ਸੁਖਬੀਰ ਦੇ ਸੁਪਨੇ ਨੂੰ ਮਨਪ੍ਰੀਤ ਕਰੇਗਾ ਪੂਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ 'ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਉਣ ਲਈ ਲਿਖਿਆ ਪੱਤਰ

Manpreet Badal and Sukhbir Badal

ਬਠਿੰਡਾ, 4 ਅਗੱਸਤ (ਸੁਖਜਿੰਦਰ ਮਾਨ): ਅਪਣੇ ਸਿਆਸੀ ਸ਼ਰੀਕ ਤੇ ਚਚੇਰੇ ਭਰਾ ਸੁਖਬੀਰ ਬਾਦਲ ਦੇ ਸੁਪਨੇ ਨੂੰ ਹੁਣ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੂਰਾ ਕਰੇਗਾ। ਕਰੀਬ ਸਵਾ ਦਹਾਕੇ ਪਹਿਲਾਂ ਬਠਿੰਡਾ 'ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਉਣ ਦੀ ਚੱਲੀ ਗੱਲ ਨੂੰ ਹੁਣ ਅਮਲੀ ਰੂਪ ਦੇਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ। ਮਨਪ੍ਰੀਤ ਸਿੰਘ ਬਾਦਲ ਵਲੋਂ ਇਸ ਸਬੰਧ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਇੱਕ ਪੱਤਰ ਲਿਖ਼ਕੇ ਬਠਿੰਡਾ 'ਚ ਕ੍ਰਿਕਟ ਸਟੇਡੀਅਮ ਬਣਾਉਣ ਦੀ ਅਪੀਲ ਕੀਤੀ ਹੈ। ਖ਼ੁਸਕਿਸਮਤੀ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਰਜਿੰਦਰ ਗੁਪਤਾ ਖ਼ੁਦ ਬਠਿੰਡਾ ਦੇ ਵਾਸੀ ਹਨ।

ਬਰਨਾਲਾ ਸਹਿਤ ਦੇਸ ਦੇ ਕਈ ਸੂਬਿਆਂ ਵਿਚ ਟ੍ਰਾਂਈਡੈਂਟ ਦੇ ਨਾਂ ਹੇਠ ਕਾਰੋਬਾਰ ਕਰਨ ਵਾਲੇ ਰਜਿੰਦਰ ਗੁਪਤਾ ਨੇ ਬਠਿੰਡਾ ਦੇ ਕਾਂਗਰਸੀਆਂ ਨੂੰ ਇਹ ਸੁਪਨਾ ਪੂਰਾ ਕਰਨ ਵਿਚ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ। ਉਂਜ ਵੀ ਹੁਣ ਬਠਿੰਡਾ ਦੇ ਪ੍ਰਸ਼ਾਸਨ ਕੋਲ ਇੱਥੇ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਬਣਾਉਣ ਲਈ ਸਰਕਾਰੀ ਜਮੀਨ ਦੀ ਵੀ ਕੋਈ ਕਮੀ ਨਹੀਂ ਹੈ। ਬੰਦ ਹੋਏ ਥਰਮਲ ਪਲਾਂਟ ਦੀ 283 ਏਕੜ ਕਲੌਨੀ ਅਤੇ ਥਰਮਲ ਦੀ ਬਾਕੀ ਜਮੀਨ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਵਿਚਕਾਰ ਜਲਦ ਹੀ ਖ਼ਾਲੀ ਹੋਣ ਜਾ ਰਹੀ ਪੁਲਿਸ ਲਾਈਨ ਦੀ ਜਮੀਨ ਨੂੰ ਇਸ ਕੰਮ ਲਈ ਵਰਤਿਆ ਜਾ ਸਕਦਾ ਹੈ। ਅਜਿਹੀ ਹਾਲਾਤ ਵਿਚ ਸਿਵਾਏ ਫੰਡਾਂ ਤੋਂ ਹੋਰ ਕੋਈ ਵੱਡੀ ਅੜਚਣ ਨਹੀਂ ਹੈ। ਸੂਤਰਾਂ ਮੁਤਾਬਕ ਪੀਸੀਏ ਵੀ ਇਸ ਕੰਮ ਲਈ ਦਸ ਕਰੋੜ ਦੇ ਕਰੀਬ ਮੱਦਦ ਕਰ ਸਕਦਾ ਹੈ

ਜਦੋਂਕਿ ਬਾਕੀ ਦੀ ਰਕਮ ਵਿਚੋਂ ਕਾਫ਼ੀ ਹਿੱਸਾ ਬਠਿੰਡਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਤੋਂ ਇਲਾਵਾ ਖ਼ੁਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਦੀ ਤਰਫ਼ੋਂ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ ਹੈ। ਇੱਥੇ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਵਧਾਵਨ ਵੀ ਇਸ ਪ੍ਰੋਜੈਕਟ ਲਈ ਲੰਮੇ ਸਮੇਂ ਤੋਂ ਭੱਜਦੋੜ ਕਰ ਰਹੇ ਹਨ। ਪਤਾ ਲੱਗਿਆ ਹੈ ਕਿ ਵਿਤ ਮੰਤਰੀ ਸ਼੍ਰੀ ਬਾਦਲ ਵਲੋਂ ਅੱਜ ਲਿਖੇ  ਪੱਤਰ ਤੋਂ ਬਾਅਦ ਹੁਣ ਐਸੋਸੀਏਸ਼ਨ ਦੀ ਅਪੈਕਸ ਕੋਂਸਲ ਇਸ ਉਪਰ ਵਿਚਾਰ ਕਰੇਗੀ। ਜਿਸਤੋਂ ਬਾਅਦ ਇਸ ਮਤੇ ਨੂੰ ਜਨਰਲ ਹਾਊਸ ਵਿਚ ਰਖਿਆ ਜਾਵੇਗਾ। ਗੌਰਤਲਬ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਮੌਜੂਦਾ ਏਮਜ਼ ਵਾਲੀ ਜਗ੍ਹਾਂ 'ਤੇ ਕ੍ਰਿਕਟ ਸਟੇਡੀਅਮ ਬਣਾਉਣ ਲਈਂ ਨੀਂਹ ਪੱਥਰ ਵੀ ਰਖ਼ਵਾਇਆ ਗਿਆ ਸੀ ਪ੍ਰੰਤੂ ਉਹ ਅਪਣੀ ਪਾਰਟੀ ਦੇ ਦਸ ਸਾਲਾਂ ਦੇ ਕਾਰਜ਼ਕਾਲ ਦੌਰਾਨ ਇਸ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ।

ਵਿਤ ਮੰਤਰੀ ਨੇ ਗਿਣਾਈਆਂ ਬਠਿੰਡਾ ਦੀਆਂ ਖੂਬੀਆਂ
ਬਠਿੰਡਾ: ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਲਿਖੇ ਅਰਧ ਸਰਕਾਰੀ ਪੱਤਰ (ਨੰਬਰ 542) ਵਿਚ ਇੱਥੇ ਕ੍ਰਿਕਟ ਸਟੇਡੀਅਮ ਬਣਨ ਵਾਲੀਆਂ ਸਾਰੀਆਂ ਜਰੂਰੀ ਵਿਸੇਸਤਾਵਾਂ ਨੂੰ ਦਸਿਆ ਹੈ। ਜਿਸ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ, ਉਤਰੀ ਭਾਰਤ ਦਾ ਸਭ ਤੋਂ ਵੱਡਾ ਰੇਲ ਜੰਕਸ਼ਨ, ਘਰੇਲੂ ਹਵਾਈ ਅੱਡਾ, ਏਮਜ਼ ਅਤੇ ਐਨ.ਐਫ.ਐਲ ਤੋਂ ਇਲਾਵਾ ਦੱਖਣੀ ਮਾਲਵਾ ਦੇ ਦਿਲ ਮੰਨੇ ਜਾਂਦੇ ਇਸ ਸ਼ਹਿਰ ਦੀ ਰਾਜਸਥਾਨ ਦੇ ਬੀਕਾਨੇਰ ਤੇ ਹਰਿਆਣਾ ਦੇ ਹਿਸਾਰ ਨਾਲ ਭੂਗੋਲਿਕ ਨੇੜਤਾ ਦਾ ਜਿਕਰ ਕੀਤਾ ਗਿਆ ਹੈ।

ਸਪੋਕਸਮੈਨ ਨੇ ਵਿਤ ਮੰਤਰੀ ਦੀ ਇਸ ਯੋਜਨਾ ਦਾ ਪਹਿਲਾਂ ਕੀਤਾ ਸੀ ਖ਼ੁਲਾਸਾ
ਬਠਿੰਡਾ: ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਕ੍ਰਿਕਟ ਸਟੇਡੀਅਮ ਬਣਾਉਣ ਲਈ ਵਿਚਾਂਰ-ਵਿਟਾਂਦਰਾ ਸ਼ੁਰੂ ਕਰ ਦਿੱਤਾ ਸੀ। ਪ੍ਰਨੀਤ ਭਾਰਦਵਾਜ਼ ਦੇ ਡਿਪਟੀ ਕਮਿਸ਼ਨਰ ਹੁੰਦੇ ਸਮੇਂ ਇਸ ਸਬੰਧ ਵਿਚ ਇੱਕ ਯੋਜਨਾ ਵੀ ਬਣਾਈ ਗਈ ਸੀ, ਜਿਸਦੇ ਬਾਰੇ ਸਪੋਕਸਮੈਨ ਨੇ ਖ਼ਬਰ ਵੀ ਪ੍ਰਕਾਸ਼ਤ ਕੀਤੀ ਸੀ।