ਲੰਮੀ ਰਣਨੀਤਕ ਵਿਉਂਤਬੰਦੀ ਨਾਲ ਅੰਜਾਮ ਦਿਤਾ ਗਿਆ ਸੀ ਸਾਕਾ ਨੀਲਾ ਤਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਦਰਬਾਰ ਸਾਹਿਬ ਸਣੇ ਕਈ ਇਤਿਹਾਸਕ ਗੁਰਦਵਾਰਿਆਂ ਦੀਆਂ ਲਈਆਂ ਗਈਆਂ ਸਨ ਹਵਾਈ ਤਸਵੀਰਾਂ

darbar sahib

ਚੰਡੀਗੜ੍ਹ, 4 ਜੂਨ (ਨੀਲ ਭਲਿੰਦਰ ਸਿੰਘ): ਇਸ ਵਿਚ ਕੋਈ ਰਤਾ ਜਿੰਨਾ ਵੀ ਸ਼ੱਕ ਨਹੀਂ ਰਹਿ ਗਿਆ ਕਿ ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਇੰਡੀਅਨ ਸਟੇਟ ਦੀ ਲੰਮੀ ਰਣਨੀਤਕ ਵਿਉਂਤਬੰਦੀ ਦਾ ਸਿੱਟਾ ਸੀ। ਪਰ ਇਸ ਤੱਥ ਦੀ ਪੁਸ਼ਟੀ ਲਈ ਵੱਧ ਤੋਂ ਵੱਧ ਦਸਤਾਵੇਜ਼ੀ ਸਬੂਤਾਂ ਦੀ ਜਨਤਕ ਖਾਤੇ (ਪਬਲਿਕ ਡੋਮੇਨ) ਵਿਚ ਸੰਭਾਲ ਜ਼ਰੂਰੀ ਹੈ। ਇਥੇ ਜੋ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ, ਉਹ ਮਸ਼ਹੂਰ ਕਥਨ ਕਿ ਇਕ ਤਸਵੀਰ ਹਜ਼ਾਰਾਂ ਸ਼ਬਦ ਬਿਆਨਣ ਦੇ ਸਮਰੱਥ ਹੁੰਦੀ ਹੈ, ਦੇ ਸਿਧਾਂਤ ’ਤੇ ਸ਼ਤ-ਪ੍ਰਤੀਸ਼ਤ ਖਰੀਆਂ ਹੀ ਨਹੀਂ ਉਤਰਦੀਆਂ ਬਲਕਿ ਸ਼ਬਦਾਂ ਉਹਲੇ ਲੁਕੀ ਵੱਡੀ ਸਾਜ਼ਸ਼ ਬੇਨਕਾਬ ਕਰਨ ਦੇ ਵੀ ਸਮਰਥ ਹਨ। 

ਇਕ ਸਾਬਕਾ ਸੀਨੀਅਰ ਫ਼ੌਜੀ ਅਫ਼ਸਰ (ਜੋ ਕਿ ਅੱਜ ਕੱਲ ਜ਼ੇਰੇ ਇਲਾਜ ਹਨ) ਦੀ ਮਾਅਰਫ਼ਤ ਪ੍ਰਾਪਤ ਹੋਈਆਂ ਇਹ ਤਸਵੀਰਾਂ ਜੂਨ 1984 ਤੋਂ ਕਈ ਮਹੀਨੇ ਪਹਿਲਾਂ ਖਿੱਚੀਆਂ ਗਈਆਂ ਹੋਣ ਦੀ ਜਾਣਕਾਰੀ ਮਿਲੀ ਹੈ। ਹਵਾਈ ਐਂਗਲ ਤੋਂ ਬੜੇ ਹੀ ਬਾਕਮਾਲ (ਹਾਈ-ਡੈਫੀਨੇਸ਼ਨ) ਕੈਮਰਿਆਂ ਨਾਲ ਖਿੱਚੀਆਂ ਗਈਆਂ ਇਹ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਣੇ ਪੰਜਾਬ ਦੇ ਉਨ੍ਹਾਂ ਇਤਿਹਾਸਕ ਗੁਰਦਵਾਰਿਆਂ ਦੀਆਂ ਹਨ, ਜੋ ਭਾਰਤੀ ਫ਼ੌਜ ਦੀ ਕਾਰਵਾਈ ਦਾ ਹਿੱਸਾ ਬਣੇ 37 ਇਤਿਹਾਸਕ ਗੁਰਦਵਾਰਾ ਸਾਹਿਬਾਨ ’ਚ ਸ਼ੁਮਾਰ ਸਨ। 

ਦਸਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਪਛਮੀ ਕਮਾਨ ਪੰਚਕੂਲਾ ਵਲੋਂ ਜਾਂ ਉਸ ਦੀ ਮਦਦ ਨਾਲ ਲਈਆਂ ਗਈਆਂ ਸਨ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਰਹੇ ਅਤੇ ਗਿਆਨੀ ਕਿਰਪਾਲ ਸਿੰਘ ਰਚਿਤ ‘ਆਈ ਵਿਟਨੈਸ ਅਕਾਊਂਟ ਆਫ਼ ਆਪ੍ਰੇਸ਼ਨ ਬਲਿਊ ਸਟਾਰ’ ਪੁਸਤਕ ਦੇ ਸੰਪਾਦਕ ਸ. ਅਨੁਰਾਗ ਮੁਤਾਬਕ ਇਨ੍ਹਾਂ ਤਸਵੀਰਾਂ ਨੂੰ ਖਿੱਚਣ ਦਾ ਮੁੱਖ ਮਕਸਦ ਕਿਸੇ ਤਰ੍ਹਾਂ ਦੇ ਵੀ ਹੰਗਾਮੀ ਹਾਲਾਤ ਵਿਚ ਗੁਰਦਵਾਰਿਆਂ ’ਚੋਂ ਭਾਰਤੀ ਫ਼ੌਜ ਦਾ ਨੌਰਥ ਐਗਜ਼ਿਟ ਪਲਾਨ ਘੜਨਾ ਸੀ। 

ਪਹਿਲੀ ਤਸਵੀਰ ਹਰਿਮੰਦਰ ਸਾਹਿਬ ਦੀ ਹੈ ਜਿਸ ਵਿਚ ਸਰੋਵਰ ਅਤੇ ਕੌਲਸਰ ਸਪਸ਼ਟ ਵੇਖੇ ਜਾ ਸਕਦੇ ਹਨ। ਦੂਜੀਆਂ ਤਸਵੀਰਾਂ ਵਿਚ ਗੁਰਦਵਾਰਾ ਦੂੁਖਨਿਵਾਰਨ ਸਾਹਿਬ ਪਟਿਆਲਾ, ਸਾਬੋ ਕੀ ਤਲਵੰਡੀ, ਨਾਭਾ ਸਾਹਿਬ (ਜ਼ੀਰਕਪੁਰ), ਮੰਡੀ ਗੋਬਿੰਦਗੜ੍ਹ, ਗੁਰਦਵਾਰਾ ਬਾਬਾ ਗੁਰਦਿੱਤਾ ਜੀ ਕਰਤਾਰਪੁਰ ਸਾਹਿਬ ਆਦਿ ਦੀਆਂ ਹਨ। ਉਸ ਵੇਲੇ ਹਵਾਈ ਐਂਗਲ ਤੋਂ ਖਿੱਚੀਆਂ ਇਹ ਤਸਵੀਰਾਂ ਇਥੇ ਹੱਥੋ-ਹੱਥ ਪੁੱਜੀਆਂ ਹੋਈਆਂ ਹੋਣ ਦੇ ਰੂਪ ਵਿਚ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ, ਜੋ ਕਿ ਫਿਰ ਵੀ ਕਾਫ਼ੀ ਜ਼ਿਆਦਾ ਸਪਸ਼ਟ ਹਨ। ਇਨ੍ਹਾਂ ਦੀ ਮੂਲ ਕੁਆਲਿਟੀ ਦਾ ਅੰਦਾਜ਼ਾ ਇਥੋਂ ਹੀ ਲਗਾਇਆ ਜਾ ਸਕਦਾ ਹੈ।