ਧਰਮੀ ਫ਼ੌਜੀਆਂ ਦੀ ਸ਼੍ਰੋਮਣੀ ਕਮੇਟੀ ਵਲੋਂ ਨਹੀਂ ਲਈ ਜਾ ਰਹੀ ਸਾਰ
ਧਰਮੀ ਫ਼ੌਜੀਆਂ ਦੀ ਸ਼੍ਰੋਮਣੀ ਕਮੇਟੀ ਵਲੋਂ ਨਹੀਂ ਲਈ ਜਾ ਰਹੀ ਸਾਰ
37 ਸਾਲ ਬੀਤ ਜਾਣ 'ਤੇ ਸਹੂਲਤਾਂ ਤੋਂ ਵਾਂਝੇ ਧਰਮੀ ਫ਼ੌਜੀ
ਪੱਟੀ/ਤਰਨਤਾਰਨ, 4 ਜੁਲਾਈ (ਅਜੀਤ ਸਿੰਘ ਘਰਿਆਲਾ): 1984 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੌਰਾਨ ਧਾਰਮਕ ਭਾਵਨਾਵਾਂ ਨੂੰ ਠੇਸ ਪੁੱਜਣ ਦੇ ਰੋਸ ਵਜੋਂ ਕਰੀਬ 6000 ਸਿੱਖ ਫ਼ੌਜੀ ਅਪਣੀਆਂ ਨੌਕਰੀਆਂ ਛੱਡ ਕੇ ਅਸਲੇ ਸਮੇਤ ਬਗ਼ਾਵਤ ਕਰਦਿਆਂ ਹੋਇਆਂ ਆ ਗਏ ਸਨ ਜਿਸ ਦੌਰਾਨ ਰਸਤੇ ਵਿਚ ਹੋਏ ਮੁਕਾਬਲੇ ਦੌਰਾਨ ਕਈ ਧਰਮੀ ਫ਼ੌਜੀ ਸ਼ਹੀਦ ਹੋ ਗਏ ਸਨ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਜਿਸ ਦੌਰਾਨ ਕਈਆਂ ਦੇ ਹੱਥ ਪੈਰ ਵੀ ਕੱਟੇ ਗਏ | ਧਰਮੀ ਫ਼ੌਜੀ ਜੋ ਕਿ ਅਪਣੇ ਧਰਮ ਖ਼ਾਤਰ ਅਪਣੀਆਂ ਨੌਕਰੀਆਂ ਨੂੰ ਠੋਕਰ ਮਾਰ ਕੇ ਆਏ ਤੇ ਤਸੀਹੇ ਵੀ ਝੱਲਣੇ ਪਏ ਪਰ ਸਮੇਂ ਦੀ ਸਰਕਾਰ ਨੇ ਫ਼ੌਜ ਵਿਚ ਬਗਾਵਤ ਕਰਨ ਬਦਲੇ ਉਨ੍ਹਾਂ ਦਾ ਕੋਟ ਮਾਰਸ਼ਲ ਕਰ ਕੇ ਜੇਲਾਂ ਵਿਚ ਭੇਜ ਦਿਤਾ ਜਿਸ ਦੌਰਾਨ ਧਰਮੀ ਫ਼ੌਜੀਆਂ ਵਲੋਂ ਅਪਣੇ ਅਹੁਦਿਆਂ ਤੇ ਅਪਣੇ ਪ੍ਰਵਾਰਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਅਪਣੇ ਧਰਮ ਲਈ ਬਗ਼ਾਵਤ ਕੀਤੀ ਪਰ 37 ਸਾਲ ਬੀਤ ਜਾਣ ਤੇ ਧਰਮੀ ਫ਼ੌਜੀਆਂ ਨੂੰ ਨਾ ਤਾਂ ਪੰਜਾਬ ਦੀਆਂ ਸਰਕਾਰਾਂ ਤੇ ਨਾ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀ ਬਾਂਹ ਫੜੀ ਹੈ ਅਤੇ ਨਾ ਹੀ ਧਾਰਮਕ ਸੰਸਥਾਵਾਂ ਵਲੋਂ ਇਨ੍ਹਾਂ ਧਰਮੀ ਫ਼ੌਜੀਆਂ ਨੂੰ ਮਾਣ ਸਨਮਾਨ ਦਿਤਾ ਗਿਆ ਹੈ |
ਇਸ ਸਬੰਧੀ ਅੱਜ ਧਰਮੀ ਫ਼ੌਜੀਆਂ ਹਰਭਜਨ ਸਿੰਘ 3 ਸਿੱਖ ਪੰਜਾਬ, ਗੁਰਨਾਮ ਸਿੰਘ 18 ਸਿੱਖ ਰੈਜੀਮੈਂਟ, ਬਲਦੇਵ ਸਿੰਘ ਭਲੋਜਲਾ 14 ਸਿੱਖ ਪੰਜਾਬ, ਹਰਨੇਕ ਸਿੰਘ 5 ਸਿੱਖ ਪੰਜਾਬ, ਸੁਰਿੰਦਰ ਸਿੰਘ 3 ਸਿੱਖ ਪੰਜਾਬ, ਰਣਜੀਤ ਸਿੰਘ 9 ਸਿੱਖ ਪੰਜਾਬ, ਕੁਲਵੰਤ ਸਿੰਘ 3 ਸਿੱਖ ਪੰਜਾਬ ਰੈਜੀਮੈਂਟ ਵਲੋਂ ਪੱਤਰਕਾਰਾਂ ਸਾਹਮਣੇ ਅਪਣੀ ਹੱਡਬੀਤੀ ਦਸਦੇ ਹੋਏ ਕਿਹਾ ਕਿ ਉਨ੍ਹਾਂ ਨੇ 1984 ਵਿਚ ਸੀ੍ਰ ਹਰਮਿੰਦਰ ਸਾਹਿਬ (ਦਰਬਾਰ ਸਾਹਿਬ) ਅੰਮਿ੍ਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਫ਼ੌਜ ਵਲੋਂ ਹਮਲਾ ਕਰ ਦਿਤਾ ਗਿਆ ਸੀ ਤਾਂ ਉਸ ਵੇਲੇ ਸਿੱਖ ਰੈਜੀਮੈਂਟਾਂ ਵਿਚ ਤੈਨਾਤ ਸਨ ਅਤੇ ਇਸ ਘਟਨਾ ਸਬੰਧੀ ਉਨ੍ਹਾਂ ਦੇ ਹਿਰਦੇ ਵਲੰੂਧਰੇ ਗਏ ਸਨ ਜਿਸ ਕਾਰਨ ਅਸੀ ਫ਼ੌਜ ਵਿਚ ਅਪਣੇ ਹਥਿਆਰ ਚੁਕ ਲਏ ਤੇ ਬਗ਼ਾਵਤ ਕਰ ਦਿਤੀ ਜਿਸ ਦੌਰਾਨ ਕਈ ਸਿੱਖ ਜਵਾਨ ਸ਼ਹੀਦ ਵੀ ਹੋ ਗਏ ਜਿਹੜੇ ਬਚੇ ਸਨ ਉਨ੍ਹਾਂ ਦਾ ਕੋਰਟ ਮਾਰਸ਼ਲ ਕਰ ਕੇ ਜੇਲ ਭੇਜ ਦਿਤਾ ਗਿਆ | ਧਰਮੀ ਫ਼ੌਜੀਆਂ ਨੇ ਕਿਹਾ ਕਿ ਉਨ੍ਹਾਂ ਬਗ਼ਾਵਤ ਸਿਰਫ਼ ਸਿੱਖ ਧਰਮ 'ਤੇ ਹੋਏ ਹਮਲੇ ਲਈ ਕੀਤੀ ਸੀ ਪਰ ਅਫ਼ਸੋਸ ਕਿ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆਂ ਕਰਦੇ ਹੋਏ ਸਾਡੀ ਸਾਰ ਨਹੀਂ ਲਈ ਤੇ ਨਾ ਹੀ ਕੋਈ ਸਹੂਲਤ ਦਿਤੀ ਹੈ | ਉਨ੍ਹਾਂ ਕਿਹਾ ਕਿ ਉਹ ਮੌਜੂਦਾ ਕਾਂਗਰਸ ਸਰਕਾਰ ਦੇ ਕਈ ਮੰਤਰੀਆਂ ਨੂੰ ਮਿਲਣ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਨੂੰ ਮਿਲਣ ਲਈ ਗਏ ਪਰ ਉਨ੍ਹਾਂ ਵਲੋਂ ਮਿਲਣ ਦਾ ਸਮਾਂ ਨਾ ਦਿਤਾ ਗਿਆ | ਧਰਮੀ ਫ਼ੌਜੀਆਂ ਨੇ ਕਿਹਾ ਕਿ ਹਰ ਸਾਲ ਪੰਜਾਹ ਹਜ਼ਾਰ ਰੁਪਏ ਦੇਣ ਲਈ ਸ਼੍ਰੋਮਣੀ ਕਮੇਟੀ ਵਲੋਂ ਜਨਰਲ ਇਜਲਾਸ 2017 ਵਿਚ ਮਤਾ ਪਾਇਆ ਸੀ ਕਿ 114 ਦੇ ਕਰੀਬ ਧਰਮੀ ਫ਼ੌਜੀਆਂ ਨੂੰ ਇਹ ਪੈਸੇ ਸਹਾਇਤਾ ਵਜੋਂ ਦਿਤੇ ਜਾਇਆ ਕਰਨਗੇ ਪਰ ਇਕ ਵਾਰ ਹੀ ਇਹ ਸਹਾਇਤਾ ਮਿਲਣ ਤੋਂ ਬਾਅਦ ਦੁਬਾਰਾ ਨਹੀਂ ਮਿਲੀ ਜਿਸ 'ਤੇ ਧਰਮੀ ਫ਼ੌਜੀਆਂ ਵਲੋਂ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਮਿਲ ਕੇ ਉਕਤ ਮਤੇ ਸਬੰਧੀ ਜਾਣੂ ਕਰਾਇਆ ਗਿਆ ਤਾਂ ਉਨ੍ਹਾਂ ਵਲੋਂ ਵੀ ਕੋਈ ਠੋਸ ਜਵਾਬ ਨਹੀਂ ਮਿਲਿਆ |
ਅਖ਼ੀਰ ਵਿਚ ਧਰਮੀ ਫ਼ੌਜੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸਾਨੂੰ ਮਿਲਣ ਵਾਲੀ ਦਸ ਹਜ਼ਾਰ ਦੀ ਰਾਸ਼ੀ ਵਧਾ ਕੇ 25 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ ਅਤੇ ਉਨ੍ਹਾਂ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਿਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਪਾਸੋਂ ਵੀ ਮੰਗ ਕੀਤੀ 2017 ਵਿਚ ਪਾਸ ਕੀਤੇ ਮਤੇ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਧਰਮੀ ਫ਼ੌਜੀ ਵੀ ਅਪਣੇ ਪ੍ਰਵਾਰ ਪਾਲ ਸਕਣ |