ਸੁਖਬੀਰ ਬਾਦਲ ਕਿਸਾਨਾਂ ਨੂੰ ਧਮਕੀਆਂ ਦੇਣੀਆਂ ਬੰਦ ਕਰਨ,
ਸੁਖਬੀਰ ਬਾਦਲ ਕਿਸਾਨਾਂ ਨੂੰ ਧਮਕੀਆਂ ਦੇਣੀਆਂ ਬੰਦ ਕਰਨ,
ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ : ਬੀਰ ਦਵਿੰਦਰ ਸਿੰਘ
ਐਸ.ਏ.ਐਸ. ਨਗਰ , 4 ਸਤੰਬਰ (ਸੁਖਦੀਪ ਸਿੰਘ ਸੋਈਾ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਸਾਹਨੇਵਾਲ ਦੀ ਰੈਲੀ ਵਿਚ ਕਿਸਾਨਾਂ ਨੂੰ ਦਿਤੀ ਧਮਕੀ ਅਤੀ ਮੰਦਭਾਗੀ ਹੈ | ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਉਤੇਜਨਾ ਵਿਚ ਆ ਕੇ ਕਿਸਾਨ ਅੰਦੋਲਨਕਾਰੀਆਂ ਵਿਰੁਧ ਅਜਿਹੇ ਭੜਕਾਊ ਬਿਆਨ ਨਹੀਂ ਦੇਣੇ ਚਾਹੀਦੇ | ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦਾ ਕਿਸਾਨ ਅਪਣੀ ਉਪਜੀਵਕਾ ਅਤੇ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ, ਅਪਣੇ ਸੀਮਤ ਸਾਧਨਾਂ ਨਾਲ, ਇਕ ਨਿਰਨਾਇਕ ਜੰਗ ਲੜ ਰਿਹਾ ਹੈ |
ਪੰਜਾਬ ਦੇ ਕਿਸਾਨਾਂ ਦੇ ਮਨ ਵਿਚ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਬੀਬੀ ਹਰਿਸਮਰਤ ਕੌਰ ਬਾਦਲ ਵਿਰੁਧ ਭਾਰੀ ਗੁੱਸਾ ਹੈ ਕਿ ਉਨ੍ਹਾਂ ਨੇ 5 ਜੂਨ 2020 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵਾਲੀ, ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਅਧਿਆਦੇਸ਼ (ਆਰਡੀਨੈਂਸ) ਜਾਰੀ ਕੀਤੇ ਤਾਂ ਉਸ ਵੇਲੇ, ਸਮੁੱਚੇ ਬਾਦਲ ਪ੍ਰਵਾਰ ਨੇ, ਬੀ.ਜੇ.ਪੀ ਦਾ ਸਾਥ ਦਿੰਦੇ ਹੋਏ, ਨਿੱਠ ਕੇ ਕਿਸਾਨ ਵਿਰੋਧੀ ਭੂਮਿਕਾ ਨਿਭਾਈ ਅਤੇ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵਿਰੁਧ ਵੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ | ਪੰਜਾਬ ਦਾ ਕਿਸਾਨ ਕਿਵੇਂ ਭੁੱਲ ਸਕਦਾ ਹੈ ਕਿ ਕਿਵੇਂ ਦੋਹਵੇਂ ਪਤੀ-ਪਤਨੀ ਭਾਜਪਾ ਦੇ ਦੁੰਮਛੱਲੇ ਢੰਡੋਰਚੀ ਬਣੇ ਹੋਏ ਸਨ ਤੇ ਮੀਡੀਏ ਰਾਹੀਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਦਿਨ-ਰਾਤ ਵਕਾਲਤ ਕਰਦੇ ਨਹੀਂ ਸਨ ਥੱਕਦੇ | ਅਖ਼ੀਰ ਕਿਸਾਨ ਜਥੇਬੰਦੀਆਂ ਨੂੰ ਮਜਬੂਰ ਹੋ ਕੇ, ਇਨ੍ਹਾਂ ਪ੍ਰਤੀ ਸਖ਼ਤ ਰੁਖ਼ ਅਪਣਾਉਂਦੇ ਹੋਏ, ਇਨ੍ਹਾਂ ਦੀ ਬਾਦਲ ਪਿੰਡ ਵਾਲੀ ਰਿਹਿਾੲਸ਼ ਦਾ ਘਿਰਾਉ ਕਰਨਾ ਪਿਆ ਅਤੇ ਧਰਨਾ ਦੇਣਾ ਪਿਆ | ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਫੌਰੀ ਤੌਰ ਤੇ ਅਪਣੀ ਧਮਕੀਆਂ ਭਰੀ ਅਭੱਦਰ ਬਿਆਨਬਾਜ਼ੀ ਕਾਰਨ ਕਿਸਾਨ ਜਗਤ ਪਾਸੋੰ ਮਾਫ਼ੀ ਮੰਗਣ ਅਤੇ ਜਦੋਂ ਤਕ ਕਿਸਾਨ ਅੰਦੋਲਨ ਕਿਸੇ ਤਣ-ਪੱਣ ਨਹੀਂ ਲਗਦਾ, ਤਦ ਤਕ ਪੰਜਾਬ ਦੀਆਂ ਚੋਣਾਂ ਸਬੰਧੀ ਅਪਣੀਆਂ ਸਾਰੀਆਂ ਸਰਗਰਮੀਆਂ ਮੁਕੰਮਲ ਤੌਰ 'ਤੇ ਬੰਦ ਕਰ ਦੇਣ |
Photo 4-4