ਕੈਨੇਡਾ ਭੇਜਣ ਦੇ ਨਾਂਅ 'ਤੇ 5.3 ਲੱਖ ਰੁਪਏ ਦੀ ਠੱਗੀ, 3 ਖਿਲਾਫ਼ ਮਾਮਲਾ ਦਰਜ
ਕੇਅਰ ਆਫ਼ ਬਲੂ ਸਟਾਰ ਇਮੀਗ੍ਰੇਸ਼ਨ ਗਰੁੱਪ ਆਫ਼ ਕੰਪਨੀ (ਫੇਜ਼ 11) ਨੇ ਕੀਤੀ ਧੋਖਾਧੜੀ
ਮੁਹਾਲੀ - ਕੈਨੇਡਾ ਭੇਜਣ ਦੇ ਨਾਂ 'ਤੇ 5 ਲੱਖ 3 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਫੇਜ਼-11 ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਅੰਮ੍ਰਿਤ ਕੌਰ, ਸ਼ੁਭਮ ਕੁਮਾਰ ਅਤੇ ਸੰਦੀਪ ਕੌਰ ਸ਼ਾਮਲ ਹਨ।
ਮੁਲਜ਼ਮਾਂ ਨੇ ਫੇਜ਼-11 ਵਿਚ ਕੇਅਰ ਆਫ਼ ਬਲੂ ਸਟਾਰ ਇਮੀਗ੍ਰੇਸ਼ਨ ਗਰੁੱਪ ਆਫ਼ ਕੰਪਨੀ ਦੇ ਨਾਂ ’ਤੇ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ। ਸੁਲਤਾਨਪੁਰ ਲੋਧੀ ਕਪੂਰਥਲਾ ਦੀ ਵਸਨੀਕ ਕਰਮਜੀਤ ਕੌਰ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420, 120ਬੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪਰਮਜੀਤ ਕੌਰ ਨੇ 28 ਮਾਰਚ ਨੂੰ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਉਸ ਨੇ ਆਪਣੇ ਪੁੱਤਰ ਏਕਮਜੋਤ ਨੂੰ ਕੈਨੇਡਾ ਦੇ ਸਟੱਡੀ ਵੀਜ਼ੇ ’ਤੇ ਭੇਜਣ ਲਈ ਉਕਤ ਬਲੂ ਸਟਾਰ ਕੰਪਨੀ ਦੇ ਪ੍ਰਬੰਧਕਾਂ ਕੋਲ ਪਹੁੰਚ ਕੀਤੀ ਸੀ। ਕੰਪਨੀ ਪ੍ਰਬੰਧਕਾਂ ਨੇ ਉਸ ਨੂੰ ਉਸ ਦੇ ਮਾਪਿਆਂ ਅਤੇ ਬੱਚਿਆਂ ਸਮੇਤ ਕੈਨੇਡਾ ਭੇਜਣ ਲਈ 20 ਲੱਖ ਰੁਪਏ ਦੀ ਗੱਲ ਕੀਤੀ ਸੀ।
ਸ਼ਿਕਾਇਤਕਰਤਾ ਨੇ ਪਹਿਲਾਂ 5 ਲੱਖ 3 ਹਜ਼ਾਰ ਰੁਪਏ ਦਿੱਤੇ ਸਨ। ਬਾਅਦ ਵਿਚ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਉਹ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਣਗੇ ਪਰ ਮੁਲਜ਼ਮਾਂ ਨੇ ਨਾ ਤਾਂ ਉਸ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਨੂੰ ਵੀਜ਼ਾ ਦਿੱਤਾ। ਇਸ ਮਾਮਲੇ ਦੀ ਜਾਂਚ ਐਂਟੀ ਹਿਊਮਨ ਟਰੈਫਿਕਿੰਗ ਨੇ ਕੀਤੀ ਸੀ। ਜਾਂਚ 'ਚ ਦੋਸ਼ੀ ਪਾਏ ਜਾਣ 'ਤੇ ਇਮੀਗ੍ਰੇਸ਼ਨ ਕੰਪਨੀ ਦੇ ਤਿੰਨ ਮੈਨੇਜਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।