ਨਸ਼ਿਆਂ ਵਿਰੁਧ ਫਾਂਸੀ ਦੀ ਸਜ਼ਾ ਦਾ ਮਤਾ ਤੇ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ਦੀ ਬੋਲੀ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਿੱਟੇ ਦਾ ਤੂਫਾਨ ਐਨਾ ਬਾਹਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ' ਸ਼ਾਇਦ ਅੱਜ ਇਹਨਾਂ ਸਤਰਾਂ ਨੂੰ ਪੰਜਾਬ 'ਚ ਵਸਣ ਵਾਲਾ ਹਰ ਪੰਜਾਬੀ ਗਾਉਂਦਾ ਹੋਵੇਗਾ ...

Nachattar Singh Sidhu

ਭਗਤਾ ਭਾਈ ਕਾ, ਚਿੱਟੇ ਦਾ ਤੂਫਾਨ ਐਨਾ ਬਾਹਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ' ਸ਼ਾਇਦ ਅੱਜ ਇਹਨਾਂ ਸਤਰਾਂ ਨੂੰ ਪੰਜਾਬ 'ਚ ਵਸਣ ਵਾਲਾ ਹਰ ਪੰਜਾਬੀ ਗਾਉਂਦਾ ਹੋਵੇਗਾ ਕਿਉਂਕਿ ਆਏ ਦਿਨ ਚਿੱਟੇ ਵਰਗੇ ਭਿਆਨਕ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਪੰਜਾਬ ਦੀ ਸੋਨੇ ਵਾਂਗ ਚਮਕਣ ਵਾਲੀ ਜਵਾਨੀ ਅਲੋਪ ਹੁੰਦੀਂ ਜਾ ਰਹੀ ਹੈ। ਜੇਕਰ ਗੱਲ ਇਸ ਨਸ਼ੇ ਦੀ ਸਪਲਾਈ ਦੀ ਕੀਤੀ ਜਾਵੇ ਤਾਂ ਇਹ ਨਸ਼ਾ ਕੋਈ ਅੱਜ ਕੱਲ ਨਹੀਂ ਸਗੋਂ ਪਿਛਲੇ ਕਈ ਵਰਿਆਂ ਤੋਂ ਚੱਲਦਾ ਆ ਰਿਹਾ ਹੈ ਫਰਕ ਸਿਰਫ ਇੰਨਾ ਹੈ ਕਿ ਸਿਥੈਂਟਿਕ ਨਸ਼ੇ ਦੀ ਥਾਂ ਹੁਣ ਚਿੱਟੇ ਵਰਗੇ ਭਿਆਨਕ ਨਸ਼ਿਆਂ ਨੇ ਲੈ ਲਈ ਹੈ।

ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਨਸ਼ਿਆਂ ਨੂੰ ਰੋਕਣ ਲਈ ਸਖਤੀ ਤਾਂ ਭਾਵੇਂ ਹੀ ਬਹੁਤ ਕੀਤੀ ਜਾਂਦੀ ਹੈ ਪਰ ਉਹ ਸਖਤੀ ਸਿਰਫ ਕਾਗਜਾਂ ਨੂੰ ਕਾਲੇ ਕਰਨ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਪਰ ਪ੍ਰੈਕਟੀਕਲ ਤੌਰ ਪਰ ਸਖਤੀ ਦਾ ਕੋਈ ਅਸਰ ਨਹੀਂ ਹੁੰਦਾਂ, ਜਿਸਦਾ ਖੁਮਿਆਜਾ ਅੱਜ ਸਾਰਾ ਪੰਜਾਬ ਭੁਗਤ ਰਿਹਾ ਹੈ।ਆਏ ਦਿਨ ਹੋ ਰਹੀਆਂ ਨੋਜੁਆਨਾਂ ਦੀਆਂ ਮੌਤਾਂ ਅਤੇ ਨਸ਼ਿਆਂ ਦੇ ਮਾਮਲਿਆਂ ਵਿੱਚ ਸਾਹਮਣੇ ਆ ਰਹੀ ਪੁਲਿਸ ਦੀ ਭੂਮਿਕਾ ਨੇ ਜਿੱਥੇ ਸੂਬੇ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ,ਉਥੇ ਹੀ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਮੰਤਰੀ ਮੰਡਲ ਵਿਚ ਸਰਕਾਰ ਵਲੋਂ ਨਸ਼ਾਂ ਸਮੱਗਲਰਾਂ ਲਈ ਫਾਸੀ ਦੀ ਤਜਵੀਜ ਲਿਆਉਣ ਦੇ ਵਿਸ਼ੇ 'ਤੇ ਗੱਲਬਾਤ ਕਰਦਿਆਂ ਸਮਾਜ ਸੇਵੀ ਨਛੱਤਰ ਸਿੰਘ ਸਿੱਧੂ ਨੇ ਕਿਹਾ ਕਿ ਕਈ ਦੇਸ਼ ਇਹ ਕਾਨੂੰਨ ਅਪਣਾ ਚੁੱਕੇ ਹਨ ਪਰ ਇਸ ਕਾਨੂੰਨ ਦਾ ਕੋਈ ਜਿਆਦਾ ਫਾਇਦਾ ਨਹੀਂ ਹੋਇਆ। ਉਹਨਾਂ ਕਿਹਾ ਕਿ ਇਸ ਕਾਨੂੰਨ ਦੇ ਪਾਸ ਹੋਣ ਨਾਲ ਕਾਫੀ ਲੋਕ ਬੇਕਸੂਰ ਵੀ ਫਾਹੇ ਟੰਗੇ ਜਾਣਗੇ ਕਿਉਂਕਿ ਸਿਆਸੀ ਬਦਲਾਖੋਰੀ ਤੇ ਆਪਸੀ ਰੰਜਿਸ਼ ਦੇ ਚਲਦਿਆਂ ਇਹ ਘਟਨਾਵਾਂ ਵਾਪਰ ਸਕਦੀਆਂ ਹਨ। 

ਸਰਕਾਰ ਵਲੋਂ ਇੱਕ ਪਾਸੇ ਤਾਂ ਨਸ਼ੀ ਤਸਕਰੀ ਵਾਲੇ ਨੂੰ ਫਾਂਸੀ ਦੀ ਸਜ਼ਾ ਦਾ ਮਤਾ ਪਾਸ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਆਏ ਸਾਲ ਸ਼ਰਾਬ ਦੇ ਠੇਕਿਆਂ ਦੀ ਖੁੱਲੇਆਮ ਬੋਲੀ ਲਗਾਈ ਜਾਂਦੀ ਹੈ, ਕੀ ਸ਼ਰਾਬ ਨਸ਼ਾ ਨਹੀਂ ਹੈ?