ਸਿੱਧੂ ਮੂਸੇਵਾਲਾ ਮਾਮਲੇ ਦੀ ਹੋ ਸਕਦੀ ਹੈ CBI ਜਾਂ NIA ਜਾਂਚ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਤਾ ਭਰੋਸਾ
ਕਿਹਾ - ਜੇਕਰ ਪੰਜਾਬ ਸਰਕਾਰ ਸਿਫਾਰਸ਼ ਕਰੇ ਤਾਂ ਕੇਂਦਰ ਜਾਂਚ ਲਈ ਤਿਆਰ ਹੈ
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੀਬੀਆਈ ਜਾਂ ਐਨਆਈਏ ਜਾਂਚ ਹੋ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਨੂੰਨ ਵਿਵਸਥਾ ਸੂਬਾ ਸਰਕਾਰ ਦਾ ਵਿਸ਼ਾ ਹੈ। ਜੇਕਰ ਪੰਜਾਬ ਸਰਕਾਰ ਸਿਫਾਰਸ਼ ਕਰਦੀ ਹੈ ਤਾਂ ਕੇਂਦਰ ਸੀਬੀਆਈ ਜਾਂਚ ਲਈ ਤਿਆਰ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਸਰਪੰਚ ਚਰਨ ਕੌਰ ਨੇ ਕੱਲ੍ਹ ਚੰਡੀਗੜ੍ਹ ਟੈਕਨੀਕਲ ਏਅਰਪੋਰਟ ’ਤੇ ਸ਼ਾਹ ਨਾਲ ਮੁਲਾਕਾਤ ਕੀਤੀ ਸੀ।
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਪਿੰਡ ਮੂਸੇ ਵਿੱਚ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਐਨਆਈਏ ਜਾਂ ਸੀਬੀਆਈ ਜਾਂਚ ਲਈ ਪੰਜਾਬ ਸਰਕਾਰ ਦਾ ਸਹਿਮਤ ਹੋਣਾ ਜ਼ਰੂਰੀ ਹੈ। ਗ੍ਰਹਿ ਮੰਤਰੀ ਸ਼ਾਹ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ। CM ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਪਰਿਵਾਰ ਜੋ ਵੀ ਕਹੇਗਾ, ਉਹ ਕਰਨ ਨੂੰ ਤਿਆਰ ਹਨ। ਅਜਿਹੇ 'ਚ ਜੇਕਰ ਪੰਜਾਬ ਪੁਲਿਸ ਨੂੰ ਜਲਦ ਨਤੀਜਾ ਨਾ ਮਿਲਿਆ ਤਾਂ ਸੂਬਾ ਸਰਕਾਰ ਵਲੋਂ ਇਸ ਦੀ ਸਿਫਾਰਿਸ਼ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਮੂਸੇਵਾਲਾ ਦਾ 29 ਮਈ ਨੂੰ ਸ਼ਾਮ 5:30 ਵਜੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕੋਰੋਲਾ ਅਤੇ ਬੋਲੈਰੋ ਸਵਾਰ ਸ਼ਾਰਪ ਸ਼ੂਟਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਨੂੰ 7 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਕਾਤਲ ਦਾ ਪਤਾ ਨਹੀਂ ਲੱਗ ਸਕਿਆ ਹੈ। ਕੈਨੇਡਾ 'ਚ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਪਰ ਪੁਲਿਸ ਨੇ ਅਜੇ ਤੱਕ ਇਸ ਸਾਰੀ ਸਾਜ਼ਿਸ਼ ਦਾ ਖੁਲਾਸਾ ਨਹੀਂ ਕੀਤਾ ਹੈ।
ਉਧਰ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਤਲ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਵੀ ਪੱਤਰ ਲਿਖਿਆ ਹੈ। ਹਾਲਾਂਕਿ, ਹਾਈ ਕੋਰਟ ਨੇ ਜੱਜਾਂ ਦੀ ਕਮੀ ਅਤੇ ਪੈਂਡਿੰਗ ਕੇਸਾਂ ਦਾ ਹਵਾਲਾ ਦਿੰਦੇ ਹੋਏ ਇਸ ਤੋਂ ਇਨਕਾਰ ਕਰ ਦਿੱਤਾ।
ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ। ਇਸ ਦੇ ਲਈ ਪੰਜਾਬ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਐਸ.ਆਈ.ਟੀ. ਨੂੰ ਬਦਲਣਾ ਪਿਆ। ਹੁਣ ਇਸ ਮਾਮਲੇ ਦੀ ਜਾਂਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਸੌਂਪ ਦਿੱਤੀ ਗਈ ਹੈ। ਜਿਸ ਦੀ ਨਿਗਰਾਨੀ ਏਡੀਜੀਪੀ ਪ੍ਰਮੋਦ ਬਾਨ ਕਰਨਗੇ। ਇਸ ਵਿੱਚ ਪੀਏਪੀ ਦੇ ਆਈਜੀ ਜਸਕਰਨ ਸਿੰਘ ਅਤੇ ਏਜੀਟੀਐਫ ਦੇ ਏਆਈਜੀ ਗੁਰਮੀਤ ਚੌਹਾਨ ਤੋਂ ਇਲਾਵਾ ਕੁੱਲ 5 ਮੈਂਬਰ ਸ਼ਾਮਲ ਕੀਤੇ ਗਏ ਹਨ। ਹਾਲਾਂਕਿ ਅਜੇ ਤੱਕ ਪੰਜਾਬ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ ਹੈ।