ਸੂਬੇ 'ਚ ਕੋਈ ਵੀ ਲੋੜਵੰਦ ਭਲਾਈ ਸਕੀਮਾਂ ਤੋਂ ਵਾਂਝਾ ਨਹੀਂ ਰਹੇਗਾ: ਵਿਜੇਇੰਦਰ ਸਿੰਗਲਾ
ਪੰਜਾਬ ਸਰਕਾਰ ਸੂਬੇ ਦੇ ਲੋੜਵੰਦ ਲੋਕਾਂ ਨੂੰ ਬਿਨ੍ਹਾਂ ਕਿਸੇ ਪੱਖਪਾਤ ਤੋਂ ਲੋੜ ਦੇ ਅਧਾਰ 'ਤੇ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ........
ਭਵਾਨੀਗੜ੍ਹ : ਪੰਜਾਬ ਸਰਕਾਰ ਸੂਬੇ ਦੇ ਲੋੜਵੰਦ ਲੋਕਾਂ ਨੂੰ ਬਿਨ੍ਹਾਂ ਕਿਸੇ ਪੱਖਪਾਤ ਤੋਂ ਲੋੜ ਦੇ ਅਧਾਰ 'ਤੇ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਲੋੜਵੰਦ ਪਰਵਾਰ ਨੂੰ ਰਾਜ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਅਣਗੌਲਿਆ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਭਵਾਨੀਗੜ੍ਹ ਖੇਡ ਸਟੇਡੀਅਮ ਵਿਖੇ ਅੰਗਹੀਣ ਵਿਅਕਤੀਆਂ ਦੇ ਸਰਟੀਫਿਕੇਟ ਬਣਾਉਣ ਲਈ ਲਗਾਏ ਵਿਸ਼ੇਸ਼ ਕੈਂਪ ਦੌਰਾਨ ਕੀਤਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਕਿਸੇ ਵੀ ਲੋੜਵੰਦ ਅੰਗਹੀਣ, ਵਿਧਵਾ, ਬਜ਼ੁਰਗਾਂ ਅਤੇ ਆਸ਼ਰਿਤਾਂ ਨੂੰ ਪੈਨਸ਼ਨ ਸਕੀਮ ਤੋਂ ਵਾਂਝਾਂ ਨਹੀ ਰਹਿਣ ਦਿਤਾ ਜਾਵੇਗਾ। ਉਨ੍ਹਾਂ ਕੈਂਪ ਦੌਰਾਨ ਅੰਗਹੀਣ ਸਰਟੀਫਿਕੇਟ ਬਣਾਉਣ ਲਈ ਪਹੁੰਚੀਆਂ ਡਾਕਟਰਾਂ ਦੀਆਂ ਟੀਮਾਂ ਨੂੰ ਬਿਲਕੁੱਲ ਤੱਥਾਂ ਦੇ ਆਧਾਰ 'ਤੇ ਸਰਟੀਫ਼ਿਕੇਟ ਜਾਰੀ ਕਰਨ ਦੇ ਆਦੇਸ਼ ਦਿਤੇ ਤਾਂ ਜੋ ਕੋਈ ਜਰੂਰਤਮੰਦ ਵਿਅਕਤੀ ਪੈਨਸ਼ਨ ਸਕੀਮ ਦਾ ਲਾਭ ਲੈਣ ਤੋਂ ਰਹਿ ਨਾ ਜਾਵੇ। ਸ੍ਰੀ ਸਿੰਗਲਾ ਨੇ ਕੈਂਪ 'ਚ ਅੰਗਹੀਣ ਵਿਅਕਤੀਆਂ ਨੂੰ ਮੌਕੇ 'ਤੇ 300 ਤੋਂ ਵੱਧ ਸਰਟੀਫਿਕੇਟਾਂ ਦੀ ਵੰਡ ਕੀਤੀ।
ਉਨ੍ਹਾਂ ਇਸ ਤੋਂ ਪਹਿਲਾ ਵਿਧਵਾ, ਬੁਢਾਪਾ ਅਤੇ ਆਸ਼ਰਿਤ ਬੱਚਿਆਂ ਨੂੰ ਨਵੀਂਆਂ ਪੈਨਸ਼ਨਾਂ ਸਬੰਧੀ ਦਸਤਾਵੇਜ਼ ਸੌਂਪੇ। ਕੈਂਪ ਦੌਰਾਨ ਮੌਕੇ 'ਤੇ ਹੱਡੀਆਂ, ਅੱਖ, ਨੱਕ, ਗਲੇ ਦੇ ਰੋਗਾਂ, ਬੱਚਿਆਂ ਦੇ ਜਮਾਂਦਰੂ ਰੋਗਾਂ ਆਦਿ ਕਾਰਨ ਅੰਗਹੀਣ ਹੋਏ ਵਿਅਕਤੀਆਂ ਦੇ ਸਰਟੀਫਿਕੇਟ ਡਾਕਟਰੀ ਟੀਮਾਂ ਵੱਲੋਂ ਬਣਵਾਏ ਗਏ ਅਤੇ ਮੌਕੇ 'ਤੇ ਅਧਿਕਾਰੀਆਂ ਵੱਲੋਂ ਪੈਨਸ਼ਨ ਸਬੰਧੀ ਦਸਤਾਵੇਜ਼ ਭਰੇ ਗਏ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਕਾਸ ਅਤੇ ਸਹੂਲਤਾਂ ਪੱਖੋਂ ਹਲਕਾ ਸੰਗਰੂਰ ਨੂੰ ਪੰਜਾਬ ਦਾ ਮੋਹਰੀ ਹਲਕਾ ਬਣਾ ਦਿਤਾ ਜਾਵੇਗਾ।
ਇਸ ਮੌਕੇ ਕਪਿਲ ਗਰਗ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਵਿਪਨ ਸ਼ਰਮਾ, ਮਹੇਸ ਵਰਮਾ, ਰਾਂਝਾ ਸਿੰਘ, ਜਗਤਾਰ ਨਮਾਦਾ, ਬੰਟੀ ਗਰਗ, ਕੁਲਵਿੰਦਰ ਮਾਝਾ, ਨਰਿੰਦਰ ਸਲਦੀ, ਮੰਗਤ ਸ਼ਰਮਾ, ਸੰਜੂ ਵਰਮਾ, ਪ੍ਰਦੀਪ ਕੱਦ, ਹਰਜੀਤ ਬਖੋਪੀਰ, ਡਾ. ਮਨਜੀਤ ਸਿੰਘ ਸਿਵਲ ਸਰਜਨ ਸੰਗਰੂਰ, ਐਸਐਮਓ ਡਾ. ਜਤਿੰਦਰ ਸਿੰਘ, ਸੁਖਮਹਿੰਦਰਪਾਲ ਸਿੰਘ ਤੂਰ ਵੀ ਹਾਜ਼ਰ ਸਨ।