ਘੱਲੂਘਾਰਾ ਦਿਹਾੜਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਉਣ ਤੋਂ ਰੋਕਣ ਲਈ ਸਿੱਖ ਯੂਥ ਫ਼ੈਡਰੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਿੰਡਰਾਂਵਾਲਾ ਦੇ ਆਗੂਆਂ ਦੇ ਘਰਾਂ 'ਚ ਪੁਲਿਸ ਵਲੋਂ ਛਾਪੇਮਾਰੀਆਂ

1

ਦਰਬਾਰ ਸਾਹਿਬ ਦੇ ਸਾਰੇ ਰਸਤੇ ਸੀਲ, ਸ਼ਹਿਰ 'ਚ ਭਾਰੀ ਪੁਲਿਸ ਫ਼ੋਰਸ ਤਾਇਨਾਤ




ਅੰਮ੍ਰਿਤਸਰ 5 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਜੂਨ 1984 ਦੇ ਤੀਜੇ ਘੱਲੂਘਾਰੇ ਦੀ 36ਵੀਂ ਵਰ੍ਹੇਗੰਢ ਮਨਾਉਣ ਤੋਂ ਰੋਕਣ ਲਈ ਪੰਜਾਬ ਪੁਲਿਸ ਲਗਾਤਾਰ ਸਿੱਖ ਨੌਜਵਾਨਾਂ ਦੇ ਘਰਾਂ 'ਚ ਛਾਪੇਮਾਰੀ ਕਰ ਰਹੀ ਹੈ। ਅੱਜ ਤੜਕਸਾਰ ਪੁਲਿਸ ਨੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਦੇ ਘਰ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ। ਪਰ ਦੋਵੇਂ ਆਗੂ ਅਪਣੇ ਘਰਾਂ 'ਚ ਮੌਜੂਦ ਨਾ ਹੋਣ ਕਰ ਕੇ ਪੁਲਿਸ ਦੇ ਹੱਥ ਨਾ ਆਏ।


ਇਸ ਤੋਂ ਪਹਿਲਾਂ ਭਾਈ ਭੁਪਿੰਦਰ ਸਿੰਘ (ਛੇ ਜੂਨ ਕਾਂਡ) ਨੂੰ ਪੁਲਿਸ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਚੁੱਕੀ ਹੈ। ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਵੀ ਥਾਣੇ ਬੁਲਾ ਕੇ ਪੁਲਿਸ ਨੇ ਪੁਛਗਿਛ ਕੀਤੀ ਹੈ ਅਤੇ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਅਤੇ ਜ਼ਿਲ੍ਹਾ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਟੋਨੀ ਖ਼ਾਲਿਸਤਾਨੀ ਦੇ ਘਰੋਂ ਵੀ ਪੁਲਿਸ ਪੁਛਗਿਛ ਕਰ ਚੁੱਕੀ ਹੈ। ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਦਮਨਦੀਪ ਸਿੰਘ ਲੁਧਿਆਣਾ, ਭਾਈ ਤੇਜਿੰਦਰ ਸਿੰਘ ਬਿੱਟਾ, ਭਾਈ ਤੀਰਥ ਸਿੰਘ, ਭਾਈ ਮੱਖਣ ਸਿੰਘ ਸਮਾਓਂ ਆਦਿ ਸਿੱਖ ਨੌਜਵਾਨਾਂ ਦੇ ਘਰਾਂ 'ਚ ਵੀ ਪੁਲਿਸ ਵਲੋਂ ਛਾਪੇਮਾਰੀ ਹੋਈ ਹੈ ਤੇ ਕਈ ਨੌਜਵਾਨਾਂ ਨੂੰ ਥਾਣੇ ਬੁਲਾ ਕੇ ਉਨ੍ਹਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ।

ਉਨਾਂ ਦੇ ਆਧਾਰ ਕਾਰਡ ਦੀਆਂ ਕਾਪੀਆਂ ਲਈਆਂ ਜਾ ਰਹੀਆਂ ਹਨ ਅਤੇ ਮੋਬਾਇਲ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਨੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿਤੇ ਹਨ। ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਫੈਲਾਇਆ ਜਾ ਰਿਹਾ ਹੈ। ਦਰਬਾਰ ਸਾਹਿਬ ਪ੍ਰਕਰਮਾ 'ਚ ਸਿਵਲ ਕਪੜਿਆ 'ਚ ਭਾਰੀ ਪੁਲਿਸ ਫ਼ੋਰਸ ਤਾਇਨਾਤ ਹੈ ਅਤੇ ਬਾਹਰ ਵੀ ਵੱਡੀ ਗਿਣਤੀ 'ਚ ਪੁਲਿਸ ਅਤੇ ਕਮਾਂਡੋ ਖੜ੍ਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਉਨ੍ਹਾਂ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਾਰੇ ਮਾਮਲੇ 'ਤੇ ਚੁਪੀ ਧਾਰੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਹੀਦਾਂ ਦੀ ਯਾਦ ਵਿਚ ਹੋਣ ਵਾਲੀ ਅਰਦਾਸ 'ਚ ਪੁਲਿਸ ਨੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਜਾਣ ਤੋਂ ਮਨਾਹੀ ਕੀਤੀ ਹੈ ਤੇ ਇਨ੍ਹਾਂ ਆਗੂਆਂ ਉਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਰਣਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਆੜ ਹੇਠ ਪੁਲਿਸ, ਸਿੱਖਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।