ਪੰਜਾਬ ਨੂੰ ਸ਼ਮਸ਼ਾਨਘਾਟਾਂ 'ਚ ਬਦਲਣੋਂ ਰੋਕਣ ਲਈ ਲਿੰਬੇ-ਪੋਚੇ ਨਸ਼ੇ ਦੇ ਹਾਮੀ ਭਜਾਉਣੇ ਪੈਣਗੇ:ਖਾਲੜਾ ਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸਤਦਾਨਾਂ ਦਾ ਏਜੰਡਾ ਇਕ ਹੁੰਦਾ ਤਾਂ ਸ਼ਰਾਬ ਦਾ ਦੈਂਤ ਕੀਮਤੀ ਜਾਨਾਂ ਨਾ ਨਿਗਲਦਾ

Alcohol

ਅੰਮ੍ਰਿਤਸਰ, 4 ਅਗੱਸਤ  (ਸੁਖਵਿੰਦਰਜੀਤ ਸਿੰਘ ਬਹੋੜੂ): ਆ ਰਹੀਆਂ ਖਬਰਾਂ ਮੁਤਾਬਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਝੇ ਅੰਦਰ ਲਗਭਗ 112 ਤੋਂ ਉਪਰ ਲੋਕਾਂ ਦੀ ਮੌਤ ਹੋ ਚੁਕੀ ਹੈ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਇਸੇ ਦੌਰਾਨ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਸ਼ਰਾਬ ਦੇ ਕਾਰੋਬਾਰ ਨਾਲ ਚਲਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਪੰਥ ਤੇ ਪੰਜਾਬ ਦੇ ਵਾਰਸਾਂ ਨੂੰ ਪੰਜਾਬ ਅੰਦਰ ਸ਼ਰਾਬ ਦੇ ਕਾਰੋਬਾਰ ਤੇ ਮੁਕੰਮਲ ਪਾਬੰਦੀ ਦੀ ਮੰਗ ਕਰਨੀ ਚਾਹੀਦੀ ਹੈ।
ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਪੰਥਕ ਕਹਾਉਣ ਵਾਲੇ ਲੋਕ ਦਮਗਜੇ ਮਾਰ ਰਹੇ ਹਨ ਕਿ ਸਾਡੀ ਸਰਕਾਰ ਨੇ ਸੱਭ ਤੋਂ ਵੱਧ ਸ਼ਰਾਬ ਦਾ ਨਸ਼ਾ ਵੇਚ ਕੇ ਸੂਬੇ ਦੀ ਸਾਰੀ ਆਮਦਨ ਵਧਾਈ। ਚਿੱਟੇ ਦੇ ਕਾਰੋਬਾਰ ਨਾਲ ਪੰਜਾਬ ਦੀ ਤਬਾਹੀ ਕਰਨ ਵਾਲੇ ਬਾਦਲ, ਪੰਜਾਬ  ਸਰਕਾਰ ਵਲੋਂ ਘਰ ਘਰ ਸ਼ਰਾਬ ਵੰਡਣ ਦੀ ਨੀਤੀ ਦਾ ਸਮਰਥਨ ਕਰ ਕੇ ਗੁਰਾਂ ਦੇ ਪੰਜਾਬ ਨਾਲ ਧ੍ਰੋਹ ਕਮਾ ਰਹੇ ਹਨ।

ਕੇ.ਐਮ.ਓ ਨੇ ਕਿਹਾ ਕਿ ਮੰਨੂਵਾਦੀ ਤੇ ਉਨ੍ਹਾਂ ਦੇ ਏਜੰਟਾਂ ਨੇ ਕਦੀ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਕੇ, ਕਦੀ ਝੂਠੇ ਮੁਕਾਬਲੇ ਬਣਾਕੇ, ਕਦੀ ਨਸ਼ਿਆਂ ਰਾਹੀਂ ਜਵਾਨੀ ਦੀ ਤਬਾਹੀ ਕਰ ਕੇ, ਕਦੀ ਖ਼ੁਦਕੁਸ਼ੀਆਂ ਵਿਚ ਕਿਸਾਨੀ ਤਬਾਹ ਕਰ ਕੇ ਅਤੇ ਹੁਣ ਸ਼ਰਾਬ ਦੇ ਨਸ਼ੇ ਨਾਲ ਗ਼ਰੀਬ ਘਰਾਂ ਦੇ ਚਿਰਾਗ਼ ਬੁਝਾ ਕੇ ਇੰਦਰਾ, ਬਾਦਲ , ਭਾਜਪਾ ਤੇ ਆਪ ਵਾਲੇ ਲਾਸ਼ਾਂ ਤੇ ਭੰਗੜੇ ਪਾ ਰਹੇ ਹਨ। ਦਿੱਲੀ ਮਾਡਲ ਦੇ ਸਾਰੇ ਇਹ ਹਾਮੀ ਇਕੋ ਲਾਈਨ ਵਿਚ ਖੜੇ ਨਜ਼ਰ ਆ ਰਹੇ ਹਨ। ਸਾਰਾ ਪੰਜਾਬ ਕੰਗਾਲ ਕਰ ਕੇ ਆਪ ਮਾਲਾਮਾਲ ਹੋਣ ਵਾਲੇ ਇਹ ਲੋਕ ਪੰਜਾਬ ਦੇ ਨੰਗ ਹੋਣ ਦੀ ਦੁਹਾਈ ਪਾ ਰਹੇ ਹਨ। ਕੇ.ਐਮ.ਓ ਨੇ ਕਿਹਾ ਕਿ ਸਰਕਾਰਾਂ ਚਲਾਉਣ ਵਾਲਿਆਂ ਨੂੰ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾਣ ਵਾਲੇ ਸਿੱਖ 6 ਘੰਟੇ ਵਿਚ ਅਤਿਵਾਦੀ ਬਣ ਜਾਂਦੇ ਹਨ। ਇਨ੍ਹਾਂ ਨੂੰ ਤੇਜ਼ੀ ਨਾਲ ਪਤਾ ਲੱਗ ਜਾਂਦਾ ਹੈ ਕਿ ਵਿਦੇਸ਼ਾਂ ਵਿਚ ਕਿਹੜਾ ਸਿੱਖ ਕੀ ਕਰ ਰਿਹਾ ਹੈ ਪਰ ਪੰਜਾਬ ਅੰਦਰ ਇਹ ਪਤਾ ਨਹੀਂ ਲਗਦਾ ਕਿ ਜ਼ਹਿਰੀਲੀ ਸ਼ਰਾਬ ਦੀਆਂ ਫ਼ੈਕਟਰੀਆਂ ਕੌਣ ਚਲਾ ਰਿਹਾ ਹੈ?

ਚਿੱਟੇ ਦੇ ਵੱਡੇ ਮਗਰਮੱਛ ਕਿਹੜੇ ਹਨ, ਇਹ ਵੀ ਪਤਾ ਨਹੀਂ ਲਗਦਾ ਕਿ ਬੇਅਦਬੀਆਂ ਦੇ ਦੋਸ਼ੀ ਕਿਹੜੇ ਹਨ, ਨਹੀਂ ਪਤਾ ਲੱਗਦਾ ਕਿ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਦੋਸ਼ੀ ਕਿਹੜੇ ਹਨ। ਕੇ.ਐਮ.ਓ ਨੇ ਕਿਹਾ ਕਿ ਬਿਹਾਰ ਵਰਗਾ ਸੂਬਾ ਸ਼ਰਾਬ ਦੇ ਕਾਰੋਬਾਰ ਤੋਂ ਬਿਨਾਂ ਚਲ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ? ਰੂਸ ਵਰਗੇ ਦੇਸ਼ ਸ਼ਰਾਬ ਦੇ ਕਾਰੋਬਾਰ ਕਾਰਨ ਅਪਣੀ ਜਵਾਨੀ ਨੂੰ ਤਬਾਹੀ ਵੱਲ ਲੈ ਗਏ ਹਨ ਜਿਥੇ ਹਰ ਪੰਜਵਾਂ ਬੰਦਾ ਸ਼ਰਾਬ ਕਾਰਨ ਮਰਦਾ ਹੈ। ਸੂਬੇ ਦੇ ਰਾਜਨੀਤਕ ਦਲ ਇਕ ਦੂਜੇ ਦਾ ਨਕਲੀ ਵਿਰੋਧ ਕਰ ਰਹੇ ਹਨ। ਸਾਰਿਆਂ ਦਾ ਏਜੰਡਾ ਇਕੋ ਹੈ। ਜੇ ਪੰਜਾਬ ਨੂੰ ਸ਼ਮਸ਼ਾਨਘਾਟ ਵਿਚ ਬਦਲਣੋਂ ਰੋਕਣਾ ਹੈ ਤਾਂ ਨਸ਼ਿਆਂ ਦੇ ਹਾਮੀਆਂ ਨੂੰ ਭਜਾਉਣਾ ਪਵੇਗਾ ਭਾਵੇਂ ਉਹ ਕਿੰਨੇ ਲਿੰਬੇ ਪੋਚੇ ਹੋਣ। ਇਸ ਮੌਕੇ ਪਰਮਜੀਤ ਕੌਰ ਖਾਲੜਾ, ਜਗਦੀਪ ਸਿੰਘ ਰੰਧਾਵਾ  ਅਤੇ ਗੁਰਜੀਤ ਸਿੰਘ  ਹਾਜ਼ਰ ਸਨ।