ਰੂਰਲ ਫ਼ਾਰਮਾਸਿਸਟਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵਲ ਕਢਿਆ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਿਰੁਧ ਕੀਤੀ ਨਾਹਰੇਬਾਜ਼ੀ

File Photo

ਪਟਿਆਲਾ, 4 ਜੁਲਾਈ (ਤੇਜਿੰਦਰ ਫ਼ਤਿਹਪੁਰ) : ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸੂਬੇ ਭਰ 'ਚੋਂ ਇਕੱਤਰ ਹੋਏ ਰੂਰਲ ਫ਼ਾਰਮਾਸਿਸਟਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵਲ ਕਾਲੀਆਂ ਝੰਡੀਆਂ ਲੈ ਕੇ ਰੋਸ ਮਾਰਚ ਕਢਿਆ ਗਿਆ। ਰੋਸ ਮਾਰਚ ਕੱਢ ਰਹੇ ਫ਼ਾਰਮਾਸਿਸਟਾਂ ਨੂੰ ਮੋਤੀ ਮਹਿਲ ਤੋਂ ਕੁੱਝ ਦੂਰੀ ਪਹਿਲਾਂ ਵੱਡੀ ਗਿਣਤੀ 'ਚ ਖੜੀ ਪੁਲਿਸ ਫ਼ੋਰਸ ਵਲੋਂ ਰੋਕ ਦਿਤਾ ਗਿਆ। ਇਸ ਦੌਰਾਨ ਫ਼ਾਰਮਾਸਿਸਟਾਂ ਨੇ ਉਥੇ ਹੀ ਧਰਨਾ ਲੱਗਾ ਕੇ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਪ੍ਰਦਰਸ਼ਨ ਕਰ ਰਹੇ ਫ਼ਾਰਮਾਸਿਸਟਾਂ ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਨਿਗੁਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਹਨ, ਪ੍ਰੰਤੂ ਸਰਕਾਰ ਵਲੋਂ ਹਾਲੇ ਤਕ ਫ਼ਾਰਮਾਸਿਸਟਾਂ ਦੀਆਂ ਸੇਵਾਵਾਂ ਨੂੰ ਪੱਕਾ ਨਹੀਂ ਕੀਤਾ ਗਿਆ ਹੈ। ਇਸ ਮੌਕੇ ਪੁੱਜੇ ਨਾਇਬ ਤਹਿਸੀਲਦਾਰ ਨੇ ਭਰੋਸਾ ਦਿਤਾ ਕਿ ਉਨ੍ਹਾਂ ਦੀ ਮੀਟਿੰਗ ਜਲਦ ਤੋਂ ਜਲਦ ਮੁੱਖ ਮੰਤਰੀ ਨਾਲ ਮੁੱਕਰਰ ਕਰ ਦਿੱਤੀ ਜਾਵੇਗੀ।

ਮਿਲੇ ਭਰੋਸੇ ਤੋਂ ਬਾਅਦ ਫ਼ਾਰਮਾਸਿਸਟਾਂ ਵਲੋਂ ਰੋਸ ਮਾਰਚ ਸਮਾਪਤ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਪਿਛਲੇ 16 ਦਿਨਾਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਠੇਕੇ ਅਧਾਰ 'ਤੇ ਕੰਮ ਕਰ ਰਹੇ ਰੂਰਲ ਫ਼ਾਰਮਾਸਿਸਟਾਂ ਵਲੋਂ ਸੇਵਾਵਾਂ ਪੱਕਾ ਕਰਨ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ। ਸਨਿਚਰਵਾਰ ਨੂੰ ਸੂਬੇ ਭਰ 'ਚੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸੂਬੇ ਭਰ 'ਚੋਂ ਇਕੱਤਰ ਹੋਏ ਫ਼ਾਰਮਾਸਿਸਟਾਂ ਵਲੋਂ ਦੁਪਹਿਰ ਸਮੇਂ ਕਾਲੀਆਂ ਝੰਡੀਆਂ ਲੈ ਕੇ ਰੋਸ ਮਾਰਚ ਸ਼ੁਰੂ ਕਰ ਦਿਤਾ ਗਿਆ।

ਪ੍ਰਦਰਸ਼ਨ ਕਰ ਰਹੇ ਫ਼ਾਰਮਾਸਿਸਟ ਜਿਵੇਂ ਹੀ ਰੋਸ ਮਾਰਚ ਕਢਦੇ ਹੋਏ ਪੋਲੋ ਗਰਾਊਂਡ ਦੇ ਮੁੱਖ ਗੇਟ ਮੂਹਰੇ ਪੁੱਜੇ ਤਾਂ ਉਥੇ ਵੱਡੀ ਗਿਣਤੀ ਵਿਚ ਖੜ੍ਹੀ ਪੁਲਿਸ ਫ਼ੋਰਸ ਵਲੋਂ ਫ਼ਾਰਮਾਸਿਸਟਾਂ ਨੂੰ ਅੱਗੇ ਵੱਧਣ ਤੋਂ ਰੋਕ ਦਿਤਾ ਗਿਆ। ਪ੍ਰਦਰਸ਼ਨ ਕਰ ਰਹੇ ਫ਼ਾਰਮਾਸਿਸਟਾਂ ਨੇ ਉਥੇ ਧਰਨਾ ਲੱਗਾ ਕੇ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।

ਇਸ ਮੌਕੇ ਫ਼ਾਰਮਾਸਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜੋਤ ਰਾਮ ਨੇ ਦਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਉਹ ਪਿਛਲੇ 14 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ। ਪਰ ਸਰਕਾਰ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਪੱਕਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਵਰਗੇ ਹਲਾਤਾਂ ਵਿਚ ਫ਼ਾਰਮਾਸਿਸਟ ਮੂਹਰਲੀ ਕਤਾਰਾਂ 'ਚ ਲੋਕਾਂ ਦੇ ਘਰ-ਘਰ ਜਾ ਕੇ ਸਰਵੇ ਵੀ ਕਰ ਰਹੇ ਹਨ। ਫ਼ਾਰਮਾਸਿਸਟਾਂ ਦੀ ਸੁਰੱਖਿਆ ਲਈ ਸਰਕਾਰ ਵਲੋਂ ਕੋਈ ਵੀ ਸਿਹਤ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ।

ਜਿਸ ਕਾਰਨ ਫ਼ਾਰਮਾਸਿਸਟਾਂ ਦਾ ਰੋਹ ਪੰਜਾਬ ਸਰਕਾਰ ਵਿਰੁਧ ਭਖਿਆ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ 15 ਮਿੰਟ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਵੀ ਵਾਜਬ ਹੱਲ ਨਾ ਕਢਿਆ ਗਿਆ ਤਾਂ ਉਹ ਬੈਰੀਕੇਡਜ਼ ਤੋੜ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਮੂਹਰੇ ਪਹੁੰਚ ਕੇ ਜੋਰਦਾਰ ਸੰਘਰਸ਼ ਕਰਨਗੇ।

ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਨੇ ਫ਼ਾਰਮਾਸਿਸਟਾਂ ਨੂੰ ਭਰੋਸਾ ਦਿਤਾ ਕਿ ਉਹ ਫ਼ਾਰਮਾਸਿਸਟਾਂ ਦਾ ਪੱਖ ਮੁੱਖ ਮੰਤਰੀ ਦੀ ਮੂਹਰੇ ਰਖਣਗੇ ਤੇ ਜਲਦ ਹੀ ਮੀਟਿੰਗ ਦਾ ਸਮਾਂ ਮੁੱਕਰਰ ਕਰ ਕੇ ਜਾਣਕਾਰੀ ਦੇਣਗੇ। ਮਿਲੇ ਭਰੋਸੇ ਤੋਂ ਬਾਅਦ ਫ਼ਾਰਮਾਸਿਸਟਾਂ ਵਲੋਂ ਰੋਸ ਪ੍ਰਦਰਸ਼ਨ ਸਮਾਪਤ ਕਰ ਦਿਤਾ ਗਿਆ। ਇਸ ਉਪਰੰਤ ਫਾਰਮਾਸਿਸਟਾਂ ਨੇ ਚਿਤਾਵਨੀ ਦਿਤੀ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਮੀਟਿੰਗ ਤੈਅ ਨਾ ਕੀਤੀ ਗਈ ਤਾਂ ਉਹ ਮੁੜ ਹੋਰ ਤਿੱਖਾ ਸੰਘਰਸ਼ ਵਿੱਢਣਗੇ।