'ਆਪ' ਦੀ ਸਰਕਾਰ ਬਣਾ ਕੇ ਦਿੱਲੀ ਵਰਗਾ ਵਿਕਾਸ ਚਾਹੁੰਦੇ ਹਨ ਪੰਜਾਬ ਦੇ ਲੋਕ : ਰਾਘਵ ਚੱਢਾ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਦੀ ਸਰਕਾਰ ਬਣਾ ਕੇ ਦਿੱਲੀ ਵਰਗਾ ਵਿਕਾਸ ਚਾਹੁੰਦੇ ਹਨ ਪੰਜਾਬ ਦੇ ਲੋਕ : ਰਾਘਵ ਚੱਢਾ

image


ਬਾਦਲ, ਭਾਜਪਾ ਅਤੇ ਕਾਂਗਰਸ ਨੇ ਪੰਜਾਬ ਨੂੰ  ਉਜਾੜਨ ਦੀ ਕੋਈ ਕਸਰ ਨਹੀਂ ਛੱਡੀ

ਚੰਡੀਗੜ੍ਹ, 4 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਪੰਜਾਬ ਦੀਆਂ 2022 'ਚ ਹੋਣ ਵਾਲੀਆਂ ਚੋਣਾਂ ਸਬੰਧੀ ਏਬੀਪੀ-ਸੀ-ਵੋਟਰ ਵਲੋਂ ਕੀਤੇ ਗਏ ਸਰਵੇ ਬਾਰੇ ਆਮ ਆਦਮੀ ਪਾਰਟੀ (ਆਪ) ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਵਾਅਦੇ ਪੂਰਾ ਨਾ ਹੋਣ ਕਾਰਨ ਲੋਕਾਂ ਵਿਚ ਗੁਸੇ ਵਿਚ ਹਨ ਅਤੇ 2022 ਵਿਚ ਕੈਪਟਨ ਨੂੰ  ਸਬਕ ਸਿਖਾਉਂਦੇ ਹੋਏ 'ਆਪ' ਦੀ ਸਰਕਾਰ ਬਣਾਉਣਗੇ | ਪਾਰਟੀ ਦਾ ਕਹਿਣਾ ਹੈ,''ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਕਰ ਕੇ ਪੰਜਾਬ ਦੇ ਲੋਕ ਬਹੁਤ ਪ੍ਰਭਾਵਤ ਹੋਏ ਹਨ, ਇਸ ਲਈ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਤਾਂ ਜੋ ਦਿੱਲੀ ਵਾਂਗ ਪੰਜਾਬ ਵਿਚ ਵੀ ਵਿਕਾਸ ਕੀਤਾ ਜਾਵੇ |''
ਇਕ ਬਿਆਨ ਰਾਹੀਂ 'ਆਪ' ਵਲੋਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ , ਕੌਮੀ ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅਮਰ ਸ਼ਹੀਦਾਂ ਨੇ ਜਿਹੜੇ ਪੰਜਾਬ ਦਾ ਸੁਪਨਾ ਦੇਖਿਆ ਸੀ, ਅੱਜ ਦੇ ਰਾਜਨੀਤਕ
 ਆਗੂਆਂ ਨੇ ਉਸ ਸੁਪਨੇ ਨੂੰ  ਉਜਾੜਨ 'ਚ ਕੋਈ ਕਮੀ ਨਹੀਂ ਛੱਡੀ | ਇਕ ਸਾਜ਼ਸ਼ ਤਹਿਤ ਪੰਜਾਬ ਦੀ ਨੌਜਵਾਨੀ ਨਸ਼ਿਆਂ 'ਤੇ ਲਾ ਦਿਤਾ ਅਤੇ ਅਪਣੇ ਘਰ ਦੌਲਤ ਨਾਲ ਭਰ ਲਏ | ਇਹ ਕਮਾਲ ਦੀ ਰਾਜਨੀਤੀ ਹੈ ਜਿਸ 'ਚ ਸੂਬੇ ਦੀ ਤਾਂ ਤਰੱਕੀ ਨਹੀਂ ਹੋਈ, ਪ੍ਰੰਤੂ ਰਾਜਨੀਤਕ ਆਗੂ ਕਰੋੜਪਤੀ ਹੋ ਗਏ | ਮੌਜੂਦਾ ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਅਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ | 
ਉਨ੍ਹਾਂ 2017 ਵਿਚ ਕਾਂਗਰਸ ਪਾਰਟੀ ਵਲੋਂ ਜਾਰੀ ਕੀਤਾ ਚੋਣ ਮੈਨੀਫ਼ੈਸਟੋ ਦਿਖਾਉਂਦੇ ਹੋਏ ਕਿਹਾ ਕਿ ਇਸ ਵਿਚ ਸਾਫ਼ ਤੌਰ ਉਤੇ ਲਿਖਿਆ ਹੈ ਕਿ 4 ਹਫ਼ਤਿਆਂ ਵਿਚ ਨਸ਼ਾ ਖ਼ਤਮ ਕੀਤਾ ਜਾਵੇਗਾ, ਪਰ ਕੈਪਟਨ ਅਮਰਿੰਦਰ ਸਿੰਘ ਸਾਫ਼ ਹੀ ਮੁਕਰ ਗਏ ਹਨ | ਐਨਾ ਹੀ ਨਹੀਂ ਕੈਪਟਨ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਹਰ ਤਰ੍ਹਾਂ ਦੇ ਮਾਫ਼ੀਆ ਨੂੰ  ਖ਼ਤਮ ਕਰਨ, ਘਰ-ਘਰ ਰੁਜ਼ਗਾਰ ਦੇਣ, ਬਿਜਲੀ ਦੀਆਂ ਕੀਮਤਾਂ ਘੱਟ ਕਰਨ, ਨਸ਼ਾ ਖ਼ਤਮ ਕਰਨ ਤੋਂ ਇਲਾਵਾ ਪ੍ਰਾਈਵੇਟ ਬਿਜਲੀ ਕੰਪਨੀ ਨਾਲ ਕੀਤੇ ਮਾਰੂ ਸਮਝੌਤੇ ਰੱਦ ਕਰਨ ਦੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ | ਸਗੋਂ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲਾਂ ਤੋਂ ਸਿਸਵਾਂ ਸ਼ਾਹੀ ਫ਼ਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ, ਉਥੇ ਬੈਠੇ ਹੀ ਅਪਣੀ ਸਰਕਾਰ ਚਲਾਉਂਦੇ ਰਹੇ |