ਇੰਟਰਵਿਊ ਦੌਰਾਨ ਬਾਜਵਾ ਅਤੇ ਦੂਲੋਂ 'ਤੇ ਵਰ੍ਹੇ ਜਾਖੜ, ਪਾਰਟੀ ਵਿਰੋਧੀ ਗਤੀਵਿਧੀਆਂ 'ਤੇ ਚੁੱਕੇ ਸਵਾਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਲਚਵੱਸ ਭਾਜਪਾ ਦੇ ਇਸ਼ਾਰੇ 'ਤੇ ਨੱਚਣ ਦੇ ਲਾਏ ਦੋਸ਼

Sunil Jakhar

ਚੰਡੀਗੜ੍ਹ : ਪੰਜਾਬ ਅੰਦਰ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਨੇ ਸਰਕਾਰ ਦੇ ਨਾਲ-ਨਾਲ ਪੰਜਾਬ ਕਾਂਗਰਸ ਸਾਹਮਣੇ ਵੀ ਢੇਰ ਸਾਰੀਆਂ ਚੁਨੌਤੀਆਂ ਖੜ੍ਹੀਆਂ ਕਰ ਦਿਤੀਆਂ ਹਨ। ਸਰਕਾਰ ਵਲੋਂ ਭਾਵੇਂ ਸ਼ਰਾਬ ਮਾਫੀਆਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਪਰ ਵਿਰੋਧੀਆਂ ਪਾਰਟੀਆਂ ਦੀਆਂ ਸਰਗਰਮੀਆਂ ਦੇ ਨਾਲ ਨਾਲ ਇਸ ਮੁੱਦੇ 'ਤੇ ਪਾਰਟੀ ਅੰਦਰੋਂ ਵੀ ਬਾਗੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਦਿਨਾਂ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋਂ ਵਲੋਂ ਜਿਸ ਤਰ੍ਹਾਂ ਰਾਜਪਾਲ ਕੋਲ ਜਾ ਕੇ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ 'ਚ ਸਰਕਾਰ ਦੀ ਸ਼ਿਕਾਇਤ ਕੀਤੀ ਹੈ, ਉਸ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਹਿਲਾ ਕੇ ਰੱਖ ਦਿਤਾ ਹੈ। ਕਾਂਗਰਸੀ ਆਗੂਆਂ ਦੇ ਇਸ ਕਦਮ ਤੋਂ ਬਾਅਦ ਪੰਜਾਬ ਦਾ ਹਾਲ ਵੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗਾ ਹੋਣ ਦੀਆਂ ਕਿਆਸ-ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਆਗੂਆਂ ਖਿਲਾਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਖ਼ਤੀ ਵਰਤਿਆਂ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਵੱਲ ਪੱਤਰ ਲਿਖਿਆ ਹੈ।

ਸਪੋਕਸਮੈਨ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਸੁਨੀਲ ਜਾਖੜ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਇਸ ਵਿਚ ਉਨ੍ਹਾਂ ਨੇ ਬਾਜਵਾ ਅਤੇ ਦੂਲੋਂ ਖਿਲਾਫ਼ ਬੇਵਾਕ ਟਿੱਪਣੀਆਂ ਕਰਦਿਆਂ ਦੋਵਾਂ ਆਗੂਆਂ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ। ਪੇਸ਼ ਹਨ ਇੰਟਰਵਿਊ ਦੇ ਕੁੱਝ ਵਿਸ਼ੇਸ਼ ਅੰਸ਼ :

ਪੰਜਾਬ ਕਾਂਗਰਸ ਦੇ ਕੁੱਝ ਅਪਣੇ ਹੀ ਆਗੂਆਂ ਵਲੋਂ ਭਾਜਪਾ ਦੇ ਕਾਂਗਰਸ ਮੁਕਤ ਭਾਰਤ ਵਰਗੇ ਨਾਅਰਿਆਂ ਨਾਲ ਮਿਲਦੇ ਜੁਲਦੇ ਕਿਰਦਾਰ ਨਿਭਾਉਣ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਜਿਵੇਂ ਹਰ ਘਰ 'ਚ ਏਕਾ ਹੋਣਾ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਪਾਰਟੀਆਂ ਅੰਦਰ ਵੀ ਏਕਾ ਰਹਿਣਾ ਲਾਜ਼ਮੀ ਹੁੰਦਾ ਹੈ, ਪਰ ਇਹ ਜ਼ਿੰਮੇਵਾਰੀ ਪਾਰਟੀ ਦੇ ਸੀਨੀਅਰ ਅਤੇ ਸਿਆਣੇ ਆਗੂਆਂ ਸਿਰ ਹੁੰਦੀ ਹੈ। ਬਦਕਿਸਮਤੀ ਨਾਲ ਕਾਂਗਰਸ ਅੰਦਰ ਕੁੱਝ ਆਗੂ ਅਜਿਹੇ ਹਨ ਜੋ ਅਪਣੀ ਪਾਰਟੀ ਨੂੰ ਬੰਨ ਕੇ ਰੱਖਣ ਦੀ ਜ਼ਿੰਮੇਵਾਰੀ ਨੂੰ ਭੁਲ ਚੁੱਕੇ ਹਨ। ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋਂ ਵੱਲ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਕਾਂਗਰਸ ਪਾਰਟੀ ਨੇ ਵੱਡੀਆਂ ਜ਼ਿੰਮੇਵਾਰੀ ਸੌਂਪਦਿਆਂ ਲੋਕ ਸਭਾ ਅਤੇ ਰਾਜ ਸਭਾ ਅੰਦਰ ਪਾਰਟੀ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਸੀ, ਪਰ ਇਨ੍ਹਾਂ ਵਲੋਂ ਅਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਉਲਟਾ ਪਾਰਟੀ ਵਿਰੋਧੀ ਕਦਮ ਚੁੱਕੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਕਾਰਨ 111 ਮੌਤਾਂ ਹੋਣ ਦਾ ਸਰਕਾਰ ਦੇ ਨਾਲ-ਨਾਲ ਸਾਰੀਆਂ ਧਿਰਾਂ ਨੂੰ ਬਹੁਤ ਦੁੱਖ ਹੈ। ਸਰਕਾਰ ਲਈ ਵੀ ਇਹ ਘਟਨਾ ਇਕ ਬਹੁਤ ਵੱਡੀ ਚੁਨੌਤੀ ਹੈ। ਪਰ ਕਾਂਗਰਸ ਅੰਦਰ ਕੁੱਝ ਆਗੂ ਅਜਿਹੇ ਹਨ ਜੋ ਇਸ ਮੁੱਦੇ 'ਤੇ ਵੀ ਅਪਣੀ ਹੀ ਸਰਕਾਰ ਨੂੰ ਘੇਰਨ 'ਚ ਲੱਗੇ  ਹੋਏ ਹਨ। ਜਦਕਿ ਵਿਰੋਧੀ ਧਿਰ ਭਾਜਪਾ ਦੀਆਂ ਵੱਡੀਆਂ ਵੱਡੀਆਂ ਕਮੀਆਂ ਨੂੰ ਉਹ ਅਣਗੌਲਿਆ ਕਰ ਰਹੇ ਹਨ। ਨਸ਼ਾ ਮਾਫ਼ੀਆ ਖਿਲਾਫ਼ ਸਮਾਂ ਰਹਿੰਦੇ ਕਦਮ ਨਾ ਚੁੱਕੇ ਜਾਣ ਸਬੰਧੀ ਪੁਛਣ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਾ ਮਾਫ਼ੀਆ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਹੈ। ਪਰ ਸਾਨੂੰ ਇਹ ਸਮੱਸਿਆ ਵਿਰਾਸਤ 'ਚ ਮਿਲੀ ਸੀ, ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ। ਇਸ ਲਈ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਮਾਂ ਲੱਗਾ ਹੈ ਪਰ ਕੈਪਟਨ ਸਰਕਾਰ ਕਾਫ਼ੀ ਹੱਦ ਤਕ ਇਸ 'ਤੇ ਕਾਬੂ ਪਾਉਣ ਸਫ਼ਲ ਰਹੀ ਹੈ। ਨਸ਼ਿਆਂ ਦਾ ਨੈੱਟਵਰਕ ਜੋ ਅਕਾਲੀ ਆਗੂਆਂ ਦੀ ਸ਼ਮੂਲੀਅਤ ਦੀ ਬਦੌਲਤ ਕਦੇ ਗੁਜਰਾਤ ਤਕ ਫ਼ੈਲਿਆ ਹੋਇਆ ਸੀ, ਅੱਜ ਕਾਫ਼ੀ ਸੀਮਤ ਹੋ ਚੁੱਕਾ ਹੈ।

ਬਾਜਵਾ ਅਤੇ ਦੂਲੋਂ ਵਲੋਂ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ 'ਚ ਸਰਕਾਰ ਢਿੱਲਮੱਠ ਦੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਕਾਂਡ 'ਚ ਸ਼ਾਮਲ ਸਾਰੇ ਲੋਕਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਂਡ 'ਚ ਗਈਆਂ ਜਾਨਾਂ ਨੂੰ ਕਤਲ ਮੰਨਦਿਆਂ ਕਤਲ ਕੇਸ ਦਰਜ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਾਜਵਾ ਵਲੋਂ ਖੁਦ 'ਤੇ ਲਾਏ ਦੋਸ਼ਾਂ ਦੇ ਜਵਾਬ 'ਚ ਉਨ੍ਹਾਂ ਬਾਜਵਾ ਨੂੰ ਸਵਾਲ ਕਰਦਿਆਂ ਕਿ ਕਿਹਾ ਕਿ ਉਹ ਦੱਸਣ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਉਥੇ 4 ਸਾਲਾਂ ਤੋਂ ਕਿੰਨੀ ਵਾਰ ਗਏ ਹਨ? ਉਨ੍ਹਾਂ ਕਿਹਾ ਕਿ ਮੈਂ ਤਾਂ ਅਜੇ ਪਿਛਲੇ ਮਹੀਨੇ ਹੀ ਡੇਰਾ ਬਾਬਾ ਨਾਨਕ ਵਿਖੇ ਚੀਨ ਨਾਲ ਸੰਘਰਸ਼ ਦੌਰਾਨ ਸ਼ਹੀਦ ਹੋਏ ਫ਼ੌਜੀ ਜਵਾਨ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਗਿਆ ਸਾਂ। ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਵੀ ਆਵਾਜ਼ ਉਠਾਉਂਦੇ ਰਹੇ ਹਾਂ, ਪਰ ਇਨ੍ਹਾਂ ਆਗੂਆਂ ਨੇ ਨਾ ਹੀ ਦਿੱਲੀ 'ਚ ਇਸ ਸਬੰਧੀ ਆਵਾਜ਼ ਉਠਾਈ ਨਾ ਹੀ ਲੋਕ ਸਭਾ 'ਚ ਮੂੰਹ ਖੋਲਿਆ ਹੈ।

ਉਨ੍ਹਾਂ ਕਿ ਕਿ ਬਾਜਵਾ ਨੂੰ ਇਕੋ ਹੀ ਕੰਮ ਹੈ, ਉਹ ਜਾਂ ਤਾਂ ਚਿੱਠੀ ਲਿਖ ਛੱਡਦੇ ਹਨ, ਜਾਂ ਸਰਕਾਰ ਦੇ ਕੰਮ ਕਾਜ 'ਤੇ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਭਾਜਪਾ ਦੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਕੋਈ ਵੀ ਕਮੀ ਨਹੀਂ ਦਿਸਦੀ, ਜਿਨ੍ਹਾਂ ਖਿਲਾਫ਼ ਉਨ੍ਹਾਂ ਨੇ ਅੱਜ ਤਕ ਇਕ ਵੀ ਸ਼ਬਦ ਮੂੰਹੋਂ ਨਹੀਂ ਕੱਢਿਆ। ਬਾਜਵਾ 'ਤੇ ਸਕਿਊਰਟੀ 'ਚ ਚਾਰ ਬੰਦੇ ਵੱਧ ਲੈ ਕੇ ਭਾਜਪਾ ਦਾ ਹੱਥਠੋਕਾ ਬਣਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਲਾਵਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਸਕਿਊਰਟੀ 'ਚ ਕਟੌਤੀ ਕਰ ਦਿਤੀ ਹੈ ਪਰ ਬਾਜਵਾ ਦੀ ਸੁਰੱਖਿਆ ਵਾਈ ਦੀ ਥਾਂ ਜੈਡ ਕਰ ਦਿਤੀ ਹੈ।

ਉਨ੍ਹਾਂ ਕਿਹਾ ਕਿ ਬਾਜਵਾ ਭਾਜਪਾ ਦੇ ਇਸੇ ਅਹਿਸਾਨ ਦੇ ਮੱਦੇਨਜ਼ਰ ਹੀ ਅਪਣੀ ਹੀ ਸਰਕਾਰ ਖਿਲਾਫ਼ ਰਾਜਪਾਲ ਕੋਲ ਪਹੁੰਚ ਕੇ ਸ਼ਿਕਾਇਤ ਲਾ ਰਹੇ ਹਨ।  ਬਾਜਵਾ ਦੇ ਰਾਜਪਾਲ ਕੋਲ ਜਾ ਕੇ ਇੰਨਫੋਰਮੈਂਟ ਡਾਇਰੈਕਟੋਰੇਟ ਦੀ ਰੇਡ ਸਬੰਧੀ ਪੱਤਰ ਸੌਂਪਣ ਦੇ ਕਦਮ ਨੂੰ ਬਹੁਤ ਹੀ ਹੋਛਾ ਅਤੇ ਹਾਸੋਹੀਣ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਇਸ ਤਰ੍ਹਾਂ ਹੋਇਆ ਕਿ ਪੰਜਾਬ ਦਾ ਐਸਵਾਈਐਲ ਨੂੰ ਲੈ ਕੇ ਝਗੜਾ ਹਰਿਆਣਾ ਨਾਲ ਚੱਲ ਰਿਹੈ ਅਤੇ ਮੱਦਦ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕੋਲੋਂ ਮੰਗ ਰਹੇ ਹੋਈਏ। ਉਨ੍ਹਾਂ ਕਿਹਾ ਕਿ ਬਾਜਵਾ ਦੀ ਤਿੰਨ ਦਿਨ ਪਹਿਲਾਂ ਸੋਨੀਆ ਗਾਂਧੀ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਲੰਮੀ ਗੱਲਬਾਤ ਹੋਈ ਸੀ, ਉਸ ਸਮੇਂ ਇਨ੍ਹਾਂ ਨੇ ਇਹ ਮੁੱਦਾ ਨਹੀਂ ਚੁਕਿਆ। ਅਜੇ ਬੀਤੇ ਦਿਨੀਂ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ਼ ਅਕਾਲੀ-ਭਾਜਪਾ ਨੂੰ ਛੱਡ ਕੇ ਸਾਰੀਆਂ ਧਿਰਾਂ ਇਕਜੁਟ ਹੋ ਕੇ ਆਵਾਜ਼ ਉਠਾ ਰਹੀਆਂ ਸਨ, ਪਰ ਉਸ ਸਮੇਂ ਵੀ ਬਾਜਵਾ ਅਤੇ ਦੁੱਲੋਂ ਸਾਹਿਬ ਚੁਪ ਰਹੇ। ਇਹ ਨਾ ਦਿੱਲੀ 'ਚ ਇਸ ਖਿਲਾਫ਼ ਬੋਲੇ ਅਤੇ ਨਾ ਹੀ ਲੋਕ ਸਭਾ ਵਿਚ ਆਵਾਜ਼ ਉਠਾਈ। ਇਨ੍ਹਾਂ ਨੇ ਪੰਜਾਬ ਦੇ ਜੀਐਸਟੀ ਦੇ ਬਕਾਏ ਬਾਰੇ ਵੀ ਕਦੇ ਕੋਈ ਗੱਲ ਨਹੀਂ ਕੀਤੀ। ਅਸੀਂ ਇਸ ਨੂੰ ਲੈ ਕੇ ਕਦੇ ਝੰਡਾ ਦਿਵਸ ਮਨਾਇਆ, ਜੈਕਾਰੇ ਵੀ ਛੱਡੇ। ਸਾਡੀ ਆਵਾਜ਼ ਅਮਿਤ ਸ਼ਾਹ ਦੇ ਕੰਨਾਂ ਤਕ ਤਾਂ ਪਹੁੰਚ ਗਈ ਹੋਵੇਗੀ, ਪਰ ਸਾਡੇ ਮਹਾਂਰਥੀਆਂ ਦੇ ਕੰਨਾਂ 'ਚ ਤਾਂ ਇਹ ਆਵਾਜ਼ ਵੀ ਨਹੀਂ ਪਈ।

ਬਾਜਵਾ ਦੇ ਕਦਮਾਂ ਨੂੰ ਰਾਹੁਲ ਗਾਂਧੀ ਨਾਲ ਵਿਸ਼ਵਾਸਘਾਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਬਾਜਵਾ 'ਤੇ ਹੱਦੋਂ ਵੱਧ ਵਿਸ਼ਵਾਸ ਕੀਤਾ। ਪਹਿਲਾਂ ਉਨ੍ਹਾਂ ਨੂੰ ਵਿਰੋਧ ਦੇ ਬਾਵਜੂਦ ਪੰਜਾਬ ਕਾਂਗਰਸ ਦੀ ਕਮਾਂਨ ਸੌਪੀ ਅਤੇ ਬਾਅਦ 'ਚ ਰਾਜ ਸਭਾ ਮੈਂਬਰੀ ਨਾਲ ਨਿਵਾਜਿਆ ਪਰ ਅੱਜ ਬਾਜਵਾ ਨੇ ਉਨ੍ਹਾਂ ਦੇ ਕੀਤੇ ਅਹਿਸਾਨਾਂ ਨੂੰ ਵੀ ਪਿੱਠ ਵਿਖਾ ਕੇ ਪਾਰਟੀ ਨਾਲ ਵਿਸਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਾਰਟੀ ਮਾੜੇ ਦੌਰ 'ਚੋਂ ਗੁਜ਼ਰ ਰਹੀ ਹੈ, ਪਰ ਅੱਜ ਵੀ ਲੋਕ ਕਾਂਗਰਸ ਵੱਲ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਭਾਜਪਾ ਕੋਲ ਵੀ ਕੇਵਲ ਦੋ ਹੀ ਲੋਕ ਸਭਾ ਮੈਂਬਰ ਹੁੰਦੇ ਸਨ, ਉਹ ਕਿਥੇ ਤੋਂ ਕਿੱਥੇ ਪਹੁੰਚ ਗਈ ਹੈ। ਇਸੇ ਤਰ੍ਹਾਂ ਕਾਂਗਰਸ ਵੀ ਇਕ ਦਿਨ ਅਪਣੇ ਪੁਰਾਣੇ ਜਲੋਅ 'ਚ ਜ਼ਰੂਰ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।