ਲੁਧਿਆਣਾ ਤੇ ਬਠਿੰਡਾ ਤੋਂ ਐਨ.ਸੀ.ਆਰ. ਲਈ ਮੁੜ ਸ਼ੁਰੂ ਹੋਣਗੀਆਂ ਉਡਾਣਾਂ, ਵਿਕਰਮਜੀਤ ਸਿੰਘ ਸਾਹਨੀ ਵਲੋਂ ਹਵਾਬਾਜ਼ੀ ਮੰਤਰੀ ਦਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰਾਲੇ ਨੇ ਸੰਸਦ 'ਚ ਉਠਾਏ ਸਵਾਲ ਦੇ ਲਿਖਤੀ ਜਵਾਬ 'ਚ ਸੰਸਦ ਮੈਂਬਰ ਨੂੰ ਭਰੋਸਾ ਦਿਤਾ ਹੈ ਕਿ ਉਡਾਣ ਜਲਦੀ ਹੀ ਮੁੜ ਸ਼ੁਰੂ ਹੋਵੇਗੀ।

Vikramjit Singh Sahney

 

ਨਵੀਂ ਦਿੱਲੀ: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦਾ ਧੰਨਵਾਦ ਕਰਦੇ ਹੋਏ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਮੈਂਬਰ ਦਸਿਆ ਕਿ ਉਹ ਲੰਬੇ ਸਮੇਂ ਤੋਂ ਲੁਧਿਆਣਾ ਅਤੇ ਬਠਿੰਡਾ ਤੋਂ ਐਨ.ਸੀ.ਆਰ. ਦੀਆਂ ਉਡਾਣਾਂ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਚਲਦਿਆਂ 31 ਜੁਲਾਈ ਨੂੰ ਮੰਤਰਾਲੇ ਨੇ ਸੰਸਦ 'ਚ ਉਠਾਏ ਸਵਾਲ ਦੇ ਲਿਖਤੀ ਜਵਾਬ 'ਚ ਸੰਸਦ ਮੈਂਬਰ ਨੂੰ ਭਰੋਸਾ ਦਿਤਾ ਹੈ ਕਿ ਉਡਾਣ ਜਲਦੀ ਹੀ ਮੁੜ ਸ਼ੁਰੂ ਹੋਵੇਗੀ।

ਸਾਹਨੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਨ੍ਹਾਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ, ਉਹ ਇਸ ਮੁੱਦੇ ਨੂੰ ਸੰਸਦ ਵਿਚ ਵੀ ਕਈ ਵਾਰ ਉਠਾ ਚੁੱਕੇ ਹਨ। ਹੁਣ 6 ਸਤੰਬਰ ਤੋਂ ਲੁਧਿਆਣਾ-ਐਨ.ਸੀ.ਆਰ. ਅਤੇ ਇਸੇ ਮਹੀਨੇ ਦੇ ਤੀਜੇ ਹਫ਼ਤੇ ਬਠਿੰਡਾ ਤੋ ਐਨ.ਸੀ.ਆਰ. ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਦੋਵਾਂ ਸ਼ਹਿਰਾਂ ਤੋਂ ਹਵਾਈ ਸੇਵਾ ਸ਼ੁਰੂ ਹੋਣ ਕਾਰਨ ਪੰਜਾਬ ਨੂੰ ਬਹੁਤ ਰਾਹਤ ਮਿਲੀ ਹੈ।

ਸਾਹਨੀ ਨੇ ਅੱਗੋਂ ਕਿਹਾ ਕਿ ਉਨ੍ਹਾਂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਭਰੋਸਾ ਦਿਤਾ ਗਿਆ ਹੈ ਕਿ ਆਦਮਪੁਰ ਲਈ ਉਡਾਣ ਵੀ ਜਲਦੀ ਹੀ ਮੁੜ ਸ਼ੁਰੂ ਹੋ ਜਾਵੇਗੀ। ਆਦਮਪੁਰ ਹਵਾਈ ਅੱਡਾ ਚਾਲੂ ਨਾ ਹੋਣ ਕਾਰਨ ਜਲੰਧਰ ਖੇਤਰ ਤੋਂ ਵਿਦੇਸ਼ ਜਾਣ ਵਾਲੇ ਅਤੇ ਵਪਾਰੀ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਤੋਂ ਪਹਿਲਾਂ ਸਾਹਨੀ ਨੇ ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੰਮ ਮੁੜ ਸ਼ੁਰੂ ਕਰਵਾਉਣ ਲਈ ਵੀ ਅਪੀਲ ਕੀਤੀ ਸੀ। ਉਨ੍ਹਾਂ ਲੁਧਿਆਣਾ ਵਿਖੇ 47 ਕਰੋੜ ਰੁਪਏ ਦੇ ਕੰਮ ਨੂੰ ਮਨਜ਼ੂਰੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਸਾਹਨੀ ਨੇ ਕਿਹਾ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸੁਚਾਰੂ ਕੰਮਕਾਜ ਪੰਜਾਬ ਦੇ ਆਰਥਕ ਵਿਕਾਸ ਲਈ ਸਮੇਂ ਦੀ ਲੋੜ ਹੈ ਕਿਉਂਕਿ ਲੁਧਿਆਣਾ ਪੰਜਾਬ ਦਾ ਉਦਯੋਗਿਕ ਧੁਰਾ ਹੋਣ ਦੇ ਨਾਲ ਨਾਲ ਭਾਰਤ ਦੇ ਮਾਨਚੈਸਟਰ ਵਜੋਂ ਵੀ ਜਾਣਿਆ ਜਾਂਦਾ ਹੈ। ਇਥੇ ਨਿਰਵਿਘਨ ਹਵਾਈ ਸੰਪਰਕ ਹੋਣ ਨਾਲ ਵਪਾਰ ਕਰਨ ਵਿਚ ਸਹੂਲਤ ਮਿਲੇਗੀ ਜੋ ਕਿ ਬਹੁਤ ਮਹੱਤਵਪੂਰਨ ਹੈ।