ਸ਼ਰਾਬ ਕਾਂਡ ਨੇ ਵਧਾਈ ਪੰਜਾਬ ਕਾਂਗਰਸ ਦੀ ਚਿੰਤਾ, ਦਿਗਜ਼ ਆਗੂਆਂ ਵਾਲੇ ਖ਼ਾਨਾਜੰਗੀ ਵਰਗਾ ਮਾਹੌਲ!
ਪਾਰਟੀ ਆਗੂਆਂ ਵਿਚਾਲੇ ਸ਼ੁਰੂ ਹੋਈ ਖ਼ਾਨਾਜੰਗੀ ਦਾ ਮਾਮਲਾ ਸੋਨੀਆ ਗਾਂਧੀ ਕੋਲ ਪੁੱਜਾ
ਚੰਡੀਗੜ੍ਹ: ਪੰਜਾਬ ਅੰਦਰ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਢ ਨੇ ਸੱਤਾਧਾਰੀ ਧਿਰ ਦੇ ਆਗੂਆਂ ਵਿਚਾਲੇ ਸੁਲਗ ਰਹੀ ਚੰਗਿਆੜੀ ਨੂੰ ਭਾਂਬੜ ਦਾ ਰੂਪ ਦੇ ਦਿਤਾ ਹੈ। ਸਰਕਾਰ ਦੀ ਕਾਰਗੁਜ਼ਾਰੀ ਤੋਂ ਦੁਖੀ ਕੁੱਝ ਆਗੂ ਪਿਛਲੇ ਦਿਨਾਂ ਦੌਰਾਨ ਅੰਦਰਖਾਤੇ ਸਰਕਾਰ ਨੂੰ ਘੇਰਨ ਲਈ ਮੁੱਦੇ ਦੀ ਭਾਲ 'ਚ ਸਨ। ਜ਼ਹਿਰੀਲੀ ਸ਼ਰਾਬ ਕਾਂਡ ਦਾ ਸਾਰਾ ਠੀਕਰਾ ਸਰਕਾਰ ਸਿਰ ਭੱਜਣ ਬਾਅਦ ਹੁਣ ਇਨ੍ਹਾਂ ਆਗੂਆਂ ਨੇ ਵੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿਤਾ ਹੈ। ਦਿਗਜ਼ ਆਗੂਆਂ ਵਿਚਾਲੇ ਸ਼ੁਰੂ ਹੋਏ ਘਮਾਸਾਨ ਦਾ ਇਹ ਮਾਮਲਾ ਸੋਨੀਆ ਗਾਂਧੀ ਦੇ ਦਰਬਾਰ ਤਕ ਪਹੁੰਚ ਚੁੱਕਾ ਹੈ। ਇਸ ਕਾਰਨ ਆਉਂਦੇ ਦਿਨਾਂ ਦੌਰਾਨ ਕਿਸੇ ਵੱਡਾ ਧਮਾਕੇ ਦੀਆਂ ਕਿਆਸ-ਅਰਾਈਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਦੱਸ ਦਈਏ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ਸ਼ਰਾਬ ਕਾਂਡ ਵਾਲੀ ਘਟਨਾ ਦਾ ਮੁੱਦਾ ਰਾਜਪਾਲ ਕੋਲ ਉਠਾਇਆ ਸੀ। ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਦਾ ਬਚਾਅ ਕਰਦਿਆਂ ਉਕਤ ਆਗੂਆਂ ਦੀ ਕਾਰਵਾਈ 'ਤੇ ਸਵਾਲ ਚੁਕੇ ਸਨ।
ਇਸ ਸਬੰਧੀ ਪਲਟਵਾਰ ਕਰਦਿਆਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦੀਆਂ ਨੀਤੀਆਂ ਕਾਰਨ ਹੀ ਜ਼ਹਿਰੀਲੀ ਸ਼ਰਾਬ ਕਾਂਡ ਵਾਪਰਿਆ ਹੈ ਜੋ ਸਵਾ ਸੋ ਦੇ ਕਰੀਬ ਜਾਨਾਂ ਲੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਉਨ੍ਹਾਂ ਨੂੰ ਇਹ ਮਾਮਲਾ ਰਾਜਪਾਲ ਕੋਲ ਚੁੱਕਦਾ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਇੰਉਂ ਜਾਪਦਾ ਸੀ ਜਿਵੇਂ ਕੈਪਟਨ ਹੀ ਪੰਜਾਬ ਤੇ ਪੰਜਾਬ ਕਾਂਗਰਸ ਦਾ ਖ਼ਾਤਮਾ ਕਰਨ ਦੇ ਰਾਹ ਪਏ ਹੋਏ ਹਨ ਪਰ ਹੁਣ ਤਾਂ ਜਾਖੜ ਦੇ ਰਵੱਈਏ ਤੋਂ ਵੀ ਸਾਫ਼ ਹੋ ਗਿਆ ਹੈ ਕਿ ਉਹ ਵੀ ਇਸ 'ਚ ਬਰਾਬਰ ਦੇ ਭਾਈਵਾਲ ਹਨ।
ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਦੂਲੋਂ ਨੇ ਵੀ ਜਾਖੜ ਨੂੰ ਪਲਟਵਾਰ ਕਰਦਿਆਂ ਕਿਹਾ ਕਿ ਉਹ ਅਪਣੀ ਮਿਹਨਤ ਅਤੇ ਲਗਨ ਸਦਕਾ ਇਸ ਮੁਕਾਮ 'ਤੇ ਪਹੁੰਚੇ ਹਨ ਜਦਕਿ ਸੁਨੀਲ ਜਾਖੜ ਆਪਣੇ ਪਿਤਾ ਬਲਰਾਮ ਜਾਖੜ ਕਾਰਨ ਇਸ ਅਹੁਦੇ 'ਤੇ ਬਿਰਾਜਮਾਨ ਹਨ। ਦੂਲੋਂ ਨੇ ਕਿਹਾ ਪਾਰਟੀ ਵਰਕਰ ਜਾਖੜ ਵਲੋਂ ਪਾਰਟੀ ਪ੍ਰਧਾਨ ਨਾਤੇ ਬਣਦੀ ਜ਼ਿੰਮੇਵਾਰੀ ਨਿਭਾਉਣ ਸਬੰਧੀ ਜਾਨਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੀ ਡਰੱਗ, ਕੇਬਲ, ਟਰਾਂਸਪੋਰਟ ਅਤੇ ਸ਼ਰਾਬ ਮਾਫ਼ੀਆ ਬਾਰੇ ਧਾਰਨ ਕੀਤੀ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।
ਕਾਬਲੇਗੌਰ ਹੈ ਕਿ ਮੌਜੂਦਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸਿਆਸੀ ਖਿੱਚੋਤਾਣ ਕਾਫ਼ੀ ਪੁਰਾਣਾ ਹੈ। ਸਾਲ 2012 ਦੌਰਾਨ ਕਾਂਗਰਸ ਵਿਧਾਇਕ ਦਲ ਦੇ ਨੇਤਾ ਹੁੰਦਿਆਂ ਸੁਨੀਲ ਜਾਖੜ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਣ ਸਮੇਂ ਵੀ ਦੋਵਾਂ ਆਗੂਆਂ ਵਿਚਾਲੇ ਤਲਖੀ ਅਪਣੀ ਚਰਮ-ਸੀਮਾ 'ਤੇ ਪਹੁੰਚ ਗਈ ਸੀ। ਹੁਣ ਜ਼ਹਿਰੀਲੀ ਸ਼ਰਾਬ ਵਾਲਾ ਕਾਂਡ ਵਾਪਰਟ ਬਾਅਦ ਦੋਵੇਂ ਆਗੂ ਇਕ ਵਾਰ ਫਿਰ ਆਹਮੋ-ਸਾਹਮਣੇ ਹਨ।
ਜ਼ਹਿਰੀਲੀ ਸ਼ਰਾਬ ਮਾਮਲੇ ਤੋਂ ਬਾਅਦ ਸਰਕਾਰ ਸਭ ਦੇ ਨਿਸ਼ਾਨੇ 'ਤੇ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ, ਜਿਸ ਦੇ ਜਵਾਬ 'ਚ ਕਾਂਗਰਸੀ ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆ ਸਮੇਤ ਕਈ ਆਗੂ ਅਕਾਲੀਆਂ ਨੂੰ ਮੋੜਵਾਂ ਜਵਾਬ ਦੇ ਚੁੱਕੇ ਹਨ। ਬੁਲਾਰੀਆ ਨੇ ਅਕਾਲੀ ਦਲ 'ਤੇ ਗੰਭੀਰ ਦੋਸ਼ ਲਾਉਂਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ 'ਤੇ ਕਈ ਤਰ੍ਹਾਂ ਦੇ ਤੰਜ ਕੱਸੇ ਹਨ। ਇਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਕਾਂਡ ਨੇ ਪੰਜਾਬ ਦੀ ਸਿਆਸਤ 'ਚ ਇਕ ਤਰ੍ਹਾਂ ਦਾ ਭੂਚਾਲ ਜਿਹਾ ਲਿਆ ਦਿਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।