ਕਾਨਪੁਰ: ਚੌਬੇਪੁਰ ਦੇ ਐਸ.ਐਚ.ਓ ਵਿਨੈ ਤਿਵਾੜੀ ਸਸਪੈਂਡ, ਵਿਕਾਸ ਦੁਬੇ ਨਾਲ ਮਿਲੀਭੁਗਤ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਪੁਰ ਗੋਲੀਕਾਂਡ ਮਾਮਲੇ 'ਚ ਕਾਨਪੁਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਚੌਬੇਪੁਰ ਦੇ ਥਾਣਾ ਇੰਚਾਰਜ ਵਿਨੈ ਤਿਵਾੜੀ ਨੂੰ ਸਸਪੈਂਡ ਕਰ ਦਿਤਾ ਹੈ।

File Photo

ਕਾਨਪੁਰ, 4 ਜੁਲਾਈ : ਕਾਨਪੁਰ ਗੋਲੀਕਾਂਡ ਮਾਮਲੇ 'ਚ ਕਾਨਪੁਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਚੌਬੇਪੁਰ ਦੇ ਥਾਣਾ ਇੰਚਾਰਜ ਵਿਨੈ ਤਿਵਾੜੀ ਨੂੰ ਸਸਪੈਂਡ ਕਰ ਦਿਤਾ ਹੈ। ਕਾਨਪੁਰ ਦੇ ਆਈ.ਜੀ. ਮੋਹਿਤ ਅਗਰਵਾਲ ਨੇ ਇਹ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਪੁਲਿਸ ਦੀ ਹੁਣ ਤਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਨਾਲ ਹੀ ਜੁੜੇ ਕੁੱਝ ਅਫ਼ਸਰਾਂ ਨੇ ਗੈਂਗਸਟਰ ਵਿਕਾਸ ਦੁਬੇ ਨੂੰ ਪੁਲਿਸ ਛਾਪੇਮਾਰੀ ਦੀ ਪਹਿਲਾਂ ਸੂਚਨਾ ਦੇ ਦਿਤੀ ਸੀ।
ਪੁਲਿਸ ਦੀ ਜਾਂਚ 'ਚ ਚੌਬੇਪੁਰ ਦੇ ਥਾਣਾ ਮੁਖੀ ਅਤੇ ਕੁੱਝ ਦੂਜੇ ਸਿਪਾਹੀਆਂ ਦਾ ਨਾਮ ਆਇਆ ਸੀ।

ਵਿਨੈ ਤਿਵਾੜੀ ਚੌਬੇਪੁਰ ਦੇ ਥਾਣਾ ਮੁਖੀ ਹਨ। ਇਸ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵਿਨੈ ਤਿਵਾੜੀ ਨੂੰ ਸਸਪੈਂਡ ਕਰ ਦਿਤਾ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਵਿਨੈ ਤਿਵਾੜੀ ਨੇ ਹੀ ਗੈਂਗਸਟਰ ਵਿਕਾਸ ਦੁਬੇ ਨੂੰ ਉਸਦੇ ਘਰ 'ਚ ਰੇਡ ਦੀ ਸੂਚਨਾ ਦਿੱਤੀ ਹੈ। ਸੂਤਰਾਂ ਮੁਤਾਬਕ ਵਿਨੈ ਤਿਵਾੜੀ ਤੋਂ ਐੱਸ.ਟੀ.ਐੱਫ. ਨੇ ਪਿਛਲੇ ਸ਼ਾਮ ਨੂੰ ਪੁੱਛਗਿੱਛ ਕੀਤੀ ਸੀ।

ਜਾਂਚ 'ਚ ਪਤਾ ਲੱਗਾ ਹੈ ਕਿ ਵਿਨੈ ਤਿਵਾੜੀ ਨੇ ਕੁੱਝ ਦਿਨਾਂ ਪਹਿਲਾਂ ਵਿਕਾਸ ਦੁਬੇ ਵਿਰੁਧ  ਸ਼ਿਕਾਇਤ ਦਰਜ ਕਰਣ ਤੋਂ ਇਨਕਾਰ ਕਰ ਦਿਤਾ ਸੀ। ਪੁਲਿਸ ਹੁਣ ਵਿਨੈ ਤਿਵਾੜੀ ਵਿਰੁਧ ਐੱਫ.ਆਈ.ਆਰ. ਦਰਜ ਕਰਣ ਦੀ ਤਿਆਰੀ ਕਰ ਰਹੀ ਹੈ।
ਇਸ ਮਾਮਲੇ 'ਚ ਚੌਬੇਪੁਰ ਦੇ ਥਾਣਾ ਮੁਖੀ ਵਿਨੈ ਤਿਵਾੜੀ ਨਾਲ ਗੱਲ ਕਰਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਨੈ ਤਿਵਾੜੀ ਕੁੱਝ ਵੀ ਬੋਲਣ ਤੋਂ ਇਨਕਾਰ ਕਰਦੇ ਰਹੇ ਹਨ। (ਪੀਟੀਆਈ)

ਜੇਸੀਬੀ ਰਾਹੀਂ ਢਾਹਿਆ ਵਿਕਾਸ ਦੁਬੇ ਦਾ ਘਰ
ਕਾਨਪੁਰ 'ਚ ਪੁਲਿਸ ਮੁਲਾਜ਼ਮਾਂ 'ਤੇ ਹੋਏ ਹਮਲੇ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਵਿਰੁਧ ਵੱਡੀ ਕਾਰਵਾਈ ਕੀਤੀ ਗਈ। ਜਿਸ ਘਰ ਤੋਂ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕੀਤੀ ਗਈ ਸੀ, ਉਹ ਜੇਸੀਬੀ ਦੀ ਸਹਾਇਤਾ ਨਾਲ ਢਾਹ ਦਿਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਿਕਾਸ ਦੇ ਘਰ ਮੌਜੂਦ ਵਾਹਨਾਂ ਨੂੰ ਵੀ ਕਾਬੂ ਕਰ ਲਿਆ ਹੈ। ਵਿਕਾਸ ਦੇ ਘਰ ਵਿਚ ਦੋ ਗੱਡੀਆਂ ਫਾਰਚੂਨਰ ਅਤੇ ਸਕਾਰਪੀਅਨ ਸਨ। ਇਨ੍ਹਾਂ ਗੱਡੀਆਂ 'ਚੋਂ ਇਕ ਵਿਕਾਸ ਦੇ ਨਾਮ 'ਤੇ ਹੈ, ਜਦੋਂਕਿ ਦੂਜੀ ਗੱਡੀ ਇਕ ਅਮਨ ਤਿਵਾੜੀ ਦੇ ਨਾਮ 'ਤੇ ਰਜਿਸਟਰਡ ਹੈ। ਘਰ 'ਚ ਵਿਕਾਸ ਦੇ ਪਿਤਾ ਸੀ, ਉਨ੍ਹਾਂ ਨੂੰ ਦੂਜੇ ਘਰ ਵਿਚ ਭੇਜ ਦਿਤਾ ਗਿਆ ਹੈ।