ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ 6 ਲੱਖ ਹੈਕਟੇਅਰ ਤੋਂ ਪਾਰ, ਬਠਿੰਡਾ ਜ਼ਿਲ੍ਹੇ ਦੇ ਕਿਸਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ 6 ਲੱਖ ਹੈਕਟੇਅਰ ਤੋਂ ਪਾਰ, ਬਠਿੰਡਾ ਜ਼ਿਲ੍ਹੇ ਦੇ ਕਿਸਾਨ ਮੋਹਰੀ

image

ਚੰਡੀਗੜ੍ਹ, 4 ਅਗੱਸਤ (ਪ੍ਰਕਾਸ਼) : ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਿਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ਹੈ। ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੇ 6.01 ਲੱਖ ਹੈਕਟੇਅਰ (15.02 ਲੱਖ ਏਕੜ) ਰਕਬਾ ਇਸ ਨਵੀਨਤਮ ਤਕਨਾਲੌਜੀ ਹੇਠ ਲਿਆਂਦਾ ਹੈ। ਪੰਜਾਬ ਰਿਮੋਰਟ ਸੈਸਿੰਗ ਸੈਂਟਰ, ਲੁਧਿਆਣਾ ਦੀ ਰਿਪੋਰਟ ਮੁਤਾਬਕ ਹੁਣ ਤਕ ਸੱਭ ਤੋਂ ਵੱਧ ਰਕਬਾ ਸਿੱਧੀ ਬਿਜਾਈ ਹੇਠ ਆਇਆ ਹੈ। ਇਸ ਸਾਲ ਸੂਬੇ ਵਿਚ ਝੋਨੇ ਹੇਠ ਕੁਲ ਰਕਬੇ ਵਿਚੋਂ 23 ਫ਼ੀ ਸਦੀ ਖੇਤਰ ਪਾਣੀ ਦੀ ਬੱਚਤ ਕਰਨ ਵਾਲੀ ਇਸ ਤਕਨਾਲੋਜੀ ਹੇਠ ਆ ਚੁੱਕਾ ਹੈ।
ਸੂਬੇ ਵਿਚ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਿਚ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ ਬਾਜ਼ੀ ਮਾਰੀ ਹੈ ਜਿਨ੍ਹਾਂ ਨੇ 52,760 ਹੈਕਟੇਅਰ ਰਕਬਾ ਇਸ ਤਕਨਾਲੋਜੀ ਹੇਠ ਲਿਆਂਦਾ ਹੈ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿਚ ਕ੍ਰਮਵਾਰ 46,820 ਹੈਕਟੇਅਰ ਅਤੇ 45,850 ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠ ਲਿਆਂਦਾ ਗਿਆ ਹੈ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦਸਿਆ ਕਿ ਬੀਤੇ ਸਾਲ ਤਕਰੀਬਨ 5 ਲੱਖ ਹੈਕਟੇਅਰ ਰਕਬਾ ਝੋਨੇ ਦੀ ਰਵਾਇਤੀ ਬਿਜਾਈ ਦੀ ਥਾਂ ਸਿੱਧੀ ਬਿਜਾਈ ਹੇਠ ਆਇਆ ਸੀ ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੇ 46,510 ਹੈਕਟੇਅਰ ਰਕਬਾ ਇਸ ਤਕਨਾਲੋਜੀ ਹੇਠ ਲਿਆ ਕੇ ਬਾਜ਼ੀ ਮਾਰੀ ਸੀ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੇ ਇਸ ਤਕਨਾਲੋਜੀ ਨੂੰ ਅਪਣਾਉਣ ਵਿਚ ਉਤਸ਼ਾਹਤ ਦਿਖਾਇਆ ਜਿਸ ਕਰ ਕੇ ਇਸ ਬਿਜਾਈ ਹੇਠ ਰਕਬਾ ਵਧ ਕੇ 6.01 ਲੱਖ ਤਕ ਪਹੁੰਚ ਗਿਆ ਹੈ। ਉਨ੍ਹਾਂ ਅੱਗੇ ਇਹ ਵੀ ਦਸਿਆ ਕਿ ਇਸ ਤਕਨੀਕ ਨਾਲ ਕਿਸਾਨਾਂ ਵਲੋਂ 10 ਤੋਂ 15 ਫ਼ੀ ਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਡਾਇਰੈਕਟਰ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਖੇਤੀਬਾੜੀ ਵਿਭਾਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਨਾਲ ਮਿਲ ਕੇ ਵਿਸ਼ੇਸ਼ ਮੁਹਿੰਮ ਆਰੰਭੀ ਸੀ ਤਾਂ ਕਿ ਕਿਸਾਨਾਂ ਨੂੰ ਵੱਡੇ ਪੱਧਰ ਉਤੇ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਕਿਸਾਨਾਂ ਪਾਸੋਂ ਮਿਲੇ ਵਿਆਪਕ ਹੁੰਗਾਰੇ ਨਾਲ ਇਨ੍ਹਾਂ ਯਤਨਾਂ ਨੂੰ ਬੂਰ ਪਿਆ ਹੈ।
ਸਿੱਧੂ ਨੇ ਕਿਹਾ ਕਿ ਇਹ ਨਵੀਨਤਮ ਤਕਨਾਲੋਜੀ ਬੀਤੇ ਸਾਲ ਹੀ ਬਹੁਤ ਸਹਾਈ ਸਿੱਧ ਹੋਈ ਸੀ ਜਿਸ ਤਹਿਤ 15-20 ਫ਼ੀ ਸਦੀ ਪਾਣੀ ਬਚਾਉਣ ਤੋਂ ਇਲਾਵਾ ਝੋਨੇ ਦੀ ਪੈਦਾਵਾਰ ਦੀ ਲਾਗਤ ਵਿਚ ਵੀ ਕਮੀ ਆਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਮਾਹਰਾਂ ਦੀ ਖੋਜ ਅਤੇ ਰੀਪੋਰਟਾਂ ਦੇ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬੇ ਦਾ ਝਾੜ ਵੀ ਰਵਾਇਤੀ ਤਕਨੀਕ ਦੇ ਬਰਾਬਰ ਹੀ ਹੁੰਦਾ ਹੈ।