਜਾਂਚ ਦੀ ਮੰਗ

1

ਲੰਡਨ, 5 ਜੂਨ : ਬ੍ਰਿਟੇਨ ਵਿਚ ਵਿਰੋਧੀ ਦਲ ਲੇਬਰ ਪਾਰਟੀ ਦੇ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਜੂਨ 1984 ਵਿਚ ਹੋਏ ਆਪ੍ਰੇਸ਼ਨ ਬਲੂ ਸਟਾਰ 'ਚ ਮਾਰਗਰੇਟ ਥੈਚਰ ਦੀ ਅਗਵਾਨੀ ਵਾਲੀ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।
ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ 'ਚ ਭਾਰਤੀ ਸੈਨਾ ਵਲੋਂ ਕੀਤੇ ਗਏ ਬਲੂ ਸਟਾਰ ਆਪ੍ਰੇਸ਼ਨ ਦੇ 36 ਸਾਲ ਪੂਰੇ ਹੋਣ 'ਤੇ ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਸਿੱਖ ਸਾਂਸਦ ਮੈਂਬਰ ਢੇਸੀ ਨੇ ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਇਹ ਮੁੱਦਾ ਉਠਾਇਆ। ਉਨ੍ਹਾਂ ਨੇ ਇਸ 'ਤੇ ਵਿਚਾਰ ਵਟਾਂਦਰੇ ਦੀ ਮੰਗ ਕੀਤੀ।


ਢੇਸੀ ਨੇ ਕਿਹਾ ਕਿ ਇਸ ਹਫ਼ਤੇ ਉਸ ਘਟਨਾ ਨੂੰ 36 ਸਾਲ ਪੂਰੇ ਹੋ ਗਏ ਜਦੋਂ ਤਤਕਾਲੀਨ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਸੱਭ ਤੋਂ ਪਵਿੱਤਰ ਸਥਾਨ ਅੰਮ੍ਰਿਤਸਰ ਵਿਚ ਸਥਿਤ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦਾ ਆਦੇਸ਼ ਦਿਤਾ ਸੀ।


ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਏ ਖੁਲਾਸਿਆਂ, ਬ੍ਰਿਟੇਨ ਦੇ ਸਿੱਖ ਭਾਈਚਾਰੇ ਦੀ ਮੰਗ ਅਤੇ ਲੇਬਰ ਪਾਰਟੀ ਅਤੇ ਹੋਰ ਵਿਰੋਧੀ ਦਲਾਂ ਦੇ ਇਸ ਨੂੰ ਸਮਰਥਨ ਦੇ ਬਾਵਜੂਦ ਹਮਲੇ ਵਿਚ ਥੈਚਰ ਸਰਕਾਰ ਦੀ ਭੁਮਿਕਾ ਦਾ ਪਤਾ ਲਗਾਉਣ ਲਈ ਇਕ ਸੁਤੰਤਰ ਜਾਂਚ ਨਹੀਂ ਕਰਵਾਈ ਗਈ।


ਇਸ ਮਾਮਲੇ ਵਿਚ ਜਾਂਚ ਦੀ ਮੰਗ ਕੁੱਝ ਸਾਲ ਪਹਿਲਾਂ ਉਦੋਂ ਉਠੀ ਸੀ ਜਦੋਂ ਇਹ ਖੁਲਸਾ ਹੋਇਆ ਸੀ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾ ਬ੍ਰਿਟੇਨ ਦੀ ਸੈਨਾ ਨੇ ਭਾਰਤੀ ਫ਼ੌਜਾਂ ਨੂੰ ਸਲਾਹ ਦਿਤੀ ਸੀ। ਤਦ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਬਾਰੇ ਅੰਦਰੂਨੀ ਜਾਂਚ ਦੇ ਆਦੇਸ਼ ਦਿਤੇ ਸਨ। ਇਸ ਤੋਂ ਬਾਅਦ ਸੰਸਦ ਵਿਚ ਇਕ ਬਿਆਨ ਦਿਤਾ ਗਿਆ ਸੀ ਕਿ ਬ੍ਰਿਟੇਨ ਦੀ ਭੁਮਿਕਾ ਇਕੱਲੇ ਸਲਾਹਕਾਰ ਵਜੋਂ ਸੀ ਅਤੇ ਵਿਸ਼ੇਸ ਹਵਾਈ ਸੇਵਾ ਦੀ ਸਲਾਹ ਦਾ ਉਸ ਮੁਹਿੰਮ 'ਤੇ ਸੀਮਤ ਪ੍ਰਭਾਵ ਸੀ।
(ਪੀਟੀਆਈ)