ਕਾਂਗਰਸੀਆਂ ਤੇ ਅਕਾਲੀਆਂ ਵਿਚਕਾਰ ਛਿੜੀ ਸ਼ੋਸਲ ਮੀਡੀਆ ਉਤੇ ਸਿਆਸੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਨਿਗਮ ਚੋਣਾਂ ਦੀ ਕਨਸੋਅ ਲਗਦਿਆਂ ਹੀ

File Photo

ਬਠਿੰਡਾ, 4 ਅਗੱਸਤ (ਸੁਖਜਿੰਦਰ ਮਾਨ): ਸਥਾਨਕ ਨਗਰ ਨਿਗਮ ਚੋਣਾਂ ਦੀ ਕਨਸੋਅ ਲਗਦਿਆਂ ਹੀ ਬਠਿੰਡਾ ਦੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਸ਼ੋਸਲ ਮੀਡੀਆ 'ਤੇ ਸਿਆਸੀ 'ਜੰਗ' ਸ਼ੁਰੂ ਹੋ ਗਈ ਹੈ। ਬੀਤੇ ਕਲ ਲਾਈਨੋਪਾਰ ਇਲਾਕੇ ਦੇ ਇੱਕ ਚਰਚਿਤ ਸਾਬਕਾ ਅਕਾਲੀ ਕੋਂਸਲਰ ਦੁਆਰਾ ਫ਼ੇਸਬੁੱਕ 'ਤੇ ਕਾਂਗਰਸੀਆਂ ਨੂੰ ਵਾਰਡਬੰਦੀ ਸਬੰਧੀ ਦਿਤੀ ਚੁਨੌਤੀ ਤੋਂ ਬਾਅਦ ਅੱਜ ਵਿੱਤ ਮੰਤਰੀ ਦੇ ਰਿਸ਼ਤੇਦਾਰ ਨੇ ਉਸ ਨੂੰ ਕਰਾਰਾ ਜਵਾਬ ਦਿਤਾ ਹੈ। ਜੈਜੀਤ ਜੌਹਲ ਵਲੋਂ ਪਾਈ ਵੀਡੀਉ ਤੋਂ ਬਾਅਦ ਇਸ ਫ਼ੇਸਬੁੱਕੀਆਂ ਜੰਗ ਵਿਚ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵੀ ਕੁੱਦ ਪਏ ਹਨ। ਉਨ੍ਹਾਂ ਇਸ ਮਾਮਲੇ 'ਚ ਜੌਹਲ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਆਗਾਮੀ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਦਾ ਮੇਅਰ ਬਣਨ ਦਾ ਦਾਅਵਾ ਕਰ ਦਿਤਾ ਹੈ।

ਵਾਰਡਬੰਦੀ ਤੋਂ ਸੰਧੂ ਸਾਹਿਬ ਤੁਹਾਨੂੰ ਕਿਉਂ ਮਿਰਚਾਂ ਲੱਗ ਰਹੀਆਂ: ਜੋਜੋ
ਅਕਾਲੀ ਆਗੂ ਦੇ ਸੰਦੇਸ਼ ਦਾ ਵੀਡੀਉ ਰਾਹੀਂ ਜਵਾਬ ਦਿੰਦਿਆਂ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ''ਤੁਸੀ ਬਹੁਤ ਵਾਰ ਵਾਰਡਬੰਦੀਆਂ ਕੀਤੀਆਂ ਸਨ ਤੇ ਹੁਣ ਕਾਂਗਰਸ ਵਲੋਂ ਵਾਰਡਬੰਦੀ ਕਰਨ 'ਤੇ ਮਿਰਚਾਂ ਕਿਉਂ ਲੱਗ ਰਹੀਆਂ ਹਨ। '' ਜੋਹਲ ਨੇ ਵੀਡੀਉ ਸੰਦੇਸ਼ ਰਾਹੀਂ ਅਕਾਲੀਆਂ ਵਲੋਂ ਕੀਤੀਆਂ ਧੱਕੇਸ਼ਾਹੀਆਂ ਨੂੰ ਯਾਦ ਕਰਵਾਉਂਦਿਆਂ ਦਾਅਵਾ ਕੀਤਾ ਕਿ ਨਗਰ ਨਿਗਮ ਚੋਣਾਂ ਵਿਚ ਤੁਸੀਂ ਅਪਣੇ ਚਹੇਤੇ ਪੁਲਿਸ ਅਫ਼ਸਰ ਲਗਾਕੇ ਧੱਕੇ ਨਾਲ ਚੋਣਾਂ ਲੁੱਟੀਆਂ, ਬੂਥਾਂ 'ਤੇ ਕਬਜ਼ੇ ਕੀਤੇ ਪਰ ਕਾਂਗਰਸ ਪਾਰਟੀ ਅਜਿਹਾ ਨਹੀਂ ਕਰੇਗੀ। ਬਠਿੰਡਾ ਸ਼ਹਿਰ 'ਚ ਮੁੜ ਅਕਾਲੀ ਦਲ ਦਾ ਮੇਅਰ ਬਣੇਗਾ: ਸਰੂਪ ਸਿੰਗਲਾ

ਉਧਰ ਜੈਜੀਤ ਸਿੰਘ ਜੌਹਲ ਦੀ ਵੀਡੀਉ ਦੇ ਜਵਾਬ ਵਿਚ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਨੇ ਚੁਨੌਤੀ ਨੂੰ ਸਵੀਕਾਰ ਕਰਦਿਆਂ ਐਲਾਨ ਕੀਤਾ ਕਿ ਕਾਂਗਰਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਦਾ ਮੇਅਰ ਬਣੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਡਰਨ ਵਾਲੇ ਨਹੀਂ ਹਨ। ਸਿੰਗਲਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਵੀ ਅਕਾਲੀ ਕੌਂਸਲਰਾਂ ਨੂੰ ਡਰਾਧਮਕਾ ਕੇ ਅਪਣੇ ਪਾਲੇ ਵਿਚ ਕੀਤਾ ਗਿਆ ਪ੍ਰੰਤੂ ਕਾਂਗਰਸ ਸ਼ਹਿਰ ਵਿਚ ਬੁਰੀ ਤਰ੍ਹਾਂ ਹਾਰ ਗਈ। ਉਨ੍ਹਾਂ ਜੋਜੋ ਵਲੋਂ ਵੀਡੀਉ ਰਾਹੀ ਅਕਾਲੀ ਵਰਕਰਾਂ ਨੂੰ ਡਰਾਉਣ ਤੇ ਧਮਕਾਉਣ ਦੇ ਦੋਸ਼ ਲਗਾਉਂਦਿਆਂ ਦਾਅਵਾ ਕਰ ਦਿੱਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਿਤ ਮੰਤਰੀ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਹੀ ਨਹੀਂ ਲੜਣਗੇ।

ਦਸਣਾ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਅੱਜ ਕੱਲ ਜਿਆਦਾਤਰ ਨੇਤਾ ਤੇ ਸਿਆਸੀ ਪਾਰਟੀਆਂ ਦੇ ਵਰਕਰਾਂ ਦੁਆਰਾ ਸ਼ੋਸਲ ਮੀਡੀਆ 'ਤੇ ਭੜਾਸ ਕੱਢੀ ਜਾ ਰਹੀ ਹੈ। ਸਾਬਕਾ ਕੋਂਸਲਰ ਨਿਰਮਲ ਸੰਧੂ ਦੁਆਰਾ ਫ਼ੇਸਬੁੱਕ 'ਤੇ ਕਾਂਗਰਸੀਆਂ ਨੂੰ ਚੁਣੌਤੀ ਦਿੰਦਿਆਂ ਅਸਿੱਧੇ ਢੰਗ ਨਾਲ ਅਪਣੀ ਮਨਮਰਜੀ ਦੇ ਮੁਤਾਬਕ ਵਾਰਡਬੰਦੀ ਕਰਨ ਦੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ ਇਸਦੇ ਬਾਵਜੂਦ ਅਕਾਲੀ ਦਲ ਇੰਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗਾ।