ਨਸ਼ਾ ਤਸਕਰ ਦੇ ਬੱਚੇ ਨੂੰ ਸਕੂਲ 'ਚ ਦਾਖਲਾ ਨਹੀਂ ਦੇਣਗੇ ਮਾਨਸਾ ਦੇ ਪ੍ਰਾਈਵੇਟ ਸਕੂਲ  

ਏਜੰਸੀ

ਖ਼ਬਰਾਂ, ਪੰਜਾਬ

- ਸਕੂਲ ਕਮੇਟੀ ਆਪਣੇ ਪੱਧਰ 'ਤੇ ਨਸ਼ਾ ਤਸਕਰ ਦੀ ਕਰੇਗੀ ਜਾਂਚ

Photo

ਮਾਨਸਾ : ਜ਼ਿਲ੍ਹਾ ਮਾਨਸਾ ਦੇ ਪ੍ਰਾਈਵੇਟ ਸਕੂਲਾਂ ਨੇ ਇਹ ਫ਼ੈਸਲਾ ਲਿਆ ਹੈ ਕਿ ਕਿਸੇ ਵੀ ਨਸ਼ਾ ਤਸਕਰ ਦੇ ਬੱਚੇ ਨੂੰ ਸਕੂਲਾਂ ਵਿਚ ਦਾਖਲਾ ਨਹੀਂ ਦਿੱਤਾ ਜਾਵੇਗਾ। 
ਮਾਨਸਾ ਦੀ ਪ੍ਰਾਈਵੇਟ ਸਕੂਲ ਸੰਸਥਾ ‘ਪ੍ਰਾਈਵੇਟ ਸਕੂਲ ਯੂਨੀਅਨ’ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਵਿਚ ਇਕ ਹੰਗਾਮੀ ਬੈਠਕ ਹੋਈ ਤੇ ਇਸ ਦੌਰਾਨ ਯੂਨੀਅਨ ਨੇ ਨਸ਼ੇ ਦੀ ਭਾਰੀ ਵਿਕਰੀ ਅਤੇ ਨਸ਼ੇ ਦੀ ਗ੍ਰਿਫ਼ਤ ਵਿਚ ਆ ਰਹੀ ਨੌਜਵਾਨ ਪੀੜ੍ਹੀ ਲਈ ਚਿੰਤਾ ਪ੍ਰਗਟ ਕੀਤੀ।

ਬੈਠਕ ਵਿਚ ਫ਼ੈਸਲਾ ਲਿਆ ਗਿਆ ਕਿ  ਨਸ਼ਾ ਵੇਚ ਕੇ ਲੋਕਾਂ ਦੇ ਧੀਆਂ-ਪੁੱਤਾਂ ਨੂੰ ਬਰਬਾਦ ਕਰਨ ਵਾਲੇ ਤਸਕਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਥੇ ਇਹ ਵੀ ਐਲਾਨ ਕੀਤਾ ਗਿਆ ਕਿ ਨਸ਼ੇ ਦੀ ਵਿਕਰੀ ਵਿਚ ਸ਼ਾਮਲ ਲੋਕਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਦਾਖਲਾ ਨਹੀਂ ਦਿੱਤਾ ਜਾਵੇਗਾ ਅਤੇ ਪ੍ਰਾਈਵੇਟ ਸਕੂਲ ਵਿਚ ਪੜ੍ਹਨ ਵਾਲੇ ਨਸ਼ਾ ਵੇਚਣ ਵਾਲਿਆਂ ਦੇ ਬੱਚਿਆਂ ਦਾ ਨਾਮ ਕੱਟ ਦਿੱਤਾ ਜਾਵੇਗਾ। 

ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਨਸ਼ਾ ਵੇਚਣ ਤੋਂ ਰੋਕਣ ਦੀ ਅਪੀਲ ਕੀਤੀ ਜਾਵੇਗੀ। ਜੇ ਗੁਪਤ ਰੂਪ ਵਿਚ ਵੀ ਨਸ਼ਾ ਵੇਚਣ ਦਾ ਧੰਦਾ ਜਾਰੀ ਰੱਖਿਆ ਗਿਆ ਤਾਂ ਸਕੂਲ 15 ਦਿਨ ਦਾ ਨੋਟਿਸ ਦੇ ਕੇ ਵਿਦਿਆਰਥੀ ਦਾ ਨਾਮ ਕੱਟ ਦੇਵੇਗਾ। ਉਹਨਾਂ ਵੱਲੋਂ ਸਮਾਜਸੇਵੀ ਸੰਗਠਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਨਸ਼ਾ ਤਸਕਰਾਂ ਨਾਲ ਸੰਬੰਧਤ ਸਕੂਲਾਂ ਨੂੰ ਲਿਖਤ ਰੂਪ ਵਿਚ ਸੂਚਿਤ ਕੀਤਾ ਜਾਵੇ ਜਿਸ ਵਿਚ ਅਸਮਾਜਿਕ ਲੋਕਾਂ ਦੇ ਬੱਚੇ ਪੜ੍ਹਦੇ ਹਨ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।  

ਇਸ ਸਬੰਧੀ ਲਿਬਰੇਸ਼ਨ ਪਾਰਟੀ ਦੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਬੱਚਿਆਂ ਨੂੰ ਬਰਬਾਦ ਕਰਨ ਵਾਲਿਆਂ ਦੀ ਹੁਣ ਨੀਂਦ ਖੁੱਲ੍ਹੇਗੀ। ਜੇ ਫਿਰ ਵੀ ਉਹ ਨਹੀਂ ਸੁਧਰਣਗੇ ਤਾਂ ਉਨ੍ਹਾਂ ਦੇ ਬੱਚੇ ਵੀ ਬਰਬਾਦ ਹੋਣਗੇ।