ਪਾਰਲੀਮੈਂਟ ਦੇ ਮਾਨਸੂਨ ਸੈਸ਼ਨਦੀਸਮਾਪਤੀਤਕ22ਜੁਲਾਈਤੋਂਰੋਜ਼ਾਨਾਸੰਸਦਦੇਬਾਹਰਵਿਰੋਧਪ੍ਰਦਰਸ਼ਨਕਰਨਗੇਕਿਸਾਨ
ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦੀ ਸਮਾਪਤੀ ਤਕ 22 ਜੁਲਾਈ ਤੋਂ ਰੋਜ਼ਾਨਾ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ ਕਿਸਾਨ
ਬਿਜਲੀ ਸਥਿਤੀ ਵਿਚ ਸੁਧਾਰ ਹੋਣ ਕਾਰਨ ਮੋਤੀ ਮਹਿਲ ਦਾ ਘਿਰਾਉ ਮੁਲਤਵੀ
ਲੁਧਿਆਣਾ, 4 ਜੁਲਾਈ (ਪ੍ਰਮੋਦ ਕੌਸ਼ਲ): ਸਿੰਘੂ-ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਦੌਰਾਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਹੱਤਵਪੂਰਨ ਫ਼ੈਸਲੇ ਲਏ ਗਏ | 19 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਸੰਯੁਕਤ ਕਿਸਾਨ ਮੋਰਚਾ 17 ਜੁਲਾਈ ਤਕ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਦੇ ਹੱਕਾਂ ਲਈ ਸੰਸਦ ਵਿਚ ਆਵਾਜ਼ ਉਠਾਉਣ ਲਈ ਚਿਤਾਵਨੀ ਪੱਤਰ ਭੇਜੇਗਾ | 22 ਜੁਲਾਈ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਹਰ ਰੋਜ਼ ਸੈਸ਼ਨ ਦੀ ਸਮਾਪਤੀ ਤਕ ਹਰ ਕਿਸਾਨ-ਜਥੇਬੰਦੀ ਵਲੋਂ ਪੰਜ ਮੈਂਬਰ ਅਤੇ ਕੁਲ ਘੱਟੋ-ਘੱਟ 200 ਕਿਸਾਨ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨਗੇ |
ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਨੇ ਖੇਤਾਂ ਲਈ ਬਿਜਲੀ ਸਪਲਾਈ ਵਿਚ ਸੁਧਾਰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ-ਮਹਿਲ ਦਾ ਘਿਰਾਉ ਮੁਲਤਵੀ ਕਰ ਦਿਤਾ ਹੈ | ਸੰਯੁਕਤ ਕਿਸਾਨ ਮੋਰਚੇ ਦੀ ਪਿਛਲੀ ਮੀਟਿੰਗ ਵਿਚ ਲਏ ਫ਼ੈਸਲੇ ਮੁਤਾਬਕ 8 ਜੁਲਾਈ ਨੂੰ 10 ਤੋਂ 12 ਵਜੇ ਤਕ ਦੇਸ਼-ਭਰ ਵਿਚ ਡੀਜ਼ਲ, ਪਟਰੌਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਵਿਰੁਧ ਪ੍ਰਦਰਸ਼ਨ ਕੀਤਾ ਜਾਵੇਗਾ | ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਨਾਲ ਦਸੰਬਰ 2020 ਅਤੇ ਜਨਵਰੀ 2021 ਦੇ ਮਹੀਨਿਆਂ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਦੀਆਂ 11 ਦੌਰ ਦੀਆਂ ਰਸਮੀ ਗੱਲਬਾਤ ਹੋ ਚੁੱਕੀਆਂ ਹਨ | ਮੰਤਰੀ ਇਹ ਕਹਿੰਦੇ ਰਹੇ ਹਨ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ, ਬਸ਼ਰਤੇ ਕਿ ਕਿਸਾਨ ਕਾਨੂੰਨਾਂ ਦੇ ਉਨ੍ਹਾਂ ਹਿੱਸਿਆਂ 'ਤੇ ਗੱਲ ਕਰਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਸਮੱਸਿਆ ਹੈ | ਮੰਤਰੀ ਇਹ ਵੀ ਦਸ ਰਹੇ ਹਨ ਕਿ ਸਰਕਾਰ 3 ਕਾਲੇ ਕੇਂਦਰੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ | ਪਰ ਕਿਸਾਨ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਕਾਨੂੰਨਾਂ ਵਿਚ ਸੋਧਾਂ ਕਿਉਂ ਨਹੀਂ ਕੰਮ ਕਰਨਗੀਆਂ | ਸਰਕਾਰ ਦੇ ਇਰਾਦੇ ਭਰੋਸੇਯੋਗ ਨਹੀਂ ਹਨ | ਕਿਸਾਨ ਜਾਣਦੇ ਹਨ ਕਿ ਕਾਨੂੰਨਾਂ ਨੂੰ ਜੀਵਤ ਰੱਖਣ ਦੇ ਅਲੱਗ ਅਲੱਗ ਤਰੀਕਿਆਂ ਨਾਲ ਕਾਰਪੋਰੇਟ ਕਿਸਾਨਾਂ ਦਾ ਸੋਸ਼ਣ ਕਰਨਗੇ |
ਕਿਸਾਨ-ਮੋਰਚਿਆਂ 'ਤੇ ਅੰਦੋਲਨ ਦੀ ਮਜ਼ਬੂਤੀ ਲਈ ਲਗਾਤਾਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ | ਉੱਤਰ ਪ੍ਰਦੇਸ਼ ਵਿਚ ਪੀਲੀਭੀਤ ਤੋਂ ਇਕ ਵੱਡਾ ਟਰੈਕਟਰ ਮਾਰਚ ਕਰਨ ਦੀ ਯੋਜਨਾ ਹੈ | ਕਿਸਾਨ ਵੱਡੀ ਗਿਣਤੀ ਵਿਚ ਮੋਰਚਿਆਂ 'ਤੇ ਪਹੁੰਚ ਰਹੇ ਹਨ | ਸਥਾਨਕ ਭਾਈਚਾਰੇ ਦੁਆਰਾ ਲੰਗਰ ਲਈ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ | ਜੀਂਦ ਇਲਾਕੇ ਦੇ ਪਿੰਡ ਵਾਸੀਆਂ ਵਲੋਂ ਕਣਕ ਦੀਆਂ ਟਰਾਲੀਆਂ ਕਿਸਾਨ-ਮੋਰਚਿਆਂ 'ਤੇ ਪਹੁੰਚੀਆਂ ਹਨ | ਰੋਸ-ਪ੍ਰਦਰਸ਼ਨਾਂ ਵਿਚ ਸਿਰਫ਼ ਕਿਸਾਨ ਹੀ ਸ਼ਾਮਲ ਨਹੀਂ ਹੋ ਰਹੇ, ਬਲਕਿ ਟਰੇਡ ਯੂਨੀਅਨਾਂ, ਵਿਦਿਆਰਥੀ, ਵਕੀਲ ਅਤੇ ਕਰਮਚਾਰੀ ਵੀ ਸ਼ਾਮਲ ਹਨ | ਪੰਜਾਬ ਵਿਚ ਨੌਜਵਾਨ ਸਮੂਹਾਂ ਵਲੋਂ ਸ਼ਾਮ ਵੇਲੇ ਵੱਖ-ਵੱਖ ਸ਼ਹਿਰੀ ਕੇਂਦਰਾਂ ਵਿਚ ਟਰੈਫ਼ਿਕ ਚੌਰਾਹੇ 'ਤੇ ਕੀਤੇ ਜਾ ਰਹੇ ਇਕਜੁਟਤਾ-ਪ੍ਰਦਰਸ਼ਨ ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿਚ ਲਗਾਤਾਰ ਹੋ ਰਹੇ ਹਨ | ਅੱਜ ਗਾਜ਼ੀਪੁਰ ਮੋਰਚੇ 'ਤੇ ਸਵਰਗੀ ਖਿਡਾਰੀ ਮਿਲਖਾ ਸਿੰਘ ਦੀ ਯਾਦ ਵਿਚ ਇਕ ਕਿਸਾਨ-ਮਜ਼ਦੂਰ ਮੈਰਾਥਨ ਦਾ ਆਯੋਜਨ ਕੀਤਾ ਗਿਆ | ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਸੰਕਲਪ ਨਾਲ ਕਿਸਾਨ ਦਿੱਲੀ ਦੇ ਮੋਰਚਿਆਂ 'ਤੇ ਡਟੇ ਹੋਏ ਹਨ | ਗਾਜ਼ੀਪੁਰ ਬਾਰਡਰ 'ਤੇ ਬੁਲੰਦ ਸ਼ਹਿਰ ਜ਼ਿਲ੍ਹੇ ਦੇ ਮਦਨਪੁਰ ਪਿੰਡ ਤੋਂ ਸਵਰਨ ਸਿੰਘ ਨੂੰ ਸ਼ਾਂਤੀਪੂਰਵਕ ਅਤੇ ਦਿ੍ੜਤਾ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਹੁਣ ਲਗਭਗ ਸੱਤ ਮਹੀਨੇ ਹੋ ਚੁੱਕੇ ਹਨ | ਉਹ 101 ਸਾਲ ਦੀ ਉਮਰ ਦੇ ਹੋਣ ਦੇ ਬਾਵਜੂਦ ਬੁਲੰਦ ਹੌਂਸਲੇ ਨਾਲ ਡਟੇ ਹੋਏ ਹਨ | ਅਸੀਂ ਅਗਲੀਆਂ ਪੀੜ੍ਹੀਆਂ ਲਈ ਭਾਰਤ ਦੀ ਕਿਸਾਨੀ ਦੀ ਰਖਿਆ ਲਈ ਉਨ੍ਹਾਂ ਦੀ ਭਾਵਨਾ ਨੂੰ ਸਲਾਮ ਕਰਦੇ ਹਾਂ |