ਖਰੜ ਦੇ ਨੌਜੁਆਨ ਨੇ 4 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ : ਮੌਤ ਮਗਰੋਂ ਪ੍ਰਵਾਰ ਨੇ ਮਨਪ੍ਰੀਤ ਸਿੰਘ ਦੇ ਅੰਗ ਕੀਤੇ ਦਾਨ

ਏਜੰਸੀ

ਖ਼ਬਰਾਂ, ਪੰਜਾਬ

28 ਜੂਨ ਨੂੰ ਵਾਪਰੇ ਸੜਕ ਹਾਦਸੇ ਮਗਰੋਂ ਹੋ ਗਿਆ ਸੀ ‘ਬ੍ਰੇਨ ਡੈੱਡ’

photo

 

ਚੰਡੀਗੜ੍ਹ (ਰਮਨਦੀਪ ਕੌਰ ਸੈਣੀ) : ਪੀ.ਜੀ.ਆਈ. ਬ੍ਰੇਨ ਡੈੱਡ ਮਰੀਜ਼ ਦੇ ਅੰਗ ਲੋੜਵੰਦ ਲੋਕਾਂ ਨੂੰ ਦਾਨ ਕੀਤੇ ਗਏ ਹਨ, ਜਿਸ ਕਾਰਨ 4 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਮਨਪ੍ਰੀਤ ਖਰੜ (30) ਪਿੰਡ ਅੰਧੇਰੀ ਦਾ ਰਹਿਣ ਵਾਲਾ ਸੀ। ਸਿਰ 'ਤੇ ਗੰਭੀਰ ਸੱਟ ਲੱਗਣ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਲਿਆਂਦਾ ਗਿਆ, ਪਰ ਇਲਾਜ ਕਰਵਾਉਣ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਔਖੇ ਸਮੇਂ ਵਿਚ ਵੀ ਬਹੁਤ ਹੀ ਦਲੇਰੀ ਭਰਿਆ ਫੈਸਲਾ ਲੈਂਦਿਆਂ ਪ੍ਰਵਾਰ ਨੇ ਮਨਪ੍ਰੀਤ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ।

ਡਾਇਰੈਕਟਰ ਪੀ.ਜੀ.ਆਈ. ਡਾ: ਵਿਵੇਕ ਲਾਲ ਦਾ ਕਹਿਣਾ ਹੈ ਕਿ ਅਸੀਂ ਸਾਰੇ ਅਜਿਹੇ ਪ੍ਰਵਾਰ ਨੂੰ ਸਲਾਮ ਕਰਦੇ ਹਾਂ, ਜੋ ਇਸ ਔਖੀ ਘੜੀ ਵਿਚ ਵੀ ਅਪਣੇ ਦੁੱਖ ਭੁੱਲ ਕੇ ਦੂਜਿਆਂ ਬਾਰੇ ਸੋਚਦੇ ਹਨ। ਜਿਸ ਦੇ ਕਾਰਨ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ। ਇਹ ਸਭ ਵਿਅਰਥ ਸੀ ਜੇਕਰ ਪ੍ਰਵਾਰ ਨਹੀਂ ਮੰਨਦਾ। ਪੀ.ਜੀ.ਆਈ. ਪਿਛਲੇ ਕਈ ਸਾਲਾਂ ਤੋਂ ਅੰਗ ਟਰਾਂਸਪਲਾਂਟ ਵਿੱਚ ਵਧੀਆ ਕੰਮ ਕਰ ਰਿਹਾ ਹੈ।

ਪੀ.ਜੀ.ਆਈ. ਇਹ ਦੇਸ਼ ਭਰ ਦਾ ਇਕਲੌਤਾ ਸਰਕਾਰੀ ਹਸਪਤਾਲ ਹੈ ਜੋ ਦਿਮਾਗੀ ਤੌਰ 'ਤੇ ਮਰੇ ਮਰੀਜਾਂ ਦੇ ਵੱਧ ਤੋਂ ਵੱਧ ਅੰਗ ਟਰਾਂਸਪਲਾਂਟ ਕਰ ਰਿਹਾ ਹੈ। ਇਸ ਵਿੱਚ ਆਰਟੀਓ ਵਿਭਾਗ ਦਾ ਵੱਡਾ ਯੋਗਦਾਨ ਹੈ। ਪੀ.ਜੀ.ਆਈ. ਨੇ ਅੰਗ ਟਰਾਂਸਪਲਾਂਟ ਵਿਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ।

ਪਿੰਡ ਅੰਧੇਰੀ, ਤਹਿਸੀਲ ਖਰੜ, ਪੰਜਾਬ ਦਾ 30 ਸਾਲਾ ਮਨਪ੍ਰੀਤ ਸਿੰਘ 28 ਜੂਨ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਗਿਆ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਬੇਹੋਸ਼ ਹੋ ਗਿਆ। ਐਮਰਜੈਂਸੀ ਵਿਚ ਮਨਪ੍ਰੀਤ ਨੂੰ ਜੀ.ਐਮ.ਐਸ.ਐਚ. ਲੈ ਗਏ ।

ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ। ਮਨਪ੍ਰੀਤ ਨੂੰ 29 ਜੂਨ ਨੂੰ ਬਹੁਤ ਗੰਭੀਰ ਹਾਲਤ ਵਿਚ ਪੀਜੀਆਈ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਇਲਾਜ ਦੇ ਬਾਵਜੂਦ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਬ੍ਰੇਨ ਡੈਥ ਸਰਟੀਫਿਕੇਸ਼ਨ ਕਮੇਟੀ ਦੀਆਂ ਦੋ ਮੀਟਿੰਗਾਂ ਤੋਂ ਬਾਅਦ ਮਰੀਜ਼ ਨੂੰ ਬ੍ਰੇਨ ਡੈੱਡ ਘੋਸ਼ਿਤ ਕੀਤਾ ਗਿਆ ਸੀ।

ਬ੍ਰੇਨ ਡੈੱਡ ਐਲਾਨੇ ਜਾਣ ਤੋਂ ਬਾਅਦ ਟਰਾਂਸਪਲਾਂਟ ਕੋਆਰਡੀਨੇਟਰ ਨੇ ਅੰਗਦਾਨ ਲਈ ਪ੍ਰਵਾਰ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਉਸ ਨੇ ਇਸ ਲਈ ਆਪਣੀ ਸਹਿਮਤੀ ਦੇ ਦਿਤੀ। ਪੁੱਤਰ ਨੂੰ ਗੁਆਉਣ ਦੇ ਦੁੱਖ ਦੇ ਬਾਵਜੂਦ ਪਿਤਾ ਕੁਲਵੰਤ ਸਿੰਘ ਨੇ ਕਿਹਾ ਕਿ ਮਨਪ੍ਰੀਤ ਇੱਕ ਦਿਆਲੂ ਵਿਅਕਤੀ ਸੀ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਸੀ। ਇਹ ਆਖਰੀ ਮੌਕਾ ਸੀ ਕਿ ਉਸ ਦੇ ਕਾਰਨ ਦੂਜਿਆਂ ਦੀ ਮਦਦ ਕੀਤੀ ਜਾ ਸਕਦੀ ਸੀ।

ਇਹ ਸੋਚ ਕੇ ਅਸੀਂ ਇਹ ਫੈਸਲਾ ਲਿਆ। ਸਾਨੂੰ ਅੰਗ ਦਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਜਦੋਂ ਸਾਨੂੰ ਦਸਿਆ ਗਿਆ ਕਿ ਸਾਡੇ ਫੈਸਲੇ ਨਾਲ ਕਈ ਜਾਨਾਂ ਬਚਾਉਣ ਵਿਚ ਮਦਦ ਮਿਲ ਸਕਦੀ ਹੈ, ਤਾਂ ਅਸੀਂ ਅੱਗੇ ਵਧਣ ਦਾ ਫੈਸਲਾ ਕੀਤਾ। ਮਰੀਜ਼ ਦੀ ਕਿਡਨੀ, ਪੈਨਕ੍ਰੀਅਸ, ਕੌਰਨੀਆ ਟਰਾਂਸਪਲਾਂਟ ਕੀਤੀ ਗਈ ਹੈ।