ਭਗਵੰਤ ਮਾਨ ਤੇ ਅਮਨ ਅਰੋੜਾ ਦੇ ਅਸਤੀਫ਼ੇ ਰੱਦ ਕਰਨ ਦੀ ਕੀਤੀ ਸਿਫ਼ਾਰਸ਼
ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਭਗਵੰਤ ਮਾਨ ਅਤੇ ਅਮਨ ਅਰੋੜਾ ਦੇ ਅਸਤੀਫ਼ੇ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਚੰਡੀਗੜ੍ਹ, 4 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਭਗਵੰਤ ਮਾਨ ਅਤੇ ਅਮਨ ਅਰੋੜਾ ਦੇ ਅਸਤੀਫ਼ੇ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। 'ਆਪ' ਪੰਜਾਬ ਦੀ ਸੂਬਾ ਪਧਰੀ ਲੀਡਰਸ਼ਿਪ ਨੇ ਪਾਰਟੀ ਦੇ ਜ਼ੋਨ ਪ੍ਰਧਾਨ, ਵਿੰਗ ਪ੍ਰਧਾਨਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਪ੍ਰਧਾਨਾਂ ਦੀ ਬੈਠਕ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਜਿਸ ਵਿਚ ਪੰਜਾਬ ਵਿਧਾਨ ਸਭਾ ਲਈ ਵਿਰੋਧੀ ਧਿਰ ਦੇ ਨਵ-ਨਿਯੁਕਤ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ।
ਡਾ. ਬਲਬੀਰ ਸਿੰਘ ਨੇ ਦਸਿਆ ਕਿ ਬੈਠਕ ਪਾਰਟੀ ਦੇ ਆਗਾਮੀ ਪ੍ਰੋਗਰਾਮਾਂ ਅਤੇ ਵਰਤਮਾਨ ਹਾਲਤਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਦਸਿਆ ਕਿ ਆਉਂਦੀ 13 ਅਗੱਸਤ ਨੂੰ ਪਾਰਟੀ ਦੇ ਸਮੂਹ ਅਹੁਦੇਦਾਰਾਂ ਦੀ ਜਲੰਧਰ 'ਚ ਬੈਠਕ ਬੁਲਾਈ ਗਈ ਹੈ। ਪਾਰਟੀ ਨੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ 15 ਅਗੱਸਤ ਨੂੰ ਈਸੜੂ ਵਿਖੇ ਅਤੇ 26 ਅਗੱਸਤ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ 'ਚ ਪਾਰਟੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਇਸ ਬੈਠਕ ਦੌਰਾਨ ਲਿਆ ਗਿਆ।