ਅਕਾਲੀ-ਭਾਜਪਾ ਤਾਲਮੇਲ ਕਮੇਟੀ ਦੀ ਬੈਠਕ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ-ਅਸ਼ਵਨੀ ਸ਼ਰਮਾ ਸਮੇਤ 16 ਨੇਤਾਵਾਂ ਨੇ ਸ਼ਿਰਕਤ ਕੀਤੀ

SAD-BJP

ਚੰਡੀਗੜ੍ਹ, 4 ਜੂਨ (ਜੀ.ਸੀ. ਭਾਰਦਵਾਜ) : ਪਿਛਲੇ ਮਹੀਨੇ, ਪੰਜਾਬ ’ਚ ਨਕਲੀ ਸ਼ਰਾਬ ਦੀਆਂ ਫ਼ੈਕਟਰੀਆਂ ਫੜਨ, ਐਕਸਾਈਜ਼ ਟੈਕਸ ਦੀ ਚੋਰੀ ਅਤੇ ਇਕ ਅੰਦਾਜ਼ੇ ਮੁਤਾਬਕ 5600 ਕਰੋੜ ਦਾ ਮਾਲੀਆ ਘਾਟਾ ਹੋਣ ਅਤੇ 4000 ਕਰੋੜ ਦੇ ਨਕਲੀ ਅਤੇ ਗ਼ੈਰ ਤਸਦੀਕਸ਼ੁਦਾ ਝੋਨਾ ਬੀਜ ਦੀ ਵਿਕਰੀ ਸਮੇਤ ਹੋਰ ਗੰਭੀਰ ਮੁੱਦਿਆਂ ’ਤੇ ਅੱਜ ਸ਼ਾਮ ਅਕਾਲੀ-ਭਾਜਪਾ ਦੀ ਤਾਲਮੇਲ ਕਮੇਟੀ ਨੇ ਬੈਠਕ ਕਰ ਕੇ ਫ਼ੈਸਲਾ ਲਿਆ ਕਿ ਸੂਬੇ ਦੇ ਰਾਜਪਾਲ ਕੋਲ ਇਹ ਨੁਕਤਾ ਉਠਾਇਆ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ਦੇ ਮੁੱਖ ਦਫ਼ਤਰ ’ਚ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬੀ.ਜੇ.ਪੀ. ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਪ੍ਰਧਾਨਗੀ ’ਚ ਦੋਵਾਂ ਪਾਰਟੀਆਂ ਦੇ 16 ਚੋਟੀ ਦੇ ਲੀਡਰਾਂ ਨੇ ਇਨ੍ਹਾਂ ਗੰਭੀਰ ਘੁਟਾਲਿਆਂ ਦੇ ਨਾਲ-ਨਾਲ ਕੇਂਦਰ ਤੋਂ ਆਏ ਰਾਸ਼ਨ ਦੀ ਵੰਡ ’ਚ ਕੀਤੀ ਹੇਰਾਫੇਰੀ ਅਤੇ ਪੰਜਾਬ ਦੇ ਗੰਨਾ ਉਤਪਾਦਕਾਂ ਦੀ ਬਕਾਇਆ 680 ਕਰੋੜ ਦੀ ਰਕਮ ਸੂਬਾ ਸਰਕਾਰ ਵਲੋਂ ਨਾ ਦੇਣ ਬਾਰੇ ਚਰਚਾ ਕੀਤੀ।

ਇਨ੍ਹਾਂ ਨੇਤਾਵਾਂ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪੀੜਤ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਪਰ ਸ਼ਰਾਬ ਦੇ ਠੇਕੇਦਾਰਾਂ ਨੂੰ 673 ਕਰੋੜ ਤੇ ਰੇਤ-ਮਾਫ਼ੀਆ ਨੂੰ 150 ਕਰੋੜ ਦੀ ਰਾਹਤ ਦੇ ਦਿਤੀ। ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਵਲੋਂ ਭੇਜੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ 6000 ਕਰੋੜ ਦੀ ਰਕਮ ਵੀ ਪੀੜਤਾਂ ਨੂੰ ਨਹੀਂ ਵੰਡੀ ਅਤੇ 1,40,00,000 ਲੋਕਾਂ ਲਈ ਭੇਜੇ ਰਾਸ਼ਨ ਦਾ ਵੱਡਾ ਹਿੱਸਾ ਵੀ ਪੀੜਤ ਮਜ਼ਦੂਰਾਂ ਤੇ ਗ਼ਰੀਬਾਂ ਨੂੰ ਨਹੀਂ ਵੰਡਿਆ ਗਿਆ।

ਅੱਜ ਸ਼ਾਮ ਹੋਈ ਇਸ ਮਹੱਤਵਪੂਰਨ ਹੰਗਾਮੀ ਬੈਠਕ ’ਚ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਐਮ.ਪੀ. ਸ. ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਮਹੇਸ਼ਇੰਦਰ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ. ਸਿਕੰਦਰ ਸਿੰਘ ਮਲੂਕਾ ਅਤੇ ਸ. ਬਿਕਰਮ ਸਿੰਘ ਮਜੀਠੀਆ ਨੇ ਸ਼ਿਰਕਤ ਕੀਤੀ।

ਬੀ.ਜੇ.ਪੀ. ਵਲੋਂ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਅਵਿਨਾਸ਼ ਖੰਨਾ, ਦਿਨੇਸ਼ ਸ਼ਰਮਾ, ਤਰੁਣ ਚੁੱਘ, ਮਦਨ-ਮੋਹਨ ਮਿੱਤਲ, ਜੀਵਨ ਗੁਪਤਾ, ਸੁਭਾਸ਼ ਸ਼ਰਮਾ ਅਤੇ ਮਾਲਵਿੰਦਰ ਕੰਗ ਨੇ ਹਿੱਸਾ ਲਿਆ। ਬੀ.ਜੇ.ਪੀ. ਸੂਤਰਾਂ ਨੇ ਦਸਿਆ ਕਿ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਅਕਾਲੀ-ਬੀ.ਜੇ.ਪੀ. ਦਾ ਵਫ਼ਦ ਇਕ-ਦੋ ਦਿਨਾਂ ’ਚ ਮਿਲ ਕੇ ਇਨ੍ਹਾਂ ਘੁਟਾਲਿਆਂ ਬਾਰੇ ਜੁਡੀਸ਼ੀਅਲ ਇਨਕੁਆਰੀ ਦੀ ਮੰਗ ਕਰੇਗਾ।