ਉਲੰਪਿਕ ਖੇਡਾਂ : ਦਲੇਰੀ ਦੀ ਮਿਸਾਲ ਭਾਰਤੀ ਕੁੜੀਆਂ ਦੀ ਹਾਕੀ ਟੀਮ ਦਾ ਸੁਨਹਿਰੀ ਸੁਪਨਾ ਅਰਜਨਟੀਨਾ ਨੇ

ਏਜੰਸੀ

ਖ਼ਬਰਾਂ, ਪੰਜਾਬ

ਉਲੰਪਿਕ ਖੇਡਾਂ : ਦਲੇਰੀ ਦੀ ਮਿਸਾਲ ਭਾਰਤੀ ਕੁੜੀਆਂ ਦੀ ਹਾਕੀ ਟੀਮ ਦਾ ਸੁਨਹਿਰੀ ਸੁਪਨਾ ਅਰਜਨਟੀਨਾ ਨੇ ਤੋੜਿਆ

image

ਟੋਕੀਉ, 4 ਅਗੱਸਤ : ਅਪਣੀ ਦਲੇਰੀ ਅਤੇ ਜੁਝਾਰੂਪਣ ਨਾਲ ਇਤਿਹਾਸ ਰਚ ਚੁਕੀ ਭਾਰਤੀ ਕੁੜੀਆਂ ਦੀ ਹਾਕੀ ਟੀਮ ਦਾ ਉਲੰਪਿਕ ਵਿਚ ਪਹਿਲੀ ਵਾਰ ਸੋਨਾ ਜਿੱਤਣ ਦਾ ਸੁਪਨਾ ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੇ ਬੁਧਵਾਰ ਨੂੰ ਸੈਮੀਫ਼ਾਈਨਲ ਵਿਚ 2-1 ਨਾਲ ਤੋੜ ਦਿਤਾ। 
ਭਾਰਤੀ ਖਿਡਾਰਨਾਂ ਦੇ ਦਿਲ ਇਸ ਹਾਰ ਨਾਲ ਜ਼ਰੂਰ ਟੁੱਟੇ ਹੋਣਗੇ ਪਰ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ ਕਿਉਂਕਿ ਉਲੰਪਿਕ ਜਾਣ ਤੋਂ ਪਹਿਲਾਂ ਕਿਸੇ ਨੇ ਉਨ੍ਹਾਂ ਦੇ ਆਖ਼ਰੀ ਚਾਰ ਟੀਮਾਂ ਵਿਚ ਪਹੁੰਚਣ ਦਾ ਸੋਚਿਆ ਵੀ ਨਹੀਂ ਸੀ। ਭਾਰਤ ਕੋਲ ਹਾਲੇ ਵੀ ਕਾਂਸੀ ਤਮਗ਼ਾ ਜਿੱਤਣ ਦਾ ਮੌਕਾ ਹੈ ਜਿਸ ਲਈ ਸ਼ੁਕਰਵਾਰ ਨੂੰ ਉਸ ਦਾ ਸਾਹਮਣਾ ਤੀਜੇ ਚੌਥੇ ਸਥਾਨ ਦੇ ਮੁਕਾਬਲੇ ਵਿਚ ਗਰੇਟ ਬ੍ਰਿਟੇਨ  ਨਾਲ ਹੋਵੇਗਾ। ਭਾਰਤ ਲਈ ਗੁਰਜੀਤ ਕੌਰ ਨੇ ਦੂਜੇ ਮਿੰਟ ਵਿਚ ਗੋਲ ਕੀਤਾ ਪਰ ਅਰਜਨਟੀਨਾ ਲਈ ਕਪਤਾਨ ਮਾਰੀਆ ਬਾਰੀਉਨੁਏਵਾ ਨੇ 18ਵੇਂ ਅਤੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤਬਦੀਲ ਕੀਤੇ। 
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਤਿੰਨ ਵਾਰ ਦੀ ਚੈਂਪੀਅਨ ਆਸਟ੍ਰੇਲੀਆ 
ਨੂੰ ਕਵਾਰਟਰ ਫ਼ਾਈਨਲ ਵਿਚ ਹਰਾ ਕੇ ਪਹਿਲੀ ਵਾਰ ਸੈਮੀ ਫ਼ਾਈਨਲ ਵਿਚ ਥਾਂ ਬਣਾਈ ਸੀ। ਫ਼ਾਈਨਲ ਵਿਚ ਅਰਜਨਟੀਨਾ ਦਾ ਮੁਕਾਬਲਾ ਨੀਦਰਲੈਂਡ ਨਾਲ ਹੋਵੇਗਾ। ਭਾਰਤ ਨੂੰ ਦੂਜੇ ਮਿੰਟ ਵਿਚ ਗੁਰਜੀਤ ਕੌਰ ਨੇ ਅੱਗੇ ਕੀਤਾ, ਜਿਸ ਨੇ ਕਵਾਰਟਰ ਫ਼ਾਈਨਲ ਵਿਚ ਆਸਟ੍ਰੇਲੀਆ ਵਿਰੁਧ ਵੀ ਜੇਤੂ ਗੋਲ ਦਾਗ਼ਿਆ ਸੀ। ਕਪਤਾਨ ਰਾਣੀ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ ਜਿਸ ਨੂੰ ਗੁਰਜੀਤ ਨੇ ਗੋਲ ਵਿਚ ਤਬਦੀਲ ਕੀਤਾ।
  ਇਸ ਤੋਂ ਤਿੰਨ ਮਿੰਟ ਬਾਅਦ ਹੀ ਹਾਲਾਂਕਿ ਅਰਜਨਟੀਨਾ ਨੇ ਬਰਾਬਰੀ ਦਾ ਮੌਕਾ ਗਵਾਇਆ। ਮਾਰੀਆ ਜੋਂਸ ਗ੍ਰਾਨਾਟੋ ਸੱਜੇ ਫ਼ਲੈਂਕ ਤੋਂ ਗੇਂਦ ਲੈ ਕੇ ਅੱਗੇ ਵਧੀ ਅਤੇ ਸਰਕਲ ਅੰਦਰ ਦਾਖ਼ਲ ਹੋ ਗਈ ਹਾਲਾਂਕਿ ਮੁਸਤੈਦ ਭਾਰਤੀ ਡਿਫ਼ੈਂਡਰਾਂ ਨੇ ਉਸ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿਤਾ। ਆਖ਼ਰੀ ਕਵਾਰਟਰ ਵਿਚ ਭਾਰਤੀ ਕੁੜੀਆਂ ਨੇ ਗੋਲ ਕਰਨ ਦੀ ਜੀਤੋੜ ਕੋਸ਼ਿਸ਼ ਕੀਤੀ ਪਰ ਅਰਜਨਟੀਨਾ ਦੇ ਡਿਫ਼ੈਡਰਾਂ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿਤਾ। ਆਖ਼ਰੀ ਸੀਟੀ ਵੱਜਣ ਤੋਂ ਕੁੱਝ ਸਕਿੰਟ ਪਹਿਲਾਂ ਸਰਕਲ ਦੇ ਬਾਹਰੋਂ ਉਦਿਤਾ ਦੀ ਹਿੱਟ ’ਤੇ ਨਵਨੀਤ ਕੌਰ ਦੇ ਸ਼ਾਟ ਨੂੰ ਅਰਜਨਟੀਨਾ ਦੇ ਡਿਫ਼ੈਡਰ ਨੇ ਬਾਹਰ ਕਰ ਦਿਤਾ। ਭਾਰਤੀ ਕੁੜੀਆਂ ਨੇ ਖ਼ਤਰਨਾਕ ਤਰੀਕੇ ਨਾਲ ਗੇਂਦ ਦੇ ਉਛਲਣ ਲਈ ਰੈਫ਼ਰਲ ਮੰਗਿਆ ਪਰ ਟੀਵੀ ਅੰਪਾਇਰ ਨੇ ਇਸ ਨੂੰ ਖ਼ਾਰਜ ਕਰ ਦਿਤਾ।