ਅਧਿਆਪਕ ਦਿਵਸ: ਬੇਰੁਜ਼ਗਾਰ ਅਧਿਆਪਕਾਂ ਦਾ ਅਨੋਖਾ ਪ੍ਰਦਰਸ਼ਨ, ਸਰਕਾਰ ਨੂੰ ਭੇਂਟ ਕੀਤਾ ਖੂਨ ਦਾ ਪਿਆਲਾ
ਖੂਨ ਦਾ ਪਿਆਲਾ ਦੇਣ ਦੇ ਨਾਲ-ਨਾਲ ਗਲਾ 'ਚ ਟਾਇਰ ਪਾ ਕੇ ਵੀ ਕੀਤਾ ਅਧਿਆਪਕਾਂ ਨੇ ਪ੍ਰਦਰਸ਼ਨ
ਪਟਿਆਲਾ: ਅੱਜ ਅਧਿਆਪਕ ਦਿਵਸ ਹੈ ਤੇ ਅੱਜ ਦੇ ਦਿਨ ਪੰਜਾਬ ਦੇ ਵੱਖ ਵੱਖ ਸੂਬਿਆਂ ਵਿਚ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਪਟਿਆਲਾ ਵਿਚ ਪੱਕਾ ਮੋਰਚਾ ਲਾਈ ਬੈਠੇ ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕਾਂ ਨੇ ਅੱਜ ਅਧਿਆਪਕ ਦਿਵਸ ਮੌਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਦੱਸ ਦਈਏ ਕਿ ਇਹ ਅਧਿਆਪਕ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ।
ਮਿਲੀ ਜਾਣਕਾਰੀ ਦੇ ਮੁਤਾਬਿਕ ਇਨ੍ਹਾਂ ਅਧਿਆਪਕਾਂ ਵੱਲੋਂ ਇਹ ਪੱਕਾ ਮੋਰਚਾ ਇੱਥੇ ਸਰਹਿੰਦ ਰੋਡ ’ਤੇ ਸਥਿਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਨੇੜਲੇ ਬੱਸ ਅੱਡੇ ਵਿਚ ਲਾਇਆ ਹੋਇਆ ਹੈ। ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਦੇ ਰਹੇ ਹਨ ਅਧਿਆਪਕਾਂ ਨੇ ਅੱਜ ਅਧਿਆਪਕ ਦਿਵਸ ਦੇ ਮੌਕੇ 'ਤੇ ਅਨੋਖਾ ਪ੍ਰਦਰਸ਼ਨ ਕੀਤਾ ਹੈ।
ਇਸ ਰੋਸ ਮਾਰਚ ਦੌਰਾਨ ਅਧਿਆਪਕਾਂ ਨੇ ਅੱਜ ਗਲ ਵਿੱਚ ਟਾਇਰ ਪਾਏ ਹੋਏ ਸਨ ਉਥੇ ਹੀ ਸਰਕਾਰ ਵਿਰੋਧੀ ਨਾਅਰਿਆਂ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਸਬੰਧੀ ਬੈਨਰ ਵੀ ਗਲਾਂ ਵਿਚ ਪਾਏ ਹੋਏ ਸਨ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਸੰਗਰੂਰ ਵਿਚ ਵੀ ਬੀ. ਐਡ. ਟੈੱਟ ਪਾਸ ਬੇਰੁਜ਼ਗਾਰਾਂ ਨੇ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਖਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਦਰਅਸਲ ਅਧਿਆਪਕਾਂ ਨੇ ਸਿੰਗਲਾ ਨੂੰ ਖ਼ੂਨ ਦਾ ਪਿਆਲਾ ਭੇਂਟ ਕੀਤਾ।
ਬੀ. ਐਡ. ਟੈੱਟ ਪਾਸ ਬੇਰੁਜ਼ਗਾਰਾਂ ਜਦੋਂ ਸਿਵਲ ਹਸਪਤਾਲ ਤੋਂ ਰੋਸ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਪਹੁੰਚੇ ਤਾਂ ਤਹਿਸੀਲਦਾਰ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਤੋਂ ਖੂਨ ਦਾ ਪਿਆਲਾ ਪ੍ਰਾਪਤ ਕੀਤਾ। ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੈਪਟਨ ਸਰਕਾਰ ਨੂੰ ਸਿਰੇ ਦੀ ਨਖਿੱਧ ਸਰਕਾਰ ਕਰਾਰ ਦਿੱਤਾ।