ਭਰਵੀਂ ਬਾਰਸ਼ ਨਾਲ ਬਠਿੰਡਾ ਸ਼ਹਿਰ ਹੋਇਆ ਜਲ-ਥਲ ਪਾਣੀ 'ਚ ਡੋਬਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ ਆਈ ਤੇਜ ਬਾਰਸ਼ ਨੇ ਬਠਿੰਡਾ ਨੂੰ ਪਾਣੀ 'ਚ ਡੋਬ ਦਿੱਤਾ। ਬੀਤੀ ਅੱਧੀ ਰਾਤ ਤੋਂ ਤੇਜ ਹਨੇਰੀ ਦੇ ਨਾਲ ਅੱਜ ਸਵੇਰ ਤੱਕ ਆਈ ਮੂਸਲੇਧਾਰ ਬਾਰਸ਼ ਨੇ ਸ਼ਹਿਰ...

Road Filled With Rain Water

ਬਠਿੰਡਾ,  ਬੀਤੀ ਰਾਤ ਆਈ ਤੇਜ ਬਾਰਸ਼ ਨੇ ਬਠਿੰਡਾ ਨੂੰ ਪਾਣੀ 'ਚ ਡੋਬ ਦਿੱਤਾ। ਬੀਤੀ ਅੱਧੀ ਰਾਤ ਤੋਂ ਤੇਜ ਹਨੇਰੀ ਦੇ ਨਾਲ ਅੱਜ ਸਵੇਰ ਤੱਕ ਆਈ ਮੂਸਲੇਧਾਰ ਬਾਰਸ਼ ਨੇ ਸ਼ਹਿਰ ਦੇ ਜਿਆਦਾਤਰ ਹਿੱਸਿਆਂ ਨੂੰ ਜਲਥਲ ਕਰ ਦਿਤਾ। ਬਠਿੰਡਾ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਆਈ.ਜੀ, ਜ਼ਿਲ੍ਹਾ ਤੇ ਸੈਸ਼ਨ ਜੱਜ, ਡਿਪਟੀ ਕਮਿਸ਼ਨਰ, ਐਸ.ਐਸ.ਪੀ ਆਦਿ ਅਧਿਕਾਰੀਆਂ ਦੀ ਰਿਹਾਇਸ਼ਾਂ ਤੋਂ ਚਾਰੇ ਪਾਸੇ ਪਾਣੀ ਖ਼ੜਨ ਕਾਰਨ ਟਾਪੂ ਦਾ ਰੂਪ ਧਾਰਨ ਕਰ ਗਈਆਂ।

ਇਸੇ ਤਰ੍ਹਾਂ ਜ਼ਿਲ੍ਹਾ ਕਚਿਹਰੀਆਂ ਤੇ ਮਿੰਨੀ ਸਕੱਤਰੇਤ ਵੀ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰ ਗਏ। ਜਿਸ ਕਾਰਨ ਇੱਥੇ ਆਉਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਸਾਰਾ ਦਿਨ ਸ਼ਹਿਰ ਵਿਚ ਟਰੈਫ਼ਿਕ ਜਾਮ ਹੁੰਦਾ ਰਿਹਾ। ਮੌਸਮ ਵਿਭਾਗ ਵਲੋਂ 43 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ।

ਬਾਰਸ਼ ਕਾਰਨ ਸ਼ਹਿਰ ਦੇ ਪਾਵਰ ਹਾਊਸ ਰੋਡ, ਸਿਵਲ ਲਾਈਨ, ਸਿਰਕੀ ਬਜ਼ਾਰ, ਮਾਲ ਰੋਡ, ਪਰਸਾਰਾਮ ਨਗਰ ਮੇਨ ਰੋਡ, ਮਾਤਾ ਰਾਣੀ ਵਾਲੀ ਗਲੀ, 100 ਫੁੱਟੀ ਰੋਡ, ਧੋਬੀਆਣਾ ਰੋਡ ਤੋਂ ਇਲਾਵਾ ਸ਼ਹਿਰ ਦੇ ਕਈ ਹੋਰ ਹਿੱਸਿਆਂ ਵਿਚ ਕਈ-ਕਈ ਫੁੱਟ ਪਾਣੀ ਖ਼ੜਾ ਹੋ ਗਿਆ। ਜਿਸਦੇ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਵਰ ਹਾਊਸ ਰੋਡ ਅਤੇ ਮਾਲ ਰੋਡ ਆਦਿ ਖੇਤਰਾਂ ਵਿਚ ਕਈ ਨਾਮੀ ਹਸਪਤਾਲ ਹੋਣ ਕਾਰਨ ਦਾਖ਼ਲ ਹੋਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਨੇੜਲੇ ਵੀ ਫ਼ਸੇ ਰਹੇ। ਬਾਰਸ਼ ਕਾਰਨ ਪਾਣੀ ਭਰਨ ਦੇ ਚੱਲਦੇ ਆਟੋਰਿਕਸ਼ਾ ਤੇ ਟੈਂਪੂ ਚਾਲਕਾਂ ਦੀ ਅੱਜ ਸਾਰਾ ਦਿਨ ਚਾਂਦੀ ਬਣੀ ਰਹੀ। 

ਹਾਲਾਂਕਿ ਪਿਛਲੇ ਦਿਨਾਂ 'ਚ ਛੱਪੜਾਂ ਅਤੇ ਸੀਵਰ ਦੀ ਸਫ਼ਾਈ ਕਾਰਨ ਦਾ ਦਾਅਵਾ ਕੀਤਾ ਗਿਆ ਸੀ, ਜਿਸਦੇ ਨਾਲ ਪਾਣੀ ਦੀ ਨਿਕਾਸੀ ਜਲਦੀ ਸੰਭਵ ਹੋਣੀ ਸੀ ਪ੍ਰੰਤੂ ਅੱਜ ਬਾਰਸ਼ ਨੇ ਨਿਗਮ ਅਧਿਕਾਰੀਆਂ ਦੀ ਇਹ ਵੀ ਪੋਲ ਖੋਲ ਦਿੱਤੀ। ਨਿਗਮ ਅਧਿਕਾਰੀਆਂ ਮੁਤਾਬਕ ਸ਼ਹਿਰ 'ਚ ਲੱਗੀਆਂ 17 ਮੋਟਰਾਂ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ ਪ੍ਰੰਤੂ ਪਾਣੀ ਜਿਆਦਾ ਹੋਣ ਕਾਰਨ ਨਿਕਾਸੀ ਨੂੰ ਹਾਲੇ ਕੁੱਝ ਸਮਾਂ ਲੱਗਣਾ ਹੈ। ਉਧਰ ਮੌਸਮ ਵਿਭਾਗ ਦੇ ਮਾਹਰਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਭਾਰੀ ਬਾਰਸ਼ ਹੋ ਸਕਦੀ ਹੈ।  

ਦੂਜੇ ਪਾਸੇ ਇਸ ਬਾਰਸ਼ ਨੇ ਫ਼ਸਲਾਂ ਲਈ ਘਿਓ ਦਾ ਕੰਮ ਕੀਤਾ ਹੈ। ਧਰਤੀ ਹੇਠਲਾਂ ਪਾਣੀ ਮਾੜਾ ਹੋਣ ਕਾਰਨ ਮੋੜ ਅਤੇ ਤਲਵੰਡੀ ਸਾਬੋ ਦੇ ਕਈ ਪਿੰਡਾਂ 'ਚ ਸੈਕੜੇ ਏਕੜ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਾਦਿੱਤਾ ਸਿੰਘ ਸਿੱਧੂ ਮੁਤਾਬਕ ਇਸ ਤੇਜ ਬਾਰਸ਼ ਕਾਰਨ ਧਰਤੀ ਦੇ ਉਪਰ ਆਏ ਲੂਣੀ ਤੱਤ ਹੇਠਾਂ ਚਲੇ ਗਏ। ਉਨ੍ਹਾਂ ਦਸਿਆ ਕਿ ਇਹ ਬਾਰਸ਼ ਸਾਰੀਆਂ ਹੀ ਫ਼ਸਲਾਂ ਲਈ ਲਾਹੇਵੰਦ ਹੈ। ਦਸਣਾ ਬਣਦਾ ਹੈ ਕਿ ਮਾਨਸੂਨ ਸ਼ੁਰੂ ਹੋਣ ਕਾਰਨ ਬਿਜਲੀ ਦੀ ਮੰਗ ਵੀ ਘਟ ਗਈ ਹੈ। ਕਿਸਾਨਾਂ ਵਲੋਂ ਝੋਨੇ ਦੀ ਫ਼ਸਲ 'ਚ ਪਾਣੀ ਦੀ ਜਰੂਰਤ ਲਈ ਮੋਟਰਾਂ ਵੀ ਬੰਦ ਕਰ ਦਿੱਤੀਆਂ ਹਨ।