ਬਾਦਲਾਂ 'ਤੇ ਵਰ੍ਹੇ ਭਗਵੰਤ ਮਾਨ, ਮੰਤਰੀ ਅਹੁਦੇ ਖ਼ਾਤਰ ਪੰਜਾਬੀ ਤੇ ਪੰਜਾਬ ਦੇ ਹਿਤ ਅਣਗੋਲਣ ਦਾ ਦੋਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਸਿਮਰਤ ਕੌਰ ਬਾਦਲ ਦੀ ਚੁਪੀ ਨੂੰ ਲੈ ਕੇ ਖੜ੍ਹੇ ਕੀਤੇ ਸਵਾਲ

Bhagwant Mann

ਚੰਡੀਗੜ੍ਹ : ਜੰਮੂ-ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਮਾਨਤਾ ਨਾ ਦਿਤੇ ਜਾਣ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਸਮੇਤ ਬਾਕੀ ਮੰਚਾਂ 'ਤੇ ਵੀ ਕੇਂਦਰ ਸਰਕਾਰ ਦੀ ਨਿੰਦਾ ਹੋ ਰਹੀ ਹੈ। ਪੰਜਾਬ ਦੇ ਸਿਆਸੀ ਗਲਿਆਰਿਆਂ ਅੰਦਰ ਵੀ ਇਹ ਮੁੱਦਾ ਭਖਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਸ ਮੁੱਦੇ ਨੂੰ ਸੰਸਦ ਦੇ ਅਗਾਮੀ ਮੌਨਸੂਨ ਸੈਸ਼ਨ ਦੌਰਾਨ ਚੁੱਕਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਇਸ ਮੁੱਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਪਹੁੰਚ ਕਰਨ ਦੀ ਗੱਲ ਵੀ ਆਖ਼ੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਇਸ ਬਿੱਲ ਬਾਰੇ ਧਾਰੀ ਚੁੱਪੀ ਨੂੰ ਲੈ ਕੇ ਬਾਦਲ ਪਰਵਾਰ ਵੱਲ ਖ਼ੂਬ ਨਿਸ਼ਾਨੇ ਲਾਏ ਹਨ।

ਭਗਵੰਤ ਮਾਨ ਨੇ ਬਾਦਲ ਪਰਵਾਰ 'ਤੇ ਸਵਾਲਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਜਿਸ ਵੇਲੇ ਕੇਂਦਰੀ ਕੈਬਨਿਟ ਵਲੋਂ ਪੰਜਾਬੀ ਭਾਸ਼ਾ ਸ਼ਾਮਲ ਕੀਤੇ ਬਿਨਾਂ ਇਹ ਬਿੱਲ ਪ੍ਰਵਾਨ ਕੀਤਾ ਜਾ ਰਿਹਾ ਸੀ, ਉਸ ਵੇਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿੱਥੇ ਸਨ? ਜੇਕਰ ਉਹ ਵੀ ਕੈਬਨਿਟ 'ਚ ਸ਼ਾਮਲ ਸਨ, ਤਾਂ ਉਹ ਪੰਜਾਬੀ ਨਾਲ ਹੋ ਰਹੇ ਵਿਤਕਰੇ ਬਾਰੇ ਚੁੱਪ ਕਿਉਂ ਰਹੇ ਅਤੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ?

ਬਾਦਲ ਪਰਵਾਰ ਤੇ ਤੰਜ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਪਣੀ ਨੂੰਹ ਰਾਣੀ ਦੀ ਕੁਰਸੀ ਲਈ ਬਾਦਲ ਪਰਵਾਰ ਨੇ ਪੰਜਾਬੀ ਸਮੇਤ ਪੂਰੇ ਪੰਜਾਬ ਦੇ ਹਿਤਾਂ ਦੀ ਬਲੀ ਚੜ੍ਹਾ ਦਿਤੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਕੇਂਦਰ ਵਲੋਂ ਖੇਤੀ ਸਬੰਧੀ ਆਰਡੀਨੈਂਸ ਜਾਰੀ ਕਰਨ ਸਮੇਂ ਵੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਚੁਪੀ ਨੂ ੰਲੈ ਕੇ ਭਗਵੰਤ ਮਾਨ ਨੇ ਸਵਾਲ ਖੜ੍ਹੇ ਕੀਤੇ ਸਨ।

ਕੇਂਦਰ ਸਰਕਾਰ ਦੇ ਇਸ ਕਦਮ ਨੂੰ ਜੰਮੂ ਕਸ਼ਮੀਰ 'ਚ ਸਦੀਆਂ ਤੋਂ ਰਹਿ ਰਹੇ ਲੱਖਾਂ ਪੰਜਾਬੀ ਪਰਵਾਰਾਂ ਨਾਲ ਧੱਕਾ ਕਰਾਰ ਦਿੰਦਿਆਂ ਭਗਵੰਤ ਮਾਨ ਕਿਹਾ ਕਿ ਉਹ ਮੌਨਸੂਨ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਣਗੇ। ਉਨ੍ਹਾਂ ਨੇ ਸਾਰੇ ਪੰਜਾਬੀ ਸੰਸਦ ਮੈਂਬਰਾਂ ਨੂੰ ਵੀ ਮੌਨਸੂਨ ਸੈਸ਼ਨ ਦੌਰਾਨ ਇਕਜੁਟ ਹੋ ਕੇ ਇਸ ਮੁੱਦੇ ਨੂੰ ਚੁੱਕਣ ਦੀ ਅਪੀਲ ਕੀਤੀ।