ਪਟਿਆਲਾ: 5 ਸਾਲ ਤੋਂ ਕੇਂਦਰੀ ਜੇਲ੍ਹ ’ਚ ਸੇਵਾਵਾਂ ਨਿਭਾਅ ਰਹੇ ‘ਜੈਕੀ’ ਨੂੰ ਮਿਲਿਆ ਗਜ਼ਟਿਡ ਅਫ਼ਸਰ ਦਾ ਰੈਂਕ  

ਏਜੰਸੀ

ਖ਼ਬਰਾਂ, ਪੰਜਾਬ

- ਨਸ਼ੀਲੇ ਪਦਾਰਥਾਂ ਨੂੰ ਸੁੰਘ ਕੇ ਮੁਲਜ਼ਮਾਂ ਨੂੰ ਫੜਵਾਉਣ ਦੀ ਮੁਹਾਰਤ ਹੈ ਹਾਸਲ

Jackie

ਪਟਿਆਲਾ : 4 ਸਾਲ ਦਾ ਕੁੱਤਾ ਜੈਕੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ 5 ਸਾਲ ਤੋਂ ਤਾਇਨਾਤ ਹੈ। ਜੈਕੀ ਦੀ ਡਿਊਟੀ ਜੇਲ੍ਹ ਵਿਚ ਕੈਦੀਆਂ ਨਾਲ ਮੁਲਾਕਾਤ ਕਰਨ ਆਉਣ ਵਾਲੇ ਲੋਕਾਂ 'ਤੇ ਨਜ਼ਰ ਰੱਖਣਾ ਹੈ। 5 ਸਾਲ ਵਿਚ ਜੈਕੀ 30 ਮੁਲਜ਼ਮਾਂ ਨੂੰ ਫੜਵਾ ਚੁੱਕਾ ਹੈ। ਜੈਕੀ ਨੂੰ ਨਸ਼ੀਲੇ ਪਦਾਰਥਾਂ ਨੂੰ ਸੁੰਘ ਕੇ ਮੁਲਜ਼ਮਾਂ ਨੂੰ ਫੜਵਾਉਣ ਦੀ ਮੁਹਾਰਤ ਹਾਸਲ ਹੈ। ਹਾਲਾਂਕਿ ਜੇਲ੍ਹ ਦੇ ਅੰਦਰ ਪੁਲਸ ਸਟਾਫ਼ ਤਾਇਨਾਤ ਰਹਿੰਦਾ ਹੈ

ਪਰ ਉਨ੍ਹਾਂ ਤੋਂ ਇਲਾਵਾ ਜੈਕੀ ਵੀ ਆਪਣੀ ਡਿਊਟੀ ਨਿਭਾਉਂਦਾ ਹੈ। ਜੈਕੀ ਸਵੇਰੇ ਜੇਲ੍ਹ ਵਿਚ ਆਉਣ ਵਾਲੇ ਲੋਕਾਂ ਦੇ ਸਮਾਨ ਦੀ ਸੁੰਘ ਕੇ  ਚੈਕਿੰਗ ਕਰਦਾ ਹੈ। ਜੈਕੀ ਨੂੰ ਹੈਂਡਲ ਕਰਨ ਲਈ 2 ਮੁਲਾਜ਼ਮਾਂ ਦੀ ਸਪੈਸ਼ਲ ਡਿਊਟੀ ਲਗਾਈ ਗਈ ਹੈ। ਜੈਕੀ ਨੂੰ ਸਮੇਂ-ਸਮੇਂ ਅਨੁਸਾਰ ਜੇਲ੍ਹ ਤੋਂ ਬਾਹਰ ਪੁਲਸ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਮੁਹਿੰਮ ਵਿਚ ਵੀ ਲਿਜਾਇਆ ਜਾਂਦਾ ਹੈ।

ਜੈਕੀ ਨੂੰ ਡਰਾਈਵਰ, ਹੈਂਡਲਰ ਤੇ ਹੈਲਪਰ ਦਿੱਤਾ ਗਿਆ ਹੈ। ਹੈਂਡਲਰ ਅਮਰੀਕ ਸਿੰਘ, ਗੁਰਚੇਤ ਸਿੰਘ ਨੇ ਦੱਸਿਆ ਕਿ 2019 ਵਿਚ ਜੈਕੀ ਦੀ ਡਿਊਟੀ ਜੇਲ੍ਹ ਵਿਚ ਲਗਾਈ ਗਈ ਸੀ। ਉਸ ਨੂੰ ਰੋਜ਼ਾਨਾ 1 ਕਿੱਲੋ ਦੁੱਧ, 700 ਗ੍ਰਾਮ ਫੀਡ ਦਿੱਤੀ ਜਾਂਦੀ ਹੈ। ਸਰਦੀਆਂ ਵਿਚ 2 ਅੰਡੇ ਦਿੱਤੇ ਜਾਂਦੇ ਹਨ। ਜੈਕੀ ਸ਼ਾਮ 2 ਘੰਟੇ ਪਾਰਕ ਵਿਚ ਖੇਡਦਾ ਹੈ। ਜੈਕੀ ਦੀ ਟ੍ਰੇਨਿੰਗ ਪੰਜਾਬ ਹੋਮਗਾਰਡ ਕੈਨੀ ਟ੍ਰੇਨਿੰਗ ਐਂਡ ਬ੍ਰਿਡਿੰਗ ਇੰਸਟੀਚਿਊਟ ਡੇਰਾਬੱਸੀ ਤੋਂ ਹੋਈ ਸੀ। ਅਜਿਹੀ ਨੌਕਰੀ ਕਰਨ ਵਾਲਾ ਡਾਗ ਗਜ਼ਟਿਡ ਅਫਸਰ ਹੁੰਦਾ ਹੈ। ਉਸ ਨੂੰ 26 ਜਨਵਰੀ ਤੇ 15 ਅਗਸਤ ਨੂੰ ਸਰਚ ਲਈ ਬਾਹਰ ਵੀ ਲਿਜਾਇਆ ਜਾਂਦਾ ਹੈ।