ਪਟਾਕਾ ਫ਼ੈਕਟਰੀ ਮਾਲਕ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਚਾਅ ਕਾਰਜ ਪੂਰਾ ਹੋਇਆ,  ਫ਼ੋਰੈਂਸਿਕ ਟੀਮ ਨੇ ਕੀਤੀ ਜਾਂਚ 

Batala blast : FIR lodged against factory owner

ਬਟਾਲਾ : ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਹੰਸਲੀ ਨਾਲੇ ਨਜ਼ਦੀਕ ਸਥਿਤ ਇਕ ਪਟਾਕਾ ਬਣਾਉਣ ਵਾਲੀ ਫ਼ੈਕਟਰੀ 'ਚ ਬੁਧਵਾਰ  ਦੁਪਹਿਰ 3:45 ਵਜੇ ਧਮਾਕਾ ਹੋਇਆ ਸੀ। ਇਸ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ 'ਚ ਜ਼ਿਆਦਾ ਗਿਣਤੀ ਮਜ਼ਦੂਰਾਂ ਦੀ ਹੈ। ਇਸ ਧਮਾਕੇ ਤੋਂ ਬਾਅਦ ਸ਼ੁਰੂ ਹੋਇਆ ਬਚਾਅ ਕਾਰਜ ਵੀਰਵਾਰ ਸਵੇਰੇ ਪੂਰਾ ਹੋ ਗਿਆ। ਘਟਨਾ ਵਾਲੀ ਥਾਂ 'ਤੇ ਫ਼ੋਰੈਂਸਿਕ ਟੀਮ ਵੀ ਜਾਂਚ ਲਈ ਪੁੱਜੀ। ਪੁਲਿਸ ਨੇ ਫ਼ੈਕਟਰੀ ਮਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਫ਼ੈਕਟਰੀ ਮਾਲਕ ਜਸਪਾਲ ਸਿੰਘ ਵਿਰੁਧ ਗ਼ੈਰ-ਇਰਾਦਾ ਕਤਲ ਸਮੇਤ ਕਈ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦਰਅਸਲ, ਜਿਸ ਸਮੇਂ ਧਮਾਕਾ ਇਹ ਹੋਇਆ ਉਸ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਧਮਾਕਾ ਕਿੰਨਾ ਜ਼ਬਰਦਸਤ ਸੀ। ਇਸ ਧਮਾਕੇ 'ਚ ਇਕ ਕੰਪਿਊਟਰ ਸੈਂਟਰ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਧਮਾਕਾ ਹੋਣ 'ਤੇ ਹਰ ਪਾਸੇ ਭਾਜੜ ਮਚ ਗਈ। ਮਲਬੇ ਹੇਠ ਵੱਡੀ ਗਿਣਤੀ ਮਜ਼ਦੂਰ ਦੱਬੇ ਹੋਣ ਕਾਰਨ ਮੌਤ ਹੋਈ ਹੈ। ਜਿਸ ਫ਼ੈਕਟਰੀ 'ਚ ਧਮਾਕਾ ਹੋਇਆ ਹੈ ਉਸ ਦੇ ਮਾਲਕ ਦਾ ਘਰ ਫ਼ੈਕਟਰੀ ਦੇ ਪਿੱਛੇ ਹੀ ਸੀ। ਪਟਾਕਾ ਫ਼ੈਕਟਰੀ ਮਾਲਕ ਨੇ ਲਾਈਸੈਂਸ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਕੋਲ ਲਾਈਸੈਂਸ ਹੈ ਜਾਂ ਨਹੀਂ, ਇਹ ਪ੍ਰਸਾਸ਼ਨ ਨੂੰ ਪਤਾ ਵੀ ਨਹੀਂ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਧਮਾਕੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਜ਼਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਮਦਦ ਦਾ ਐਲਾਨ ਕੀਤਾ ਗਿਆ ਹੈ। ਉਧਰ ਇਸ ਹਾਦਸੇ ਨੇ ਜਿੱਥੇ ਲੋਕਾਂ ਦੇ ਦਿਲਾਂ ਝੰਜੋੜ ਦਿੱਤਾ ਹੈ, ਉਥੇ ਹੀ ਲੋਕਾਂ ਦਾ ਗੁੱਸਾ ਵੀ ਫੁਟ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕਰ ਕੇ ਭੜਾਸ ਕੱਢੀ।

ਮ੍ਰਿਤਕਾਂ ਦੀ ਸੂਚੀ ਜਾਰੀ :
ਬਟਾਲਾ 'ਚ ਪਿਛਲੇ 25 ਸਾਲ ਤੋਂ ਚੱਲ ਰਹੀ ਗ਼ੈਰ-ਕਾਨੂੰਨੀ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਵਿਚ 23 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ 19 ਮ੍ਰਿਤਕਾਂ ਦੀ ਪਛਾਣ ਹੋ ਗਈ ਹੈ, ਜਿਸ 'ਚ 5 ਮਾਲਕ, 11 ਨੌਕਰ ਅਤੇ 3 ਰਾਹਗੀਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਾਰਾ ਸ਼ਹਿਰ ਉਸ ਦੀ ਆਵਾਜ਼ ਨਾਲ ਕੰਬ ਉੱਠਿਆ। ਪਟਾਕਾ ਫ਼ੈਕਟਰੀ ਅਤੇ ਉਸ ਦੇ ਨਾਲ ਲਗਦਿਆਂ ਤਿੰਨ ਇਮਾਰਤਾਂ ਪੂਰੀ ਤਰ੍ਹਾਂ ਜ਼ਮੀਨਦੋਸ਼ ਹੋ ਗਈਆਂ, ਜਿਸ ਦੇ ਮਲਬੇ ਹੇਠਾਂ ਦੱਬ ਕੇ ਕਈਆਂ ਨੇ ਦਮ ਤੋੜ ਦਿੱਤਾ।