'ਫ਼ੈਂਟਾਨਾਈਲ' ਨੂੰ ਵਰਤਿਆ ਜਾ ਰਿਹੈ ਸਸਤੇ 'ਰਸਾਇਣਕ ਹਥਿਆਰ' ਵਜੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਮਹੀਨੇ ਵਿਚ ਦੋ ਦਰਜਨ ਤੋਂ ਵੱਧ ਨੌਜਵਾਨਾਂ ਦੀ ਮੌਤ ਤੋਂ ਬਾਅਦ ਜੁਲਾਈ ਵਿਚ ਵੀ 'ਓਵਰਡੋਜ਼' ਕਾਰਨ ਪੰਜਾਬੀ ਨੌਜਵਾਨਾ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ........

Drugs

ਜਲੰਧਰ  : ਪਿਛਲੇ ਮਹੀਨੇ ਵਿਚ ਦੋ ਦਰਜਨ ਤੋਂ ਵੱਧ ਨੌਜਵਾਨਾਂ ਦੀ ਮੌਤ ਤੋਂ ਬਾਅਦ ਜੁਲਾਈ ਵਿਚ ਵੀ 'ਓਵਰਡੋਜ਼' ਕਾਰਨ ਪੰਜਾਬੀ ਨੌਜਵਾਨਾ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਬੰਧੀ ਖੁਫੀਆ ਏਜੰਸੀਆਂ ਦੇ ਸੂਤਰਾਂ ਦੀ ਮੰਨੀਏਂ ਤਾਂ ਇਸ ਪਿੱਛੇ ਇਕ ਬਹੁਤ ਵੱਡੀ ਕੌਮਾਂਤਰੀ ਸਾਜਿਸ਼ ਕੰਮ ਕਰ ਰਹੀ ਹੈ।
ਖੁਫੀਆ ਏਜੰਸੀਆਂ ਦੇ ਸੂਤਰਾਂ ਅਨੁਸਾਰ ਨਸ਼ਿਆਂ ਨਾਲ ਮੌਤਾਂ ਪਿੱਛੇ ਪਾਕਿਸਤਾਨ ਅਧਾਰਤ ਖ਼ਤਰਨਾਕ ਮਨਸੂਬਿਆਂ ਵਾਲੀ ਏਜੰਸੀ ਆਈਐੱਸਆਈ. ਦੀ ਵੱਡੀ ਸਾਜ਼ਿਸ਼ ਹੈ। ਦਸਿਆ ਜਾ ਰਿਹਾ ਹੈ ।

ਕਿ ਜੰਮੂ ਕਸ਼ਮੀਰ ਵਿਚ ਲਗਾਤਾਰ ਪਾਕਿਸਤਾਨ ਹਿਮਾਇਤੀ ਅੱਤਵਾਦੀਆਂ ਨੂੰ ਭਾਰਤੀ ਫੌਜਾਂ ਵਲੋਂ ਦੋਜ਼ਖ਼ ਦਾ ਰਸਤਾ ਦਿਖਾਏ ਜਾਣ ਤੋਂ ਬੌਖਲਾਈ ਹੋਈ ਆਈਐਸਆਈ ਹੁਣ ਪੰਜਾਬ ਵਿਚ ਵੀ ਮੁੜ ਤੋਂ ਵੱਖਵਾਦ ਨੂੰ ਹਵਾ ਦੇਣ ਦੇ ਲਗਾਤਾਰ ਉਪਰਾਲੇ ਕਰ ਰਹੀ ਹੈ। ਪਰ ਉਸ ਵਿਚ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿਚ ਕੋਈ ਖਾਸ ਸਫਲਤਾ ਨਹੀਂ ਮਿਲ ਰਹੀ। ਇਸ ਲਈ ਆਈਐਸਆਈ ਨੇ ਹੁਣ ਪੰਜਾਬ ਵਿਚ ਨਸ਼ਿਆਂ 'ਚ ਮਿਲਾਵਟ ਦਾ ਜ਼ਹਿਰ ਭਰ ਕੇ ਪੰਜਾਬੀ ਨੌਜਵਾਨਾ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ ਹੋਈ ਹੈ।  

ਦਸਿਆ ਜਾ ਰਿਹਾ ਹੈ ਕਿ ਕੌਮਾਂਤਰੀ ਪੱਧਰ 'ਤੇ ਹਰ ਮੋਰਚੇ 'ਤੇ ਮੂੰਹ ਦੀ ਖਾਣ ਲਈ ਮਜ਼ਬੂਰ ਹੋ ਚੁੱਕਾ ਪਾਕਿਸਤਾਨ ਹੁਣ ਭਾਰਤ ਵਿਚ 'ਰਸਾਇਣਿਕ ਅੱਤਵਾਦ' ਫੈਲਾਉਣ ਦੀ ਸਾਜਿਸ਼ ਘੜ ਚੁੱਕਾ ਹੈ ਜਿਸ ਤਹਿਤ ਆਈ. ਐੱਸ. ਆਈ. ਪੰਜਾਬ ਸਰਕਾਰ ਵਲੋਂ ਚਿੱਟੇ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤੀ ਨੇ  ਇਹ ਰਸਾਇਣਿਕ ਹਥਿਆਰ ਵਰਤਣ ਲਈ ਮੌਕਾ ਮੁਹੱਈਆ ਕਰਵਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਪਾਕਿਸਤਾਨੀ ਏਜੰਸੀ ਨੇ 50 ਤੋਂ ਵਧੇਰੇ ਵੱਡੇ ਪਾਕਿ ਸਮਗਲਰਾਂ ਨੂੰ ਵੀ ਪਾਕਿ-ਅਫਗਾਨਿਸਤਾਨ ਸਰਹੱਦ ਤੋਂ ਹਟਾ ਕੇ ਭਾਰਤ-ਪਾਕਿ ਸਰਹੱਦ 'ਤੇ ਸਰਗਰਮ ਕਰ ਦਿਤਾ ਹੈ।

ਸੂਤਰਾਂ ਅਨੁਸਾਰ ਕਸੂਰ, ਲਹੌਰ ਆਦਿ ਨਾਲ ਸਬੰਧਤ ਵੱਡੇ ਸਮਗਲਰ ਹੁਣ ਪੰਜਾਬ ਦੀ ਨਸਲ ਨੂੰ ਖਰਾਬ ਕਰਨ ਦੀ ਖੇਡ ਖੇਡ ਰਹੇ ਹਨ ਜਿਸ ਤਹਿਤ ਪਿਛਲੇ ਕੁਝ ਸਮੇਂ ਤੋਂ ਸਰਹੱਦ ਪਾਰ ਤੋਂ ਜਾਣਬੁੱਝ ਕੇ ਮਿਲਾਵਟੀ ਸਪਲਾਈ ਭੇਜੀ ਜਾ ਰਹੀ ਹੈ। ਉਸ ਦੀ ਕੀਮਤ ਵੀ ਘੱਟ ਹੈ ਪਰ ਅਸਰ ਤੇਜ਼। ਪੰਜਾਬ ਦੇ ਜਿਨ੍ਹਾਂ ਖੇਤਰਾਂ ਵਿਚ ਵਧੇਰੇ ਮੌਤਾਂ ਹੋਈਆਂ ਹਨ ਉਨ੍ਹਾਂ ਵਿਚ 300 ਰੁਪਏ 'ਚ ਮਿਲਣ ਵਾਲੀਆਂ ਪੁੜੀਆਂ ਦੀ ਗੱਲ ਸਾਹਮਣੇ ਆ ਰਹੀ ਹੈ। ਖੁਫੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ।

ਕਿ ਕੌਮਾਂਤਰੀ ਬਾਜ਼ਾਰ ਵਿਚ ਹੈਰੋਇਨ ਦੀ ਕੀਮਤ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਉਸ ਨਾਲੋਂ ਵੀ ਤੇਜ਼ ਨਸ਼ੇ ਵਾਲਾ ਪਦਾਰਥ ਸਿਰਫ 300 ਰੁਪਏ ਪ੍ਰਤੀ ਪੁੜੀ ਪੰਜਾਬੀ ਨੌਜਵਾਨਾਂ ਨੂੰ ਕਿਸ ਮਕਸਦ ਨਾਲ ਵੇਚਿਆ ਜਾ ਰਿਹਾ ਹੈ। ਜਾਂਚ ਵਿਚ ਲੱਗੀਆਂ ਏਜੰਸੀਆਂ ਅਨੁਸਾਰ ਅਜਿਹੇ ਫੋਨ ਵੀ ਟੈਪ ਹੋਏ ਹਨ, ਜਿਨ੍ਹਾਂ ਵਿਚ ''ਨਮਕ ਵਿਚ 'ਚੀਨੀ ਨਮਕ'' ਮਿਲੇ ਹੋਣ ਅਤੇ ਜ਼ਿਆਦਾ ਅਸਰਕਾਰਕ ਹੋਣ ਦੀ ਗੱਲ ਆਖੀ ਗਈ ਹੈ।

ਕੁਝ ਸਮਗਲਰਾਂ ਵਲੋਂ ਇੱਥੇ ਹੀ ਇਸ ਵਿਚ ਮਿਲਾਵਟ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪਰ ਵਧੇਰੇ ਮਾਲ ਬਾਹਰ ਤੋਂ ਹੀ ਮਿਲਾ ਕੇ ਭੇਜਿਆ ਜਾ ਰਿਹਾ ਹੈ। 'ਫ਼ੈਂਟਾਨਾਈਲ' ਸਭ ਤੋਂ ਵੱਧ ਚੀਨ ਵਿਚ ਤਿਆਰ ਹੁੰਦਾ ਹੈ ਅਤੇ ਕਦੇ ਇਸ ਦੀ ਸਪਲਾਈ ਅਮਰੀਕਾ ਵਿਚ ਸਭ ਤੋਂ ਵੱਧ ਹੁੰਦੀ ਸੀ। ਅਮਰੀਕਾ ਵਿਚ ਸਾਲ 2017 ਦੌਰਾਨ ਸਭ ਤੋਂ ਵੱਧ ਮੌਤਾਂ ਪਿੱਛੇ ਫ਼ੈਂਟਾਨਾਈਲ ਦਾ ਹੋਣਾ ਹੀ ਦੱਸਿਆ ਜਾ ਰਿਹਾ ਹੈ।