ਅਮ੍ਰਿਤਸਰ ’ਚ ਭਾਰੀ ਮੀਂਹ ਮਗਰੋਂ ਹੈਰੀਟੇਜ ਸਟ੍ਰੀਟ ਸਮੇਤ ਲਗਭਗ ਪੂਰਾ ਸ਼ਹਿਰ ਗੋਡੇ-ਗੋਡੇ ਪਾਣੀ ’ਚ ਡੁੱਬਾ
ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂ ਲੋਕਾਂ ਨੂੰ ਕਰਨਾ ਪਿਆ ਭਾਰੀ ਪੇਸ਼ਾਨੀਆਂ ਦਾ ਸਾਹਮਣਾ
ਸੜਕਾਂ ’ਤੇ ਪਾਣੀ ਖੜਾ ਹੋਣ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਲਗਭਗ ਠੱਪ ਹੋਏ
ਅਮ੍ਰਿਤਸਰ: ਬੁਧਵਾਰ ਨੂੰ ਪਏ ਭਾਰੀ ਮੀਂਹ ਕਾਰਨ ਨੂੰ ਤਪਦੀ ਗਰਮੀ ਤੋਂ ਤਾਂ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੀ ਹੈ ਪਰ ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਅਮ੍ਰਿਤਸਰ ਦੇ ਨਗਰ ਨਿਗਮ ਵਲੋਂ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਬਾਰੇ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੁਲ੍ਹ ਗਈ ਜਦੋਂ ਸ਼ਹਿਰ ’ਚ ਕੁਝ ਘੰਟਿਆਂ ਦੇ ਮੀਂਹ ਤੋਂ ਬਾਅਦ ਹੀ ਸੜਕਾਂ ’ਤੇ ਗੋਡੇ-ਗੋਡੇ ਪਾਣੀ ਖੜਾ ਹੋ ਗਿਆ।
ਘੱਟ ਤੋਂ ਘੱਟ 10 ਘੰਟਿਆਂ ਤਕ ਪਏ ਮੀਂਹ ਕਾਰਨ ਅਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਪੂਰੀ ਤਰ੍ਹਾਂ ਪਾਣੀ ਨਾਲ ਭਰੀ ਹੋਈ ਸੀ ਜਿਥੇ ਲੱਖਾਂ ਦੀ ਗਿਣਤੀ ’ਚ ਲੋਕ ਰੋਜ਼ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਜਾਂਦੇ ਹਨ। ਹੈਰੀਟੇਜ ਸਟ੍ਰੀਟ ਦੇ ਪਾਣੀ ’ਚ ਡੁੱਬੀ ਹੋਣ ਕਾਰਨ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਸ ਸੜਕ ’ਤੇ ਗੱਡੀਆਂ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਲੋਕਾਂ ਨੂੰ ਤੁਰ ਕੇ ਹੀ ਜਾਣਾ ਪੈਂਦਾ ਹੈ।
ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ’ਚੋਂ ਇਕ ਕਬੀਰ ਪਾਰਕ ਮਾਰਕੀਟ ਵੀ ਪਾਣੀ ’ਚ ਡੁੱਬੀ ਹੋਈ ਸੀ। ਖ਼ਾਲਸਾ ਕਾਲਜ ਦੇ ਬਾਹਰ ਵੀ ਗੱਡੀਆਂ ਪਾਣੀ ’ਚ ਡੁੱਬੀਆਂ ਨਜ਼ਰ ਆਈਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਮਾਰਕੀਟ ਨੂੰ ਜਾਂਦੀ ਸੜਕ ਪੂਰੀ ਤਰ੍ਹਾਂ ਪਾਣੀ ’ਚ ਡੁੱਬੀ ਪਈ ਸੀ ਅਤੇ ਬੜੀ ਮੁਸ਼ਕਲ ਨਾਲ ਲੋਕ ਅਪਣੀਆਂ ਗੱਡੀਆਂ ਲੈ ਕੇ ਲੰਘ ਰਹੇ ਸਨ।
ਸੜਕਾਂ ’ਤੇ ਪਾਣੀ ਖੜਾ ਹੋਣ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਲਗਭਗ ਠੱਪ ਦਿਸੇ, ਕਿਉਂਕਿ ਸੜਕਾਂ ’ਤੇ ਪਾਣੀ ਖੜਾ ਹੋਣ ਕਾਰਨ ਲੋਕਾਂ ਨੇ ਬਾਹਰ ਨਿਕਲ ਕੇ ਕੋਈ ਵੀ ਖਰੀਦਦਾਰੀ ਕਰਨ ਤੋਂ ਗੁਰੇਜ਼ ਕੀਤਾ।
ਸੜਕਾਂ ’ਤੇ ਪਾਣੀ ਕਾਰਨ ਕਈ ਲੋਕਾਂ ਦੀਆਂ ਗੱਡੀਆਂ ਪਾਣੀ ਭਰਨ ਕਾਰਨ ਬੰਦ ਹੋ ਗਈਆਂ ਅਤੇ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਰੇੜ੍ਹੀ ਵਾਲਿਆਂ ਦੀਆਂ ਰੇੜ੍ਹੀਆਂ ਪੂਰੀ ਤਰ੍ਹਾਂ ਪਾਣੀ ’ਚ ਡੁੱਬੀਆਂ ਨਜ਼ਰ ਆਈਆਂ।