ਪੰਜਾਬ ਦੇ ਪਾਣੀਆਂ 'ਤੇ ਪਹਿਲਾ ਹੱਕ ਪੰਜਾਬੀਆਂ ਦਾ ਹੈ - ਤਰੁਣ ਚੁੱਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਪਾਣੀ ਐਵੇਂ ਹੀ ਪਾਕਿਸਤਾਨ ਕਿਉਂ ਜਾਵੇ, ਵਧੀਆ ਰਹੇ ਰਾਜਸਥਾਨ ਅਤੇ ਹਰਿਆਣਾ ਨੂੰ ਮਿਲੇ

exclusive interview of BJP general secretary Tarun Chugh

'ਜੇਕਰ ਪੰਜਾਬ ਕੋਲ ਲੋੜ ਤੋਂ ਵੱਧ ਪਾਣੀ ਹੋਵੇ ਤਾਂ ਦੂਜਿਆਂ ਨੂੰ ਦੇਣ ਵਿਚ ਕੋਈ ਹਰਜ਼ ਨਹੀਂ ਪਰ ਉਸ ਦੀ ਢੁੱਕਵੀਂ ਕੀਮਤ ਮਿਲਣੀ ਜ਼ਰੂਰੀ'

ਚੰਡੀਗੜ੍ਹ : ਅੱਜ ਜਿਸ ਦੌਰ ਵਿਚੋਂ ਪੰਜਾਬ ਗੁਜ਼ਰ ਰਿਹਾ ਹੈ ਅਤੇ ਜਿਹੜਾ ਮਹੀਨਾ ਚੱਲ ਰਿਹਾ ਹੈ ਉਸ ਦੌਰਾਨ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਪੰਜਾਬ ਦੇ ਹਾਲਾਤ, ਪਾਣੀਆਂ ਦੇ ਮਸਲੇ ਅਤੇ ਹੋਰ ਵੱਖ-ਵੱਖ ਮੁੱਦਿਆਂ 'ਤੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵਲੋਂ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨਾਲ ਗੱਲਬਾਤ ਕੀਤੀ ਗਈ।

ਇਸ ਮੌਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਬਾਰੇ ਬੋਲਦਿਆਂ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬਹੁਤ ਹੀ ਸਪੱਸ਼ਟ ਹੈ। ਪੰਜਾਬ ਦੇ ਪਾਣੀਆਂ 'ਤੇ ਪਹਿਲਾ ਹੱਕ ਪੰਜਾਬੀਆਂ ਦਾ ਹੈ। ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੇ 'ਤੇ ਕੋਈ ਵੀ ਦਾਗ਼ ਨਹੀਂ ਹੈ। ਪੰਜਾਬ ਦੇ ਪਾਣੀਆਂ ਲਈ ਪੰਜਾਬ ਭਾਜਪਾ ਵੀ ਉਨੀ ਹੀ ਸੰਜੀਦਾ ਹੈ ਜਿੰਨਾ ਸ਼ਾਇਦ ਹੀ ਕੋਈ ਹੋਰ ਪਾਰਟੀ ਹੋਵੇ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤਰੁਣ ਚੁੱਘ ਨੇ ਕਿਹਾ ਕਿ ਪਾਣੀਆਂ ਪਿੱਛੇ ਲੜਾਈ ਹੁੰਦੀ ਹੈ ਅਤੇ ਉਨ੍ਹਾਂ ਨੂੰ ਸੁਲਝਾਉਣ ਦੇ ਕਈ ਹੱਲ ਹਨ। ਪੰਜਾਬ ਦਾ ਪਾਣੀ ਅਜਾਈਂ ਜਾਵੇ ਉਸ ਨਾਲੋਂ ਚੰਗਾ ਹੈ ਕਿ ਉਹ ਕਿਸੇ ਦੇ ਖੇਤ ਨੂੰ ਲੱਗ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕੋਲ ਲੋੜ ਤੋਂ ਵੱਧ ਪਾਣੀ ਹੋਵੇ ਤਾਂ ਦੂਜਿਆਂ ਨੂੰ ਦੇਣ ਵਿਚ ਕੋਈ ਹਰਜ਼ ਨਹੀਂ ਹੈ ਪਰ ਪੰਜਾਬ ਦੇ ਪਾਣੀ 'ਤੇ ਪਹਿਲਾ ਹੱਕ ਪੰਜਾਬੀਆਂ ਦਾ ਹੈ।

ਜੇਕਰ ਪੰਜਾਬ ਦਾ ਪਾਣੀ ਪਾਕਿਸਤਾਨ ਵਿਚ ਜਾ ਰਿਹਾ ਹੈ ਤਾਂ ਉਸ ਤੋਂ ਚੰਗਾ ਹੋਵੇਗਾ ਕਿ ਜੇਕਰ ਉਹ ਪਾਣੀ ਰਾਜਸਥਾਨ, ਹਰਿਆਣਾ 'ਚ ਜਾਵੇ ਪਰ ਜੇਕਰ ਮੇਰੇ ਸੂਬੇ ਦੀ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਕਿਸੇ ਹੋਰ ਸੂਬੇ ਵਲੋਂ ਵਰਤੀ ਜਾਂਦੀ ਹੈ ਤਾਂ ਉਸ ਦਾ ਢੁੱਕਵਾਂ ਪੈਸਾ ਵੀ ਸੂਬੇ ਨੂੰ ਮਿਲਣਾ ਚਾਹੀਦਾ ਹੈ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਰਾਜਸਥਾਨ ਤੋਂ ਪੱਥਰ ਮੰਗਵਾ ਰਹੇ ਹਾਂ ਤਾਂ ਉਸ ਦੀ ਯੋਗ ਕੀਮਤ ਵੀ ਅਦਾ ਕੀਤੀ ਜਾ ਰਹੀ ਹੈ

ਇਸ ਤਰ੍ਹਾਂ ਹੀ ਪੰਜਾਬ ਨੂੰ ਵੀ ਪੈਸਾ ਮਿਲਣਾ ਚਾਹੀਦਾ ਹੈ। ਤਰੁਣ ਚੁੱਘ ਨੇ ਕਿਹਾ ਕਿ ਇਸ ਨੂੰ ਲਾਗੂ ਤਾਂ ਹੀ ਕੀਤਾ ਜਾ ਸਕਦਾ ਹੈ ਜਦੋਂ ਇਸ ਨੂੰ ਰਾਜਨੀਤਿਕ ਮੁੱਦਾ ਨਹੀਂ ਸਗੋਂ ਸਮਾਜਿਕ ਅਤੇ ਆਰਥਿਕ ਮੁੱਦਾ ਬਣਾਇਆ ਜਾਵੇ। ਇਸ 'ਤੇ ਹੋ ਰਹੀ ਸਿਆਸਤ ਬੰਦ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ।

ਪੂਰੀ ਇੰਟਰਵਿਊ ਸਪੋਕਸਮੈਨ TV 'ਤੇ ਦੇਖੀ ਜਾ ਸਕਦੀ ਹੈ।