Sri Muktsar Sahib News : ਗਿੱਦੜਬਾਹਾ ਵਿਖੇ 2 ਸਕੇ ਭਰਾਵਾਂ ਦੀ ਸਰੋਵਰ 'ਚ ਡੁੱਬਣ ਕਾਰਨ ਹੋਈ ਮੌਤ
ਮ੍ਰਿਤਕ ਬੱਚਿਆਂ ਦੀ ਉਮਰ 8 ਸਾਲ ਅਤੇ 9 ਸਾਲ ਸੀ ,ਇਲਾਕੇ ਵਿਚ ਦੌੜੀ ਸੋਗ ਦੀ ਲਹਿਰ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਵਿਖੇ 2 ਸਕੇ ਭਰਾਵਾਂ ਦੀ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਭਰਾਵਾਂ ਦੀ ਉਮਰ 8 ਅਤੇ 9 ਸਾਲ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਭਰਾਵਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਹਿਲ ਅਤੇ ਮਨੂੰ ਦੋਵੇ ਸਕੇ ਭਰਾ ਬੀਤੇ ਕੱਲ ਖੇਡਣ ਗਏ ਸਨ ਪਰ ਵਾਪਿਸ ਨਹੀਂ ਆਏ। ਉਹ ਬੀਤੀ ਸਾਰੀ ਰਾਤ ਇਹਨਾਂ ਨੂੰ ਲੱਭਦੇ ਰਹੇ। ਗਲੀ ਦੇ ਬੱਚਿਆਂ ਨੇ ਦੱਸਿਆ ਕਿ ਉਹ ਪਾਰਕ ਖੇਡਣ ਗਏ ਹਨ ਪਰ ਉਹ ਉੱਥੇ ਵੀ ਨਹੀਂ ਸਨ।
ਅੱਜ ਸਵੇਰੇ ਜਦੋਂ ਪਰਿਵਾਰਕ ਮੈਂਬਰ ਪਿਉਰੀ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੱਚੇ ਦੇ ਗੁੰਮ ਹੋਣ ਸਬੰਧੀ ਅਨਾਊਸਮੈਂਟ ਕਰਵਾਉਣ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਬੱਚਿਆਂ ਦੀਆਂ ਲਾਸ਼ਾਂ ਤੈਰ ਰਹੀਆਂ ਸਨ।
ਇਸ ਸਬੰਧੀ ਉਹਨਾਂ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਬੱਚਿਆਂ ਦੀ ਉਮਰ 8 ਸਾਲ ਅਤੇ 9 ਸਾਲ ਸੀ। ਇਹ ਦੋਵੇ ਬੱਚੇ ਪੰਜਵੀਂ ਅਤੇ ਛੇਵੀ ਜਮਾਤ ਦੇ ਵਿਦਿਆਰਥੀ ਸਨ।