ਬਹਿਬਲਕਲਾਂ ਗੋਲੀਕਾਂਡ ਮਾਮਲਾ : ਕੇਸ 'ਚ ਪਾਰਟੀ ਬਣਨ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਿਤੀ ਅਰਜ਼ੀ
ਗਵਾਹਾਂ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਪਹਿਲਾਂ ਪੱਖ ਰੱਖਣ ਦੀ ਮੰਗੀ ਇਜਾਜ਼ਤ
ਫ਼ਰੀਦਕੋਟ : ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਇਸ ਮਾਮਲੇ ਵਿਚ ਪਾਰਟੀ ਬਣਨ ਅਤੇ ਆਪਣਾ ਪੱਖ ਰੱਖਣ ਦੀ ਅਪੀਲ ਕੀਤੀ ਗਈ ਹੈ। ਤਤਕਾਲੀ ਆਈ.ਜੀ. ਵਲੋਂ ਇਲਾਕਾ ਮੈਜਿਸਟਰੇਟ ਦੀ ਅਦਾਤਲ ਵਿਚ ਅਰਜ਼ੀ ਦਾਇਰ ਕਰਦਿਆਂ ਕਿਹਾ ਹੈ ਕਿ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਵੀ ਇਕ ਵਾਰ ਨਿਜੀ ਤੌਰ 'ਤੇ ਸੁਣਿਆ ਜਾਵੇ।
ਕੁੰਵਰ ਵਿਜੈ ਪ੍ਰਤਾਪ ਦੀ ਅਰਜ਼ੀ ਮਿਲਣ ਮਗਰੋਂ ਜੁਡੀਸ਼ੀਅਲ ਮੈਜਿਸਟਰੇਟ ਵਲੋਂ ਮਾਮਲੇ ਦੀ ਸੁਣਵਾਈ 21 ਜੁਲਾਈ ਨੂੰ ਤੈਅ ਕੀਤੀ ਹੈ। ਇਸ ਤੋਂ ਇਲਾਵਾ ਜਾਂਚ ਟੀਮ ਨੂੰ ਮਾਮਲੇ ਸਬੰਧੀ ਲਿਖਤੀ ਰੀਪੋਰਟ ਅਤੇ ਜਵਾਬ ਦਾਖ਼ਲ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਕੋਟ ਮੰਗਲ ਸਿੰਘ ਇਲਾਕੇ ਵਿਚ ਡਿੱਗਿਆ ਸ਼ੈੱਡ,ਦੋ ਸਫ਼ਾਈ ਸੇਵਕ ਹੋਏ ਜ਼ਖ਼ਮੀ
ਦਸਣਯੋਗ ਹੈ ਕਿ ਇਸ ਮਾਮਲੇ ਵਿਚ ਸੱਤ ਗਵਾਹਾਂ ਨੇ ਪਟੀਸ਼ਨ ਦਾਇਰ ਕਰ ਕੇ ਅਪਣੇ ਬਿਆਨ ਦੁਬਾਰਾ ਦਰਜ ਕਰਨ ਦੀ ਮੰਗ ਕੀਤੀ ਸੀ। ਅਦਾਲਤ ਵਿਚ ਉਨ੍ਹਾਂ ਨੇ ਤਤਕਾਲੀ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ ਕਿ ਉਨ੍ਹਾਂ ਨੇ ਨਿਜੀ ਰੰਜ਼ਿਸ਼ ਤਹਿਤ ਦੋ ਗਵਾਹਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ ਅਤੇ ਗਵਾਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਜ਼ਿਕਰਯੋਗ ਹੈ ਕਿ ਮਾਮਲੇ ਦੇ ਗਵਾਹਾਂ ਨੇ ਪਟੀਸ਼ਨ ਦਾਇਰ ਕਰ ਕੇ ਅਪਣੇ ਬਿਆਨ ਦੁਬਾਰਾ ਦਰਜ ਕਰਨ ਦੀ ਮੰਗ ਕੀਤੀ ਸੀ। ਬਹਿਬਲਕਲਾਂ ਗੋਲੀਕਾਂਡ ਵਲੋਂ ਅਦਾਲਤ ਵਿਚ ਦਿਤੀ ਲਿਖ਼ਤੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਮਾਮਲੇ ਵਿਚ ਝੂਠੇ ਗਵਾਹ ਵੀ ਤਿਆਰ ਕੀਤੇ ਗਏ ਹਨ ਜੋ ਹਕੀਕਤ ਵਿਚ ਮੌਕੇ 'ਤੇ ਮੌਜੂਦ ਹੀ ਨਹੀਂ ਸਨ।