ਦੋ ਬੱਚਿਆਂ ਦੀ ਮਾਂ ਵਲੋਂ ਖ਼ੁਦਕੁਸ਼ੀ
ਮੰਡੀ ਰੋਡ ’ਤੇ ਸਥਿਤ ਇਕ ਮੁਹੱਲੇ ਵਿਚ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਨੇ ਉਸ ਵੇਲੇ ਫਾਹਾ ਲਾ ਕੇ ਜਾਨ ਦੇ ਦਿਤੀ
ਜਲੰਧਰ, 4 ਜੂਨ (ਪਪ) : ਮੰਡੀ ਰੋਡ ’ਤੇ ਸਥਿਤ ਇਕ ਮੁਹੱਲੇ ਵਿਚ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਨੇ ਉਸ ਵੇਲੇ ਫਾਹਾ ਲਾ ਕੇ ਜਾਨ ਦੇ ਦਿਤੀ ਜਦੋਂ ਉਸ ਦਾ ਪਤੀ ਕੰਮ ’ਤੇ ਅਤੇ ਬੱਚੇ ਟਿਊਸ਼ਨ ਗਏ ਹੋਏ ਸਨ। ਜਾਣਕਾਰੀ ਅਨੁਸਾਰ ਅਨੀਤਾ ਪਤਨੀ ਮਨੋਜ ਕੁਮਾਰ ਵਾਸੀ ਮੰਡੀ ਰੋਡ ਨੇ ਅਪਣੇ ਘਰ ਪੱਖੇ ਨਾਲ ਫਾਹਾ ਲਾ ਕੇ ਜਾਨ ਦੇ ਦਿਤੀ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਸ਼ਾਮ ਵੇਲੇ ਉਸ ਦਾ ਪਤੀ ਬੱਚਿਆਂ ਨੂੰ ਲੈ ਕੇ ਘਰ ਪਰਤਿਆ ਤਾਂ ਅਨੀਤਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਤੁਰਤ ਇਸ ਦੀ ਸੂਚਨਾ ਥਾਣਾ ਨੰਬਰ ਤਿੰਨ ਦੀ ਪੁਲਿਸ ਨੂੰ ਦਿਤੀ ਤਾਂ ਮੌਕੇ ’ਤੇ ਏਐਸਆਈ ਮੰਗਤ ਰਾਮ ਪੁਲਿਸ ਪਾਰਟੀ ਸਮੇਤ ਪਹੁੰਚੇ।
ਪੁਲਿਸ ਨੇ ਪੱਖੇ ’ਤੇ ਲਟਕ ਰਹੀ ਲਾਸ਼ ਲਾਹੀ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਅਨੀਤਾ ਦਾ ਵਿਆਹ ਅੱਠ ਸਾਲ ਪਹਿਲਾਂ ਮਨੋਜ ਕੁਮਾਰ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ। ਮ੍ਰਿਤਕਾ ਦੇ ਪਤੀ ਮਨੋਜ ਕੁਮਾਰ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦਸਿਆ ਕਿ ਅੱਜ ਸਵੇਰੇ ਜਦੋਂ ਉਹ ਕੰਮ ’ਤੇ ਜਾਣ ਲੱਗਾ ਤਾਂ ਉਸ ਦੀ ਪਤਨੀ ਨੇ ਕਿਹਾ ਕਿ ਉਹ ਸੌਣ ਲੱਗੀ ਹੈ ਅਤੇ ਜਦੋਂ ਸ਼ਾਮ ਵੇਲੇ ਉਹ ਵਾਪਸ ਆਏ ਤਾਂ ਬੱਚਿਆਂ ਨੂੰ ਟਿਊਸ਼ਨ ਤੋਂ ਵਾਪਸ ਲੈਂਦਾ ਆਵੇ। ਜਦੋਂ ਸ਼ਾਮ ਵੇਲੇ ਉਹ ਬੱਚਿਆਂ ਨੂੰ ਲੈ ਕੇ ਵਾਪਸ ਆਇਆ ਤਾਂ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਏਐਸਆਈ ਮੰਗਤ ਰਾਮ ਨੇ ਦਸਿਆ ਕਿ ਪੁਲਿਸ ਨੇ ਅਨੀਤਾ ਦੇ ਪੇਕੇ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿਤੀ ਹੈ, ਉਨ੍ਹਾਂ ਦੇ ਆਉਣ ਤੋਂ ਬਾਅਦ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।