ਬ੍ਰਹਮਪੁਰਾ ਪ੍ਰਤੀ ਅਕਾਲੀ ਆਗੂਆਂ ਦਾ ਰਵਈਆ ਨਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸੀ ਪਾਰਟੀਆਂ ’ਚ ਜੋੜ-ਤੋੜ ਦੀਆਂ ਸਰਗਰਮੀਆਂ

Ranjit Singh Brahmpura

ਚੰਡੀਗੜ੍ਹ, 4 ਜੂਨ (ਐਸ.ਐਸ. ਬਰਾੜ) : ਕੋਰੋਨਾ ਬੀਮਾਰੀ ਕਾਰਨ ਬੇਸ਼ੱਕ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਮੀਡੀਆ ਤਕ ਸੀਮਤ ਲਗਦੀਆਂ ਹਨ, ਪ੍ਰੰਤੂ ਅੰਦਰਖਾਤੇ ਆਉਣ ਵਾਲੀਆਂ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਪਾਰਟੀਆਂ ’ਚ ਹੀ ਹਿਲਜੁਲ ਆਰੰਭ ਹੋ ਗਈ ਹੈ।

ਇਸ ਸਬੰਧੀ ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨਾਲ ਗੱਲ ਹੋਈ ਤਾਂ ਉਨ੍ਹਾਂ ਦਸਿਆ ਕਿ ਸ. ਬ੍ਰਹਮਪੁਰਾ ਦਾ ਸਾਰੇ ਹੀ ਨੇਤਾ ਸਤਿਕਾਰ ਕਰਦੇ ਹਨ। ਉਹ ਬਹੁਤ ਸੀਨੀਅਰ ਨੇਤਾ ਹਨ। ਉਨ੍ਹਾਂ ਦੀ ਵਾਪਸੀ ਲਈ ਗੱਲਬਾਤ ਚਲਦੀ ਰਹਿੰਦੀ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ’ਚ ਉੁਨ੍ਹਾਂ ਦੀ ਵਾਪਸੀ ਲਈ ਗੱਲਬਾਤ ਹੋਵੇਗੀ। ਜਿਥੋਂ ਤਕ ਡਾ. ਰਤਨ ਸਿੰਘ ਅਜਨਾਲਾ ਦਾ ਸਬੰਧ ਹੈ, ਉੁਨ੍ਹਾਂ ਦਾ ਪਰਵਾਰ ਤਾਂ ਪਹਿਲਾਂ ਹੀ ਪਾਰਟੀ ’ਚ ਸ਼ਾਮਲ ਹੋ ਚੁੱਕਾ ਹੈ।

ਸੁਖਦੇਵ ਸਿੰਘ ਢੀਂਡਸਾ ਜੋ ਕੁੱਝ ਮਹੀਨੇ ਪਹਿਲਾਂ ਹੀ ਪਾਰਟੀ ਤੋਂ ਵੱਖ ਹੋਏ ਹਨ, ਬਾਰੇ ਪੁੱਛੇ ਜਾਣ ’ਤੇ ਉੁਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦਾ ਪਾਰਟੀ ਕਾਡਰ ਉਨ੍ਹਾਂ ਦਾ ਸਖ਼ਤ ਵਿਰੋਧ ਕਰ ਰਿਹਾ ਹੈ। ਨਾ ਹੀ ਉਨ੍ਹਾਂ ਦੀ ਵਾਪਸੀ ਬਾਰੇ ਕਦੇ ਗੱਲ ਚੱਲੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਅਸਲ ’ਚ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੇ ਕੁੱਝ ਗ਼ਲਤਫ਼ਹਿਮੀਆਂ ਕਾਰਨ ਪਾਰਟੀ ਛੱਡੀ ਅਤੇ ਹੁਣ ਉਹ ਵੀ ਮਹਿਸੂਸ ਕਰਦੇ ਹਨ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਵਾਪਸੀ ਦੀ ਗੱਲ ਕਾਫ਼ੀ ਹੱਦ ਤਕ ਸਿਰੇ ਲੱਗ ਗਈ ਸੀ, ਪ੍ਰੰਤੂ ਮਾਝੇ ਦੇ ਇਕ ਨੇਤਾ ਨੂੰ ਕੁੱਝ ਇਤਰਾਜ ਸਨ। ਇਸੇ ਕਾਰਨ ਗੱਲ ਸਿਰੇ ਨਾ ਲੱਗ ਸਕੀ। ਪ੍ਰੰਤੂ ਹੁਣ ਉਹ ਨੇਤਾ ਵੀ ਚਾਹੁੰਦੇ ਹਨ ਕਿ ਸ. ਬ੍ਰਹਮਪੁਰਾ ਨੂੰ ਵਾਪਸ ਪਾਰਟੀ ’ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ. ਬ੍ਰਹਮਪੁਰਾ ਵੀ ਵਾਪਸੀ ਦੇ ਹੱਕ ’ਚ ਸਨ। ਉੁਨ੍ਹਾਂ ਦੀਆਂ ਗ਼ਲਤਫ਼ਹਿਮੀਆਂ ਵੀ ਦੂਰ ਹੋ ਗਈਆਂ ਹਨ। ਉੁਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅਜੇ ਬਾਕਾਇਦਾ ਗੱਲਬਾਤ ਦਾ ਫ਼ੈਸਲਾ ਤਾਂ ਨਹੀਂ ਹੋਇਆ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਗੱਲਬਾਤ ਹੋਣ ਦੀ ਸੰਭਾਵਨਾ ਹੈ।