'ਵਰਸਿਟੀ ਵਿਦਿਆਰਥੀ ਚੋਣਾਂ ਲਈ ਪ੍ਰਚਾਰ ਬੰਦ, ਵੋਟਾਂ ਭਲਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

6 ਸਤੰਬਰ ਨੂੰ ਹੋਣ ਵਾਲੀਆਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਖੁੱਲ੍ਹਾ ਚੋਣ ਪ੍ਰਚਾਰ ਅੱਜ ਸ਼ਾਮੀ ਬੰਦ ਹੋ ਗਿਆ ਹੈ................

Panjab University

ਚੰਡੀਗੜ੍ਹ : 6 ਸਤੰਬਰ ਨੂੰ ਹੋਣ ਵਾਲੀਆਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਖੁੱਲ੍ਹਾ ਚੋਣ ਪ੍ਰਚਾਰ ਅੱਜ ਸ਼ਾਮੀ ਬੰਦ ਹੋ ਗਿਆ ਹੈ। ਹੁਣ ਛੋਟੀਆਂ ਟੋਲੀਆਂ ਬਣਾਕੇ ਹੋਸਟਲਾਂ ਅਤੇ ਵਿਭਾਗਾਂ ਦੇ ਬਰਾਂਡਿਆਂ 'ਚ ਹੋਵੇਗੀ ਗੱਲਬਾਤ ਹੋਵੇਗੀ। ਇਸ ਵਾਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਖ਼ਰੀ ਦਿਨ ਵੱਡੀਆਂ ਰੈਲੀਆਂ ਕਰ ਕੇ ਤਾਕਤ ਦਾ ਮੁਜ਼ਾਹਰਾ ਕਰਨ 'ਤੇ ਵੀ ਰੋਕ ਲਾ ਦਿਤੀ ਹੈ ਕਿਉਂਕਿ ਕਿਸੇ ਵੀ ਸੰਗਠਨ ਨੇ ਇਸ ਦੀ ਅਗਾਉਂ ਇਜਾਜ਼ਤ ਨਹੀਂ ਲਈ। ਯੂਨੀਵਰਸਿਟੀ ਸੂਤਰਾਂ ਅਨੁਸਾਰ ਅਜਿਹਾ ਕਰਨਾ ਜ਼ਰੂਰੀ ਹੁੰਦਾ ਹੈ

ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਚੰਡੀਗੜ੍ਹ ਪੁਲਿਸ ਨਾਲ ਰਾਬਤਾ ਕਾਇਮ ਕਰਨਾ ਹੁੰਦਾ ਹੈ। ਇਸ ਮਾਮਲੇ ਬਾਰੇ ਜਦੋਂ ਕੈਂਪਸ ਦੇ ਮੁੱਖ ਸੁਰੱਖਿਆ ਅਧਿਕਾਰੀ ਪ੍ਰੋ. ਅਸ਼ਵਨੀ ਕੌਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਹਾਲੇ ਤਕ ਕਿਸੇ ਵਿਦਿਆਰਥੀ ਸੰਗਠਨ ਨੇ ਰੈਲੀ ਲਈ ਆਗਿਆ ਨਹੀਂ ਲਈ, ਇਸ ਕਰ ਕੇ ਇਸ ਦੀ ਇਜਾਜ਼ਤ ਨਹੀਂ ਹੋਵੇਗੀ। ਖੁੱਲ੍ਹਾ ਪ੍ਰਚਾਰ ਅੱਜ ਬੰਦ ਹੋ ਜਾਵੇਗਾ। ਹੋਸਟਲਾਂ 'ਚ ਵੀ ਚੋਣ ਪ੍ਰਚਾਰ ਦੀ ਮਨਾਹੀ ਹੋਵੇਗੀ। ਕੱਲ 5 ਸਤੰਬਰ ਨੂੰ ਜੇਕਰ ਕੋਈ ਪਾਰਟੀ ਇਜਾਜ਼ਤ ਲੈ ਕੇ ਰੈਲੀ ਜਾਂ ਪੈਦਲ ਮਾਰਚ ਕਰਨਾ ਚਾਹੇਗੀ ਤਾਂ ਉਹ ਕਰਨ ਦਿਤੀ ਜਾਵੇਗੀ ਪਰ ਸੁਰਖਿਆ ਪ੍ਰਬੰਧਾਂ ਅਧੀਨ।

ਇਕ ਸਵਾਲ ਦੇ ਜਵਾਬ 'ਚ ਪ੍ਰੋ. ਕੌਲ ਨੇ ਦਸਿਆ ਕਿ ਵੋਟਾਂ ਵਾਲੇ ਦਿਨ ਕੇਵਲ ਪਛਾਣ ਪੱਤਰ ਦਿਖਾਉਣ ਵਾਲੇ ਵਿਦਿਆਰਥੀਆਂ ਲਈ ਹੀ ਦਾਖ਼ਲਾ ਖੁੱਲ੍ਹਾ ਹੋਵੇਗਾ। ਉਸ ਦਿਨ ਦੁਪਹਿਰ ਤਕ ਆਮ ਜਨਤਾ ਲਈ ਵੀ ਗੇਟ ਬੰਦ ਰਹਿਣਗੇ। ਪੁਲਿਸ ਜਦੋਂ ਚਾਹੇ ਤਾਂ ਫ਼ਲੈਗ ਮਾਰਚ ਵੀ ਕਰੇਗੀ। ਹੋਸਟਲਾਂ ਦੀ ਤਲਾਸ਼ੀ ਵੀ ਹੋਵੇਗੀ। ਸਾਲ 1997-98 ਵਿਚ ਜਨਮੀ ਸੋਪੂ (ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ) ਦਾ ਵਜ਼ੂਦ ਖ਼ਤਮ ਹੀ ਹੋ ਗਿਆ ਹੈ। ਉਹ ਵੀ ਉਸ ਪਾਰਟੀ ਦਾ ਜੋ ਘੱਟੋ ਘੱਟ 10 ਵਾਰੀ ਚੋਣਾਂ ਜਿੱਤ ਚੁੱਕੀ ਹੈ, ਸਾਲ 1997-98 ਵਿਚ ਦਿਆਲ  ਪ੍ਰਤਾਪ ਸਿੰਘ ਰੰਧਾਵਾ ਉਰਫ਼ ਡੀ ਪੀ ਰੰਧਾਵਾ ਨੇ ਇਸ ਗਠਨ ਕੀਤਾ ਸੀ

ਅਤੇ ਪਹਿਲੇ ਸਾਲ ਹੀ ਜਿੱਤ ਹਾਸਲ ਕੀਤੀ। ਉਸ ਨੇ ਅਪਣੀ ਵਿਰੋਧੀ ਪੁਸੂ ਨੂੰ ਹਰਾਇਆ, ਸਾਲ 1998-99 ਵਿਚ ਸੋਪੂ ਨੇ ਲਗਾਤਾਰ ਦੂਜੇ ਸਾਲ ਜਿੱਤ ਹਾਸਲ ਕੀਤੀ। ਉਹ ਵੀ ਬਿਨ੍ਹਾਂ ਕਿਸੇ ਪਾਰਟੀ ਨਾਲ ਗਠਜੋੜ ਕੀਤੇ ਬਿਨਾਂ। ਇਹ ਉਹ ਜ਼ਮਾਨਾ ਸੀ ਜਦੋਂ ਕੈਂਪਸ 'ਚ ਚੋਣਾਂ ਲੜਨ ਵਾਲੀਆਂ ਦੋਹੀਆਂ ਪਾਰਟੀਆਂ ਸਨ, ਪੁਸੂ ਅਤੇ ਸੋਪੂ। ਸੋਪੂ ਨੇ 8 ਵਾਰੀ ਅਪਣੇ ਦਮ ਤੇ ਜਿੱਤ ਹਾਸਲ ਕੀਤੀ। ਸੋਪੂ ਤੋਂ ਇਲਾਵਾ ਪੁਸੂ ਵੀ ਕਾਫ਼ੀ ਕਮਜ਼ੋਰ ਹੋ ਗਈ ਹੈ। ਇਸ ਪਾਰਟੀ ਨੇ ਵੀ ਸਾਲ 1977-78 ਤੋਂ ਲੈ ਕੇ ਦਰਜਨ ਵਾਰੀ ਜਿੱਤ ਹਾਸਲ ਕੀਤੀ ਹੈ। ਆਖ਼ਰੀ ਵਾਰ 2016-17 'ਚ ਪੁਸੂ ਪਾਰਟੀ ਦੇ ਪ੍ਰਧਾਨ ਨਿਸ਼ਾਂਤ ਕੌਸ਼ਲ ਨੇ ਜਿੱਤ ਹਾਸਲ ਕੀਤੀ ਸੀ।

ਇਸ ਵਾਰੀ ਪੁਸੂ ਭਾਵੇਂ ਮੈਦਾਨ 'ਚ ਜ਼ਰੂਰ ਹੈ ਪਰ ਇਸ ਦੀ ਸਥਿਤੀ ਬਹੁਤ ਚੰਗੀ ਨਹੀਂ ਲਗਦੀ। ਇਸੇ ਤਰ੍ਹਾਂ ਐਚ.ਐਸ.ਏ. ਚੋਣ ਮੈਦਾਨ 'ਚੋਂ ਗ਼ਾਇਬ ਹੈ। ਯੂਥ ਐਸੋਸੀਏਸ਼ਨ ਆਫ਼ ਇੰਡੀਆ (ਵਾਈ.ਏ.ਆਈ.), ਖੱਬੇ ਪੰਖੀਆਂ ਦੀ ਐਨ.ਐਫ਼. ਆਈ., ਐਨ.ਐਸ.ਓ., ਪੀ.ਪੀ.ਐਸ.ਓ., ਜੀ.ਜੀ.ਐਸ.ਯੂ., ਵਾਈ ਡਬਲਯੂ.ਏ., ਪੀ.ਯੂ.ਐਚ.ਐਚ. ਵਰਗੀਆਂ ਜਥੇਬੰਦੀਆਂ ਦਾ ਨਾਮੋ ਨਿਸ਼ਾਨ ਖ਼ਤਮ ਹੋ ਗਿਆ ਹੈ। ਪਿਛਲੇ ਲਗਪਗ ਦੋ ਦਹਾਕਿਆਂ ਤੋਂ ਭਾਵੇਂ ਵਿਦਿਆਰਥੀ ਕੌਂਸਲ ਦੀ ਪ੍ਰਧਾਨਗੀ ਪੰਜਾਬੀਆਂ ਦੇ ਹੱਥ ਰਹੀ ਹੈ

ਪਰ ਇਹ ਜਾਣਨਾ ਵੀ ਦਿਲਚਸਪ ਰਹੇਗਾ ਕਿ ਯੂਨੀਵਰਸਿਟੀ ਤੋਂ ਪੰਜਾਬੀ ਵਿਭਾਗ 'ਚ ਪੜ੍ਹਾਈ ਕਰਨ ਵਾਲੇ ਚੋਣਾਂ ਲੜਨ 'ਚ ਬਹੁਤੀ ਦਿਲਚਸਪੀ ਨਹੀਂ ਰਖਦੇ। ਇਸ ਨਾਲ ਜਿਹੜੇ 21 ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਵਿਚੋਂ ਪੰਜਾਬੀ ਵਿਭਾਗ ਦੇ 230 ਵੋਟਰ ਹਨ। ਜਿਨ੍ਹਾਂ ਵਿਚੋਂ 2 ਵਿਦਿਆਰਥੀਆਂ ਨੇ ਵਿਭਾਗੀ ਪ੍ਰਤੀਨਿਧ ਬਣਨਾ ਹੈ। ਪਿਛਲੇ ਸਾਲ ਦੀਆਂ ਚੋਣਾਂ ਵਿਚ ਦੋਹਾਂ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ ਭਾਵੇਂ 28 ਸੀ, ਪਰ ਪੰਜਾਬੀ ਵਿਭਾਗ ਤੋਂ ਕੇਵਲ 2 ਉਮੀਦਵਾਰਾਂ ਨੇ ਕਾਗ਼ਜ਼ ਭਰੇ ਸਨ ਇਹੋ ਰੁਝਾਨ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ।