ਪੇਗਾਸਸ ਅਤੇ ਖੇਤੀ ਕਾਨੂੰਨ ’ਤੇ ਹੋਏ ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਉਠੀ
ਪੇਗਾਸਸ ਅਤੇ ਖੇਤੀ ਕਾਨੂੰਨ ’ਤੇ ਹੋਏ ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਉਠੀ
ਨਵੀਂ ਦਿੱਲੀ, 4 ਅਗੱਸਤ : ਸੰਸਦ ਦੇ ਮਾਨਸੂਨ ਇਜਲਾਸ ਦੇ ਤੀਜੇ ਹਫ਼ਤੇ ਵੀ ਸਦਨ ਵਿਚ ਹੰਗਾਮਾ ਜਾਰੀ ਹੈ। ਪੇਗਾਸਸ ਸਾਜੂਸੀ ਕਾਂਡ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ’ਤੇ ਹਮਲਾਵਰ ਹਨ। ਬੁਧਵਾਰ ਨੂੰ ਵੀ ਦੋਵੇਂ ਸਦਨਾਂ ਵਿਚ ਹੰਗਾਮਾ ਜਾਰੀ ਰਿਹਾ। ਹੰਗਾਮੇ ਅਤੇ ਨਾਹਰੇਬਾਜ਼ੀ ਦੇ ਚਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤਕ ਮੁਲਤਵੀ ਕੀਤੀ ਗਈ।
ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਰਾਜ ਸਭਾ ਵਿਚ 40 ਮਿੰਟਾਂ ’ਚ ਸੀਮਤ ਲਿਬਰਟੀ ਪਾਰਟਨਰਸ਼ਿਪ (ਸੋਧ) ਬਿੱਲ 2021 ਅਤੇ ਡਿਪਾਜ਼ਿਟ ਬੀਮਾ ਅਤੇ ਕ੍ਰੈਡਿਟ ਗਾਰੰਟੀ ਬਿੱਲ 2021 ਪਾਸ ਕਰ ਦਿਤਾ ਗਿਆ। ਇਸ ਤੋਂ ਪਹਿਲਾਂ ਇਸ ਸਦਨ ਵਿਚ ਏਅਰਪੋਰਟਸ ਇਕਨਾਮਿਕ ਰੈਗੂਲੇਟਰੀ ਅਥਾਰਟੀ (ਸੋਧ) ਬਿੱਲ 2021
ਵੀ ਪਾਸ ਕੀਤਾ ਗਿਆ। ਉਧਰ ਲੋਕ ਸਭਾ ਵਿਚ ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਪਾਸ ਕੀਤਾ ਗਿਆ।
ਬੁਧਵਾਰ ਸਵੇਰੇ ਲੋਕ ਸਭਾ ਦੀ ਬੈਠਕ ਸ਼ੁਰੂ ਹੋਣ ’ਤੇ ਲੋਕਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੇ ਅੱਠ ਸਾਬਕਾ ਮੈਂਬਰਾਂ ਦੇ ਦੇਹਾਂਤ ਦੀ ਜਾਣਕਾਰੀ ਦਿਤੀ ਅਤੇ ਸਦਨ ਨੇ ਉਨ੍ਹਾਂ ਦੇ ਸਨਮਾਨ ’ਚ ਚੁੱਪ ਰਹਿ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਦੇ ਬਾਅਦ ਸਪੀਕਲ ਬਿਰਲਾ ਨੇ ਪ੍ਰਸ਼ਨਕਾਲ ਸ਼ੁਰੂ ਕਰਇਆ। ਇਸੇ ਦੌਰਾਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਕੁੱਝ ਵਿਚੋਧੀ ਦਲਾਂ ਦੇ ਮੈਂਬਰ ਪੇਗਾਸਸ ਜਾਸੂਸੀ ਮਾਮਲੇ ’ਤੇ ਸਦਨ ’ਚ ਚਰਚਾ ਕਰਾਉਣ ਦੀ ਮੰਗ ਨੂੰ ਲੈ ਕੇ ਚੇਅਰ ਦੇ ਕੋਲ ਆ ਕੇ ਨਾਹਰੇਬਾਜ਼ੀ ਕਰਨ ਲੱਗੇ। ਸ਼ੋਰ ਸ਼ਰਾਬੇ ਦੌਰਾਨ ਹੀ ਰੇਲ ਰਾਜ ਮੰਤਰੀ ਰਾਉਸਾਹਿਬ ਪਾਟਿਲ ਦਾਨਵੇ ਨੇ ਰੁਕੇ ਹੋਏ ਰੇਲ ਪ੍ਰਾਜੈਕਟਾਂ ਬਾਰੇ ਮੈਂਬਰਾਂ ਦੇ ਪ੍ਰਸ਼ਨਾਂ ਦੇ ਉਤਰ ਦਿਤੇ।
ਚੇਅਰ ਕੋਲ ਆ ਕੇ ਪੋਸਟਰ ਦਿਖਾ ਰਹੇ ਵਿਰੋਧੀ ਮੈਂਬਰਾਂ ਤੋਂ ਨਰਾਜ਼ਗੀ ਜਤਾਉਂਦੇ ਹੋਏ ਸਪੀਕਲਰ ਬਿਰਲਾ ਨੇ ਉਨ੍ਹਾਂ ਨੂੰ ਸਦਨ ਦਾ ਸਨਮਾਨ ਬਣਾਏ ਰੱਖਣ ਨੂੰ ਕਿਹਾ। ਉਨ੍ਹਾਂ ਕਿਹਾ, ‘‘ਇਹ ਤਰੀਕਾ ਠੀਕ ਨਹੀਂ ਹੈ। ਇਹ ਬਿਲਕੁਲ ਗ਼ਲਤ ਹੈ। ਤੁਸੀਂ ਸੰਸਦ ਦੀ ਮਰਿਆਦਾ ਅਤੇ ਚੇਅਰ ਦਾ ਅਪਮਾਨ ਕਰਨ ਦੀ ਕੋਸ਼ਿਸ਼ ਨਾ ਕਰੋ।’’ ਇਸ ਦੌਰਾਨ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਸਦਨ ’ਚ ਆਉ, ਖੇਲਾ ਹੋਬੇ ਅਤੇ ਜਾਸੂਸੀ ਬੰਦ ਕਰੋ ਦੇ ਨਾਹਰੇ ਲਗਾਏ।
ਟੀਐਮਸੀ ਦੇ 6 ਮੈਂਬਰ ਰਾਜ ਸਭਾ ਤੋਂ ਦਿਨ ਭਰ ਲਈ ਮੁਅੱਤਲ
ਰਾਜ ਸਭਾ ਦੇ ਚੇਅਰਮੈਨ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਬੁਧਵਾਰ ਨੂੰ ਤਿ੍ਰਣਮੂਲ ਕਾਂਗਰਸ ਦੇ ਉਨ੍ਹਾਂ ਛੇ ਨੂੰ ਸਦਨ ’ਚੋਂ ਪੂਰੇ ਦਿਨ ਲਈ ਮੁਅੱਤਲ ਕਰ ਦਿਤਾ, ਜੋ ਪੇਗਾਸਸ ਜਾਸੂਸੀ ਵਿਵਾਦ ਨੂੰ ਲੈ ਕੇ ਮੰਚ ਦੇ ਸਾਹਮਣੇ ਤਖਤੀਆਂ ਚੁੱਕ ਕੇ ਹੰਗਾਮਾ ਕਰ ਰਹੇ ਸਨ। ਇਨ੍ਹਾਂ ਵਿਚ ਡੋਲਾ ਸੇਨ, ਨਦੀਮੁਲ ਹਕ, ਅਰਪਿਤਾ ਘੋਸ਼, ਮੌਸਮ ਨੂਰ, ਸ਼ਾਂਤਾ ਛੇਤਰੀ ਅਤੇ ਅਬੀਰ ਰੰਜਨ ਬਿਸਵਾਸ ਸ਼ਾਮਲ ਹਨ। ਇਹ ਕਾਰਵਾਈ ਸਦਨ ਵਿਚ ਤਖ਼ਤੀਆਂ ਦਿਖਾਉਣ ਅਤੇ ਹੰਗਾਮਾ ਕਰਨ ਨੂੰ ਲੈ ਕੇ ਹੋਈ ਹੈ।