ਸਰਕਾਰੀ ਦਫ਼ਤਰਾਂ ਅਤੇ ਮੁਲਾਜ਼ਮਾਂ ਦੇ ਘਰਾਂ ਤੋਂ ਬਿਜਲੀ ਸਮਾਰਟ ਮੀਟਰਾਂ ਦੀ ਹੋਵੇਗੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

15 ਸਤੰਬਰ ਤੱਕ ਮੁਕੰਮਲ ਹੋਵੇਗੀ ਪ੍ਰਕਿਰਿਆ

Electricity smart meters

 

ਚੰਡੀਗੜ੍ਹ: ਆਖ਼ਿਰਕਾਰ ਕੇਂਦਰ ਸਰਕਾਰ ਦੀ ਯੋਜਨਾ ’ਤੇ ਕੰਮ ਕਰਦਿਆਂ ਪਾਵਰਕਾਮ ਨੇ ਪੰਜਾਬ ’ਚ ਬਿਜਲੀ ਦੀ ਚੋਰੀ ਰੋਕਣ ਲਈ ਘਰਾਂ ਤੇ ਦਫ਼ਤਰਾਂ ’ਚ ਸਮਾਰਟ ਮੀਟਰ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਪਹਿਲਾਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਘਰਾਂ ਅਤੇ ਦਫ਼ਤਰਾਂ ਦੇ ਮੀਟਰਾਂ ਨੂੰ ਬਦਲ ਕੇ ਸਮਾਰਟ ਬਣਾਇਆ ਜਾਵੇਗਾ। ਇਸ ਤੋਂ ਬਾਅਦ ਹੀ ਆਮ ਲੋਕਾਂ ਦੇ ਘਰਾਂ ਦੇ ਬਿਜਲੀ ਮੀਟਰ ਬਦਲੇ ਜਾਣਗੇ।

2 ਦਿਨ ਪਹਿਲਾਂ ਬਠਿੰਡਾ ਵਿਚ ਪਾਵਰਕਾਮ ਅਧਿਕਾਰੀਆਂ ਦੀ ਹੋਈ ਮੀਟਿੰਗ ਵਿਚ ਇਸ ਸਬੰਧੀ ਕਈ ਫ਼ੈਸਲੇ ਲਏ ਗਏ ਸਨ। ਮੀਟਿੰਗ ਵਿਚ ਪੱਛਮੀ ਜ਼ੋਨ ਦੇ ਮੁੱਖ ਇੰਜੀਨੀਅਰ ਨੇ ਜ਼ਿਲ੍ਹਾ ਬਠਿੰਡਾ ਦੇ ਸਾਰੇ ਸਰਕਾਰੀ ਦਫ਼ਤਰਾਂ, ਨਿਗਮ ਦਫ਼ਤਰਾਂ, ਸਰਕਾਰੀ ਕੁਆਰਟਰਾਂ ਵਿਚ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਇਸ ਦੇ ਨਾਲ ਹੀ ਇਸ ਕੰਮ ਦੀ ਸਮਾਂ ਸੀਮਾ ਤੈਅ ਕਰਦੇ ਹੋਏ 15 ਸਤੰਬਰ ਤੱਕ ਸਮਾਰਟ ਮੀਟਰ ਲਗਾਉਣ ਦਾ ਕੰਮ ਮੁਕੰਮਲ ਕਰਨ ਲਈ ਕਿਹਾ ਹੈ।
ਪਾਵਰਕਾਮ ਦਾ ਦਾਅਵਾ ਹੈ ਕਿ ਸਮਾਰਟ ਮੀਟਰ ਲੱਗਣ ਨਾਲ ਬਿਜਲੀ ਚੋਰੀ ’ਤੇ ਨਕੇਲ ਕੱਸੀ ਜਾਵੇਗੀ। ਸਮਾਰਟ ਮੀਟਰ ਲੱਗਣ ਤੋਂ ਬਾਅਦ ਬਿਲਿੰਗ ਸਰਕਲ ਇੱਕ ਹਫ਼ਤਾ ਪਹਿਲਾਂ ਆ ਜਾਵੇਗਾ ਅਤੇ ਜੇਕਰ ਖਪਤਕਾਰ ਮਿੱਥੇ ਸਮੇਂ 'ਤੇ ਆਪਣਾ ਬਿੱਲ ਜਮ੍ਹਾ ਨਹੀਂ ਕਰਵਾਉਂਦੇ ਤਾਂ ਉਸ ਨੂੰ 24 ਘੰਟੇ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਲਾਈਟ ਆਪਣੇ ਆਪ ਬੰਦ ਹੋ ਜਾਵੇਗੀ। ਸਮਾਰਟ ਮੀਟਰਾਂ ਦੀ ਰੀਡਿੰਗ ਬਿਜਲੀ ਕੰਪਨੀ ਦੇ ਦਫ਼ਤਰ ਵਿਚ ਲਗਾਤਾਰ ਦਰਜ ਕੀਤੀ ਜਾਵੇਗੀ ਅਤੇ ਉਸ ਦੇ ਆਧਾਰ ’ਤੇ ਖਪਤਕਾਰਾਂ ਨੂੰ ਬਿੱਲ ਜਨਰੇਟ ਕੀਤਾ ਜਾਵੇਗਾ। ਘਰਾਂ ਵਿਚ ਮੀਟਰ ਰੀਡਿੰਗ ਲੈਣ ਲਈ ਕੋਈ ਕਰਮਚਾਰੀ ਨਹੀਂ ਆਵੇਗਾ, ਬਿਜਲੀ ਦਫ਼ਤਰ ਤੋਂ ਹੀ ਰੀਡਿੰਗ ਵੇਖੀ ਜਾਵੇਗੀ।

ਖ਼ਾਸ ਗੱਲ ਇਹ ਵੀ ਹੈ ਕਿ ਪੂਰੇ ਦਿਨ ਦੇ ਪੀਕ ਆਵਰ ਅਤੇ ਆਫ਼ ਟਾਈਮ ਦੇ ਹਿਸਾਬ ਨਾਲ ਖਪਤਕਾਰਾਂ ਦੇ ਬਿੱਲ ਵਿਚ ਪੈਸੇ ਜੋੜ ਦਿੱਤੇ ਜਾਣਗੇ। ਦੂਜੇ ਪਾਸੇ, ਜੇਕਰ ਕਿਸੇ ਖਪਤਕਾਰ ਕੋਲ ਪ੍ਰੀਪੇਡ ਵਿਚ ਕੁਝ ਪੈਸੇ ਬਚੇ ਹਨ, ਤਾਂ ਉਹ ਇਸ ਨੂੰ ਅਗਲੇ ਰੀਚਾਰਜ ਵਿਚ ਮਿਲਾ ਸਕਣਗੇ। ਵੈਸੇ ਪਾਵਰਕਾਮ ਜੋ ਸਮਾਰਟ ਮੀਟਰ ਲਗਾਉਣ ਜਾ ਰਿਹਾ ਹੈ, ਉਨ੍ਹਾਂ ਦੀ ਇਕ ਖ਼ਾਸੀਅਤ ਇਹ ਹੈ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਪਾਵਰ ਵਰਤਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਪਾਵਰ ਸਪਲਾਈ ਆਪਣੇ ਆਪ ਬੰਦ ਹੋ ਜਾਵੇਗੀ। ਹਾਲਾਂਕਿ ਤਕਨੀਕੀ ਨੁਕਸ ਕਾਰਨ ਬਿਜਲੀ ਬੰਦ ਹੋਣ ਦੀ ਸੂਚਨਾ ਵੀ ਤੁਰੰਤ ਸਬੰਧਤ ਕੰਪਨੀ ਦੇ ਕੰਟਰੋਲ ਰੂਮ ਨੂੰ ਦਿੱਤੀ ਜਾਵੇਗੀ।

ਪਾਵਰਕਾਮ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਹਰ ਸਾਲ ਕਰੀਬ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ।   ਸਿਰਫ਼ ਸਮਾਰਟ ਮੀਟਰ ਲਗਾ ਕੇ ਹੀ ਇਸ ਚੋਰੀ ਨੂੰ ਰੋਕਿਆ ਜਾ ਸਕਦਾ ਹੈ।