ਪੰਜਾਬ ਵਿਧਾਨ ਸਭਾ ਦਾ ਸੈਸ਼ਨ 24 ਅਗੱਸਤ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀ ਮੰਡਲ ਦੀ ਅੱਜ ਦੀ ਬੈਠਕ ਵਿਚ ਲਿਆ ਜਾਵੇਗਾ ਫ਼ੈਸਲਾ

Rana K. P. Singh

ਚੰਡੀਗੜ੍ਹ, 4 ਅਗੱਸਤ (ਜੀ.ਸੀ.ਭਾਰਦਵਾਜ) : ਸਾਰੇ ਮੁਲਕ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪੰਜਾਬ ਰਾਜ ਅੰਦਰ ਵੀ ਕੋਵਿਡ-19 ਦੇ ਪ੍ਰਕੋਪ ਨਾਲ ਜੂਝ ਰਹੀ ਸਰਕਾਰ ਅਤੇ ਵਿਸ਼ੇਸ਼ ਕਰ ਕੇ ਸਿਹਤ ਵਿਭਾਗ, ਡਾਕਟਰਾਂ, ਨਰਸਿੰਗ ਸਟਾਫ਼ ਤੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਡਿਊਟੀ ਨਿਭਾਉਣ ਦੌਰਾਨ, ਸੰਵਿਧਾਨਕ ਜ਼ਰੂਰਤ ਪੂਰੀ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ 24 ਜਾਂ 25 ਅਗੱਸਤ ਤੋਂ ਸ਼ੁਰੂ ਕਰ ਦੀ ਤਿਆਰੀ ਹੋ ਰਹੀ ਹੈ।

ਕਿਉਂਕਿ ਪਿਛਲਾ ਬਜਟ ਸੈਸ਼ਨ 4 ਮਾਰਚ ਨੂੰ ਉਠਾ ਦਿਤਾ ਸੀ ਇਸ ਕਰ ਕੇ 6 ਮਹੀਨੇ ਦੇ ਅੰਦਰ-ਅੰਦਰ ਅਗਲਾ ਸੈਸ਼ਨ ਸ਼ੁਰੂ ਕਰਨ ਦੀ ਤਰੀਕ 3 ਸਤੰਬਰ ਹੈ ਅਤੇ ਸੰਭਾਵਨਾ ਹੈ ਕਿ ਸਰਕਾਰ ਇਕ ਹਫ਼ਤਾ ਪਹਿਲਾ ਹੀ ਇਹ ਮਹੱਤਵਪੂਰਨ ਸੈਸ਼ਨ ਬੁਲਾਉਣ ਲਈ ਸੂਬੇ ਦੇ ਰਾਜਪਾਲ ਨੂੰ ਲਿਖ ਦੇਵੇਗੀ। ਰੋਜ਼ਾਨਾ ਸਪੋਕਸਮੈਨ ਨਾਲ ਅਪਣੀ ਸਰਕਾਰੀ ਰਿਹਾਇਸ਼ 'ਤੇ ਗੱਲਬਾਤ ਕਰਦਿਆਂ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਦਸਿਆ ਕਿ 24 ਜਾਂ 25 ਅਗੱਸਤ ਤੋਂ ਸ਼ੁਰੂ ਹੋਣ ਵਾਲਾ ਇਹ ਇਜਲਾਸ ਛੋਟਾ ਹੀ ਹੋਵੇਗਾ, ਮਹਿਜ਼ 4 ਦਿਨਾਂ ਵਿਚ ਨਿਪਟਾਅ ਦਿਤਾ ਜਾਵੇਗਾ।

ਭਲਕੇ ਬਾਅਦ ਦੁਪਹਿਰ 2.30 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋ ਰਹੀ ਵੀਡੀਉ ਬੈਠਕ ਵਿਚ ਹੋਰ ਏਜੰਡਿਆਂ ਦੇ ਨਾਲ ਇਸ ਇਜਲਾਸ ਦੀ ਸ਼ੁਰੂਆਤ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਇਹ ਪੁਛੇ ਜਾਣ 'ਤੇ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਵਿਧਾਨ ਸਭਾ ਹਾਲ ਅੰਦਰ ਮੈਂਬਰਾਂ, ਅਧਿਕਾਰੀਆਂ, ਵਿਧਾਇਕਾਂ, ਮੰਤਰੀਆਂ ਤੇ ਸਰਕਾਰੀ ਸਟਾਫ਼ ਦੀਆਂ ਸੀਟਾਂ ਵਿਚਾਲੇ ਦੂਰੀ ਕਿਵੇਂ ਬਣਾਈ ਰੱਖੀ ਜਾਵੇਗੀ, ਦੇ ਜਵਾਬ ਵਿਚ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸਪੀਕਰ ਤੋਂ ਇਲਾਵਾ ਕੁਲ 116 ਮੈਂਬਰਾਂ ਦੇ ਬੈਠਣ ਲਈ ਵਿਧਾਨ ਸਭਾ ਹਾਲ ਦੀਆਂ 100 ਸੀਟਾਂ 'ਤੇ ਇਕੱਲਾ ਇਕੱਲਾ ਮੈਂਬਰ ਬਿਠਾ ਦਿਤਾ ਜਾਵੇਗਾ।

ਬਾਕੀ 16 ਵਾਸਤੇ ਨਾਲ ਦੀਆਂ ਗੈਲਰੀਆਂ ਵਿਚ ਜਗ੍ਹਾ ਨੀਯਤ ਹੋ ਸਕਦੀ ਹੈ ਜਾਂ ਹਾਲ ਅੰਦਰ ਹੀ ਹੋਰ ਸੀਟਾਂ ਲਗਾ ਦਿਤੀਆਂ ਜਾਣਗੀਆਂ। ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਨੇ ਦਸਿਆ ਕਿ ਮੌਜੂਦਾ ਗੰਭੀਰ ਤੇ ਨਿਵੇਕਲੀ ਸਥਿਤੀ ਵਿਚ ਵੀਡੀਉ ਅਤੇ ਡਿਜੀਟਲ ਸਿਸਟਮ ਰਾਹੀਂ ਸੈਸ਼ਨ ਦੌਰਾਨ ਬਹੁਤਾ ਰੌਲਾ ਗੌਲਾ, ਹੰਗਾਮਾ ਅਤੇ ਮੀਡੀਆ ਕਵਰੇਜ ਸਮੇਤ ਵਾਕ-ਆਊਟ ਬਗ਼ੈਰਾ ਸ਼ਾਇਦ ਸੰਭਵ ਨਾ ਹੋ ਸਕੇ।