ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਆਗੂਆਂ ਖ਼ਿਲਾਫ਼ ਜਾਰੀ ਵਾਰੰਟ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਿਫਤਾਰੀ ਵਾਰੰਟ ਐੱਸਡੀਐੱਮ ਦੀ ਅਦਾਲਤ ਨੇ ਚੁੱਪ ਚੁਪੀਤੇ ਤੇ ਬਿਨਾਂ ਸ਼ਰਤ ਵਾਪਸ ਲੈ ਲਏ

Cancellation of the warrant issued against the leaders opposing Hans Raj Hans

ਫਰੀਦਕੋਟ: ਫਰੀਦਕੋਟ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਖਿਲਾਫ਼ ਜਿਹੜੇ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋਏ ਸਨ ਉਹ ਰੱਦ ਹੋ ਗਏ ਹਨ। ਐਸਡੀਐਮ ਵੱਲੋਂ ਕੁਝ ਦਿਨ ਪਹਿਲਾਂ ਕਿਰਤੀ ਕਿਸਾਨ ਦੇ ਸੂਬਾ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਖਿਲਾਫ ਧਾਰਾ 107/151 ਤਹਿਤ ਜਾਰੀ ਕੀਤੇ ਗਏ ਗ੍ਰਿਫਤਾਰੀ ਵਾਰੰਟ ਐੱਸਡੀਐੱਮ ਦੀ ਅਦਾਲਤ ਨੇ ਚੁੱਪ ਚੁਪੀਤੇ ਤੇ ਬਿਨਾਂ ਸ਼ਰਤ ਵਾਪਸ ਲੈ ਲਏ ਹਨ।

ਹੰਸ ਰਾਜ ਹੰਸ ਦਾ ਵਿਰੋਧ ਕਾਰਨ ਜਾਰੀ ਹੋਏ ਸੀ ਗ੍ਰਿਫ਼ਤਾਰੀ ਦੇ ਵਾਰੰਟ

ਜ਼ਿਕਰਯੋਗ ਹੈ ਕਿ ਇਨ੍ਹਾਂ ਆਗੂਆਂ ਨੇ ਗ੍ਰਿਫ਼ਤਾਰੀ ਵਾਰੰਟਾਂ ਨੂੰ ਗੈਰਕਾਨੂੰਨੀ ਦੱਸਦਿਆਂ ਅਦਾਲਤ ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਹ ਆਗੂ ਅੱਜ ਅਦਾਲਤ ਵਿੱਚ ਪੇਸ਼ ਵੀ ਨਹੀਂ ਹੋਏ। ਲੋਕ ਸਭਾ ਚੋਣਾਂ ਦੌਰਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਨਿਹਾਲ ਸਿੰਘ ਨੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਨੌਨਿਹਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਪਰ ਅਗਲੇ ਦਿਨ ਹੀ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।

ਕਿਸਾਨ ਆਗੂਆਂ ਦੇ ਵੱਡੇ ਬਿਆਨ

ਐੱਸਡੀਐਮ ਦੀ ਅਦਾਲਤ ਨੇ ਦੱਸਿਆ ਕਿ ਇਨ੍ਹਾਂ ਆਗੂਆਂ ਖਿਲਾਫ ਜਾਰੀ ਹੋਏ ਵਾਰੰਟ ਗਲਤਫਹਿਮੀ ਵਿੱਚ ਜਾਰੀ ਹੋ ਗਏ ਸਨ ਜੋ ਰੱਦ ਕਰ ਦਿੱਤੇ ਗਏ ਹਨ। ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਇਸ ਦੇ ਅਫਸਰਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈ। ਨੌਨਿਹਾਲ ਸਿੰਘ ਨੇ ਕਿਹਾ ਕਿ ਉਹ ਫਰੀਦਕੋਟ ਇਲਾਕੇ ਵਿੱਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਸੇ ਰੰਜਿਸ਼ ਕਰਕੇ ਇਹ ਵਾਰੰਟ ਜਾਰੀ ਕਰਵਾਏ ਗਏ ਸੀ।