ਡੇਰਾ ਬਾਬਾ ਨਾਨਕ 'ਚ ਕੋਰੋਨਾ ਪਾਜ਼ੇਟਿਵ ਮਾਮਲੇ ਆਉਣ ਕਾਰਨ ਦੂਜੇ ਦਿਨ ਵੀ ਬਾਜ਼ਾਰ ਰਹੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾ ਬਾਬਾ ਨਾਨਕ ਵਿਖੇ ਵਧਦੇ ਕਰੋਨਾ ਦੇ ਮਰੀਜ਼ਾਂ ਕਰ ਕੇ ਪ੍ਰਸ਼ਾਸਨ ਵਲੋਂ ਡੇਰਾ ਬਾਬਾ ਨਾਨਕ

Dera Baba Nanak

ਡੇਰਾ ਬਾਬਾ ਨਾਨਕ/ਕਲਾਨੌਰ, 4 ਜੁਲਾਈ (ਗੁਰਦੇਵ ਸਿੰਘ ਰਜਾਦਾ) : ਡੇਰਾ ਬਾਬਾ ਨਾਨਕ ਵਿਖੇ ਵਧਦੇ ਕਰੋਨਾ ਦੇ ਮਰੀਜ਼ਾਂ ਕਰ ਕੇ ਪ੍ਰਸ਼ਾਸਨ ਵਲੋਂ ਡੇਰਾ ਬਾਬਾ ਨਾਨਕ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ। ਬੀਤੇ ਕਲ ਡੇਰਾ ਬਾਬਾ ਨਾਨਕ ਵਿਖੇ 7 ਕੋਰੋਨਾ ਦੇ ਨਵੇਂ ਮਰੀਜ਼ ਆਉਣ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਪੁਲਿਸ ਵਲੋਂ ਡੇਰਾ ਬਾਬਾ ਨਾਨਕ ਵਿਚ ਅਨਾਊਂਸਮੈਂਟ ਕਰਵਾ ਕੇ ਦੁਕਾਨਾਂ ਬੰਦ ਕਰਵਾ ਦਿਤੀਆਂ। ਲੋਕਾਂ ਵਿਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ।

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੋਰੋਨਾ ਦੇ ਵਧਦੇ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਅੱਜ ਡੇਰਾ ਬਾਬਾ ਨਾਨਕ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਕੋਈ ਪੁਜ਼ੀਸ਼ਨ ਚੰਗੀ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੰਮ ਤੋਂ ਬਗ਼ੈਰ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ। ਇਸ ਮੌਕੇ ਡਾਕਟਰ ਐਸ.ਐਮ.ਓ. ਹਰਪਾਲ ਸਿੰਘ ਡੇਰਾ ਬਾਬਾ ਨਾਨਕ ਅਤੇ ਸਿਹਤ ਵਿਭਾਗ ਦਾ ਅਮਲਾ ਵੀ ਹਾਜ਼ਰ ਸੀ।