ਅਬੋਹਰ : ਦੋਸਤਾਂ ਨਾਲ ਨਸ਼ੇ ਦਾ ਟੀਕਾ ਲਗਾਉਣ ਮਗਰੋਂ ਨੌਜੁਆਨ ਦੀ ਮੌਤ, ਡਰ ਕੇ ਲਾਸ਼ ਨੂੰ ਝਾੜੀਆਂ ’ਚ ਸੁੱਟ ਕੇ ਫਰਾਰ ਹੋਏ ਦੋਸਤ
ਪੁਲਿਸ ਨੇ 5 ਦੋਸਤਾਂ ਵਿਰੁਧ ਮਾਮਲਾ ਕੀਤਾ ਦਰਜ
ਅਬੋਹਰ : ਪੰਜਾਬ ਦੇ ਅਬੋਹਰ 'ਚ ਮਸਿਤ ਢਾਣੀ ਨੇੜੇ ਸੜਕ ਕਿਨਾਰੇ ਇਕ ਨੌਜੁਆਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਥਾਣਾ ਨੰਬਰ 1 ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਸੁਰਿੰਦਰ ਪਾਲ ਦੇ ਬਿਆਨਾਂ 'ਤੇ 5 ਲੋਕਾਂ 'ਤੇ ਕਤਲ ਕਰਨ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿਤੇ ਬਿਆਨਾਂ 'ਚ ਸੁਰਿੰਦਰ ਪਾਲ ਪੁੱਤਰ ਲਾਜਪਤ ਰਾਏ ਵਾਸੀ ਗੋਬਿੰਦ ਨਗਰੀ ਗਲੀ ਨੰਬਰ 1 ਨੇ ਦਸਿਆ ਕਿ ਉਸ ਦਾ 29 ਸਾਲਾ ਲੜਕਾ ਚੰਦਨ ਨਿਊ ਵੀਅਰ ਵੈੱਲ ਦੇ ਸ਼ੋਅਰੂਮ 'ਤੇ ਕੰਮ ਕਰਦਾ ਸੀ। ਉਹ 3 ਜੁਲਾਈ ਨੂੰ ਸ਼ੋਅਰੂਮ ਗਿਆ ਸੀ। ਜਿਥੋਂ ਰਾਤ 1.15 ਵਜੇ ਇਕ ਨੌਜੁਆਨ ਉਸ ਦੇ ਲੜਕੇ ਨੂੰ ਸ਼ੋਅਰੂਮ ਤੋਂ ਆਪਣੇ ਨਾਲ ਲੈ ਗਿਆ।
ਜਿਸ ਤੋਂ ਬਾਅਦ ਉਸ ਨੇ ਆਪਣੇ ਪੱਧਰ 'ਤੇ ਵੀ ਉਸ ਦੀ ਭਾਲ ਕੀਤੀ ਅਤੇ ਪੁਲਿਸ ਤੋਂ ਉਸ ਦੇ ਲੜਕੇ ਦਾ ਪਤਾ ਲਗਾਉਣ ਦੀ ਮੰਗ ਵੀ ਕੀਤੀ। ਇੱਥੇ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਸੁਖਦੀਪ ਉਰਫ਼ ਸੁੱਖਾ ਪੁੱਤਰ ਪ੍ਰਗਟ ਸਿੰਘ ਵਾਸੀ ਢਾਣੀ ਮਸੀਤ ਆਪਣੇ ਲੜਕੇ ਚੰਦਨ ਨੂੰ ਉਸ ਦੇ ਸਾਲੇ ਅੰਕੁਸ਼ ਪੁੱਤਰ ਨਰੇਸ਼ ਵਾਸੀ ਜੰਮੂ ਬਸਤੀ ਅਬੋਹਰ ਕੋਲ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ। ਜਿੱਥੇ ਉਸ ਨੇ ਜੰਮੂ ਬਸਤੀ ਗਲੀ ਨੰਬਰ 5 ਦੇ ਰਹਿਣ ਵਾਲੇ ਬੂਟਾ ਸਿੰਘ ਪੁੱਤਰ ਭੋਲਾ ਸਿੰਘ ਤੋਂ ਨਸ਼ੀਲਾ ਪਦਾਰਥ ਖਰੀਦਿਆ।
ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਉਸ ਦੇ ਪੁੱਤਰ ਨੂੰ ਨਸ਼ੇ ਦੀ ਓਵਰਡੋਜ਼ ਦਿਤੀ, ਜਿਸ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ। ਸਾਰਿਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਸ ਦੇ ਪੁੱਤਰ ਦੀ ਲਾਸ਼ ਨੂੰ ਝਾੜੀਆਂ ਕੋਲ ਸੁੱਟ ਦਿਤਾ।
ਜਿਸ ਨੂੰ ਪੁਲਿਸ ਨੇ ਮੰਗਲਵਾਰ ਦੇਰ ਸ਼ਾਮ ਬਰਾਮਦ ਕਰ ਲਿਆ। ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਸਾਰੇ ਨੌਜੁਆਨ ਨਸ਼ੇ ਦੇ ਆਦੀ ਸਨ। ਉਸ ਨੇ ਉਕਤ ਨੌਜੁਆਨ ਨੂੰ ਪਹਿਲਾਂ ਵੀ ਕਈ ਵਾਰ ਆਪਣੇ ਪੁੱਤਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿਤੀ ਸੀ। ਪਰ ਉਨ੍ਹਾਂ ਦੇ ਕਾਰਨ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇੱਥੇ ਪੁਲਿਸ ਨੇ ਸੁਰਿੰਦਰ ਦੇ ਬਿਆਨਾਂ ’ਤੇ ਪੰਜ ਨੌਜੁਆਨਾਂ ਖ਼ਿਲਾਫ਼ ਧਾਰਾ 304, 201, 34 ਆਈਪੀਸੀ, ਐਨਡੀਪੀਐਸ ਐਕਟ ਦੀਆਂ ਧਾਰਾਵਾਂ 27, 29, 61, 85 ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦਸਿਆ ਕਿ ਪਹਿਲੀ ਨਜ਼ਰੇ ਇਹ ਪਹਿਲੂ ਸਾਹਮਣੇ ਆਇਆ ਹੈ ਕਿ ਬੂਟਾ ਸਿੰਘ ਨਸ਼ਾ ਤਸਕਰੀ ਵਿਚ ਸ਼ਾਮਲ ਹੈ। ਉਹ ਇਨ੍ਹਾਂ ਨੌਜੁਆਨਾਂ ਨੂੰ ਨਸ਼ਾ ਵੇਚਦਾ ਸੀ। ਬਾਕੀ ਦਾ ਖੁਲਾਸਾ ਇਨ੍ਹਾਂ ਸਾਰਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹੋਵੇਗਾ।