ਆਸਟਰੇਲੀਆ ਗਏ ਵਿਦਿਆਰਥੀ ਦੀ ਸ਼ੱਕੀ ਹਾਲਤ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਆਉਂਦੇ ਪਿੰਡ ਬਲੱਗਣ ਦੇ ਸਾਧਾਰਨ ਪਰਵਾਰ ਦੇ

File Photo

ਧਾਰੀਵਾਲ/ਕਾਹਨੂੰਵਾਨ, 4 ਜੁਲਾਈ (ਇੰਦਰ ਜੀਤ) : ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਆਉਂਦੇ ਪਿੰਡ ਬਲੱਗਣ ਦੇ ਸਾਧਾਰਨ ਪਰਵਾਰ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਭੇਦਭਰੇ ਹਾਲਾਤਾਂ ਨਾਲ ਮੌਤ ਹੋ ਜਾਣ ਦੀ ਖ਼ਬਰ ਆਉਣ ਨਾਲ ਪਿੰਡ ਬਲੱਗਣ ਵਿਚ ਮਾਤਮ ਛਾ ਗਿਆ। ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੇ ਲਵਪ੍ਰੀਤ ਸਿੰਘ ਦੇ ਪਿਤਾ ਬਲਜੀਤ ਸਿੰਘ, ਮਾਤਾ ਅਰਪਨਦੀਪ ਕੌਰ ਨੇ ਦਸਿਆ ਕਿ ਸਾਡਾ ਲੜਕਾ ਲਵਪ੍ਰੀਤ ਸਿੰਘ ਦੋ ਸਾਲ ਪਹਿਲਾ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ,

ਉਸ ਦੀ ਅਕਸਰ ਹੀ ਅਪਣੇ ਮਾਪਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਹੁਣ ਵੀ ਮੌਤ ਤੋਂ ਦੋ ਦਿਨ ਪਹਿਲਾ ਵੀ ਉਸ ਨਾਲ ਗੱਲ ਹੋਈ ਸੀ, ਜਿਸ ਵਿਚ ਉਸ ਨੇ ਕਦੇ ਵੀ ਕੋਈ ਪ੍ਰੇਸ਼ਾਨੀ ਜ਼ਾਹਰ ਨਹੀਂ ਕੀਤੀ ਸੀ। ਜਦਕਿ ਉਨ੍ਹਾਂ ਨੂੰ ਉਥੇ ਉਸ ਨਾਲ ਰਹਿਣ ਵਾਲੇ ਕੁੱਝ ਲੋਕਾਂ ਨੇ ਦਸਿਆ ਕਿ ਲਵਪ੍ਰੀਤ ਸਿੰਘ ਨੇ ਫਾਂਸੀ ਲਗਾ ਕੇ ਆਤਮ ਹਤਿਆ ਕਰ ਲਈ ਹੈ। ਮ੍ਰਿਤਕ ਲੜਕੇ ਦੇ ਮਾਤਾ-ਪਿਤਾ ਨੇ ਦਸਿਆ ਕਿ ਉਹ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ,

ਉਸ ਦਾ ਜ਼ਰੂਰ ਕਤਲ ਹੋਇਆ ਹੈ। ਉਨ੍ਹਾਂ ਦਸਿਆ ਕਿ ਸਾਡਾ ਲੜਕਾ ਦੋ ਸਾਲ ਪਹਿਲਾਂ ਤਿੰਨ ਸਾਲ ਦਾ ਡਿਪਲੋਮਾ ਕਰਨ ਲਈ ਆਸਟਰੇਲੀਆ ਗਿਆ ਸੀ ਅਤੇ ਉਸ ਨੇ ਉਥੇ ਕਾਲਜ ਦੀ ਫ਼ੀਸ ਵੀ ਦਸੰਬਰ 2020 ਤਕ ਜ੍ਹਮਾਂ ਕਰਵਾਈ ਹੋਈ ਸੀ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਬਲਜੀਤ ਸਿੰਘ, ਮਾਤਾ ਅਰਪਨਦੀਪ ਕੌਰ, ਦਾਦਾ ਹਰਭਜਨ ਸਿੰਘ ਅਤੇ ਚਾਚਾ ਕੁਲਜੀਤ ਸਿੰਘ ਅਤੇ ਪਰਵਾਰਕ ਮੈਂਬਰ ਨੇ ਆਸਟਰੇਲੀਆ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਇਨਸਾਫ਼ ਦਿਤਾ ਜਾਵੇ ਅਤੇ ਸਾਡੇ ਪੁੱਤਰ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਸਾਡੇ ਪਿੰਡ ਪਹੁੰਚਾਉਣ ਲਈ ਭਾਰਤ ਸਰਕਾਰ ਵਲੋਂ ਵੀ ਮਦਦ ਕੀਤੀ ਜਾਵੇ।