ਕੈਪਟਨ ਨੂੰ ਲੱਭਣ ਗਏ ਭਗਵੰਤ ਮਾਨ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ' ਲੀਡਰਾਂ ਨੂੰ ਭਾਰੀ ਪੁਲਿਸ ਫ਼ੋਰਸ ਨਾਲ ਨਿਊ ਚੰਡੀਗੜ੍ਹ ਬੈਰੀਅਰ 'ਤੇ ਹੀ ਰੋਕਿਆ

File Photo

ਐਸ.ਏ.ਐਸ. ਨਗਰ/ਚੰਡੀਗੜ੍ਹ, 4 ਅਗੱਸਤ (ਸੁਖਦੀਪ ਸਿੰਘ ਸੋਈਂ/ਨੀਲ ਭਲਿੰਦਰ) : ਮਾਝੇ ਦੇ ਤਿੰਨ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ (ਗੁਰਦਾਸਪੁਰ) 'ਚ ਜ਼ਹਿਰੀਲੀ ਸ਼ਰਾਬ ਕਾਰਨ ਕਰੀਬ ਸਵਾ 100 ਲੋਕਾਂ ਦੀਆਂ ਜਾਨਾਂ ਚਲੀਆਂ ਜਾਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜਿੰਨਾ ਕੋਲ ਗ੍ਰਹਿ ਅਤੇ ਆਬਕਾਰੀ ਮੰਤਰਾਲੇ ਵੀ ਹਨ) ਵਲੋਂ ਅਜੇ ਤਕ ਲੋਕਾਂ 'ਚ ਨਾ ਜਾਣ 'ਤੇ ਤਿੱਖਾ ਗੁੱਸਾ ਪ੍ਰਗਟਾਉਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮੰਗਲਵਾਰ ਨੂੰ ਅਪਣੇ ਵਿਧਾਇਕਾਂ ਅਤੇ ਲੀਡਰਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਚੰਡੀਗੜ੍ਹ ਨੇੜਲੇ ਆਲੀਸ਼ਾਨ ਸਿਸਵਾਂ 'ਫ਼ਾਰਮ ਹਾਊਸ' 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਗਏ, ਪ੍ਰੰਤੂ ਨਿਊ ਚੰਡੀਗੜ੍ਹ 'ਚ ਪਹਿਲਾਂ ਹੀ ਤੈਨਾਤ ਪੁਲਿਸ ਫ਼ੋਰਸ ਨੇ ਸਾਰੇ 'ਆਪ' ਲੀਡਰਾਂ ਨੂੰ ਰੋਕ ਲਿਆ।
ਇਸ ਮੌਕੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਸਮੇਤ ਬਾਕੀ 'ਆਪ' ਵਿਧਾਇਕਾਂ ਅਤੇ ਆਗੂਆਂ ਨਾਲ ਪੁਲਸ ਪ੍ਰਸ਼ਾਸਨ ਦੀ ਤਿੱਖੀ ਨੋਕ-ਝੋਕ ਵੀ ਹੋਈ। ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਅਤੇ ਪੁਲਿਸ ਬੈਰੀਕੇਡ ਟੱਪਣ ਦੀ ਕੋਸ਼ਿਸ਼ ਦੌਰਾਨ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਸਮੇਤ ਕੁੱਝ ਆਗੂਆਂ ਨੂੰ ਸੱਟਾਂ ਵੀ ਲੱਗੀਆਂ।

ਇਸ ਮੌਕੇ ਪੰਜਾਬ ਸਰਕਾਰ ਦੀ ਇਸ ਬੇਵਜ੍ਹਾ ਸਖ਼ਤੀ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ, ''ਜਿਥੇ ਸ਼ਰੇਆਮ ਮਾਫ਼ੀਆ ਜ਼ਹਿਰ ਵੇਚ ਰਿਹਾ ਹੈ, ਉਥੇ ਕਾਂਗਰਸੀ ਆਗੂਆਂ/ਵਿਧਾਇਕਾਂ/ਵਜ਼ੀਰਾਂ ਨੇ ਪੁਲਿਸ ਪ੍ਰਸ਼ਾਸਨ ਦਾ ਮਾਫ਼ੀਆ ਨਾਲ ਨਾਪਾਕ ਗਠਜੋੜ ਕਰਵਾਇਆ ਹੋਇਆ ਹੈ। ਜਿੰਨੀ ਮਰਜ਼ੀ ਜ਼ਹਿਰ ਵਿਕੇ ਬੱਸ ਵਿਧਾਇਕ ਜਾਂ ਵਜ਼ੀਰ ਸਾਹਿਬ ਨੂੰ ਸ਼ਾਮ ਦੀ 'ਕੁਲੈਕਸ਼ਨ' ਦਾ ਫ਼ਿਕਰ ਰਹਿੰਦਾ ਹੈ। ਕੋਈ ਸਖ਼ਤੀ ਨਹੀਂ, ਪੁਲਿਸ ਥਾਣਿਆਂ ਕੋਲੋਂ 'ਡੇਲੀ' ਵਸੂਲੀ ਜਾਂਦੀ ਹੈ ਅਤੇ ਮਾਫ਼ੀਆ ਕਦੇ ਚਿੱਟਾ ਅਤੇ ਕਦੇ ਜ਼ਹਿਰੀਲੀ ਸ਼ਰਾਬ ਪੂਰੇ ਧੜੱਲੇ ਨਾਲ ਵੇਚਦਾ ਹੈ। ਇਥੇ ਅੱਜ ਅਸੀ ਅਪਣੇ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਦੇ 'ਮਹਿਲ' 'ਚੋਂ ਜਗਾਉਣ ਚੱਲੇ ਹਾਂ, ਪੂਰਾ ਇਲਾਕਾ ਇੰਜ ਪੁਲਿਸ ਛਾਉਣੀ 'ਚ ਬਦਲ ਦਿਤਾ ਜਿਵੇਂ ਅਸੀਂ ('ਆਪ' ਵਾਲੇ) ਕੋਈ ਜੁਰਮ ਕਰਨ ਜਾ ਰਹੇ ਹੋਈਏ।''

ਬਾਦਲਾਂ ਦੇ ਮਾਫ਼ੀਏ 'ਤੇ ਹੁਣ ਪੂਰੀ ਤਰ੍ਹਾਂ ਕਾਂਗਰਸੀਏ ਕਾਬਜ਼ : ਚੀਮਾ
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਦੇ ਮਾਫ਼ੀਏ ਰਾਜ ਦੀ ਪੂਰੀ ਕਮਾਨ ਹੁਣ ਕਾਂਗਰਸੀਆਂ ਨੇ ਸੰਭਾਲੀ ਹੋਈ ਹੈ। ਚੀਮਾ ਨੇ ਕਿਹਾ ਕਿ ਚੰਡੀਗੜ੍ਹ ਦੀਆਂ ਪਹਾੜੀਆਂ 'ਚ ਸੁਖਬੀਰ ਸਿੰਘ ਬਾਦਲ ਦੇ 'ਸੁੱਖਬਿਲਾਸ' ਦੇ ਬਿਲਕੁਲ ਨਾਲ ਕੈਪਟਨ ਵਲੋਂ ਅਪਣਾ 'ਸ਼ਾਹੀ ਫ਼ਾਰਮ ਹਾਊਸ' ਬਣਾਉਣ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੋਵਾਂ ਟੱਬਰਾਂ 'ਚ ਕਿਸ ਪੱਧਰ ਦੀ ਸਾਂਝ ਪੈ ਚੁੱਕੀ ਹੈ, ਜਿਸ ਦੀ ਕੀਮਤ ਪੂਰਾ ਪੰਜਾਬ ਚੁੱਕਾ ਰਿਹਾ ਹੈ।

ਸਰਕਾਰ ਦੀ ਸੁੱਤੀ ਜ਼ਮੀਰ ਜਗਾਉਣ ਲਈ ਹਰ ਹੱਦ ਤਕ ਜਾਵਾਂਗੇ : ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਦੇ ਨਾਤੇ ਸਮੇਂ-ਸਮੇਂ 'ਤੇ ਸਰਕਾਰ ਨੂੰ ਜਗਾਉਣਾ ਅਤੇ ਹਲੂਣਾ ਦੇਣਾ ਪੰਜਾਬ ਦੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੀ ਜਮਹੂਰੀਅਤ ਤਹਿਤ ਲਗਾਈ ਗਈ ਡਿਊਟੀ ਹੈ। ਭਗਵੰਤ ਮਾਨ ਨੇ ਕਿਹਾ, ''ਸਵਾ 100 ਦੇ ਕਰੀਬ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਹ ਕਿਹੋ ਜਿਹੀ 'ਮੋਤੀਆਂ ਵਾਲੀ ਸਰਕਾਰ' ਹੈ, ਜੋ ਆਪਣੇ ਪੋਤੇ-ਦੋਹਤਿਆਂ ਨੂੰ ਜਨਮ ਦਿਨਾਂ ਦੀਆਂ ਵਧਾਈਆਂ ਦਿੰਦੇ ਹਨ। ਬੇਝਿਜਕ ਹੇ ਕੇ ਟਿੱਕ-ਟਾਕ ਸਟਾਰਜ਼ ਨਾਲ ਗੱਲਾਂ ਕਰਦੇ ਹਨ। ਸਾਨੂੰ ਕੋਈ ਇਤਰਾਜ਼ ਨਹੀਂ, ਪਰੰਤੂ ਉਨ੍ਹਾਂ ਉੱਜੜੇ ਘਰਾਂ ਦੀ ਸਾਰ ਲੈਣਾ ਵੀ ਤਾਂ ਮੁੱਖ ਮੰਤਰੀ ਅਤੇ ਉਸ ਦੇ ਵਿਧਾਇਕਾਂ-ਵਜ਼ੀਰਾਂ ਦਾ ਫ਼ਰਜ਼ ਹੈ, ਜੋ ਸਰਕਾਰ ਦੇ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਦੀ ਭੇਂਟ ਚੜ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਅਤੇ ਉਸ ਦੀ ਪੁਲਸ ਸਾਨੂੰ (ਆਪ) ਨੂੰ ਜੇਲਾਂ 'ਚ ਸੁੱਟ ਦੇਵੇ ਪ੍ਰੰਤੂ ਅਸੀਂ ਆਮ ਅਤੇ ਸਿਸਟਮ ਦੇ ਸਾਰੇ ਲੋਕਾਂ ਲਈ ਹਰ ਪੱਧਰ ਦੀ ਜੰਗ ਲੜਾਂਗੇ। ਜਦੋਂ ਤਕ ਕੈਪਟਨ ਅਤੇ ਉਸ ਦੇ ਮੰਤਰੀ ਲੋਕਾਂ 'ਚ ਜਾ ਕੇ ਨੈਤਿਕ ਤੌਰ 'ਤੇ ਅਸਤੀਫ਼ੇ ਨਹੀਂ ਦੇਣਗੇ, ਇਸ ਲੋਕ ਮਾਰੂ ਸਰਕਾਰ ਵਿਰੁਧ ਸਾਡੀ ਆਵਾਜ਼ ਨਹੀਂ ਦੱਬੇਗੀ।