Hoshiarpur News : CM ਭਗਵੰਤ ਮਾਨ ਦਾ ਅਧਿਆਪਕਾਂ ਨੂੰ ਤੋਹਫਾ , ਅਧਿਆਪਕ ਸਿਰਫ਼ ਪੜ੍ਹਾਉਣਗੇ, ਹੋਰ ਕੰਮਾਂ ਤੋਂ ਮਿਲੇਗੀ ਨਿਜਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ 55 ਅਧਿਆਪਕਾਂ ਨੂੰ ਕੀਤਾ ਸਨਮਾਨਿਤ

CM Bhagwant Mann honored 55 teachers

Hoshiarpur News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੌਰੇ 'ਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਰੱਖੇ ਰਾਜ ਪੱਧਰੀ ਸਮਾਗਮ 'ਚ ਪੰਜਾਬ ਦੇ ਵੱਖ-ਵੱਖ ਸਕੂਲਾਂ 'ਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ 55 ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਹੈ। 

ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਤੋਹਫਾ ਦਿੰਦੇ ਹੋਏ ਕਿਹਾ ਕਿ ਜਲਦ ਹੀ ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਵੀ ਨੀਤੀ ਲਿਆਂਦੀ ਜਾਵੇਗੀ। ਜਿਸ ਵਿੱਚ ਹੁਣ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਲਈ ਕਿਹਾ ਜਾਵੇਗਾ, ਜਦੋਂਕਿ ਉਨ੍ਹਾਂ ਨੂੰ ਬਾਕੀ ਸਾਰੇ ਕੰਮਾਂ ਤੋਂ  ਨਿਜਾਤ ਦਿੱਤੀ ਜਾਵੇਗੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਸ਼ਟਰ ਨਿਰਮਾਤਾ ਅਧਿਆਪਕਾਂ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ। ਮੈਂ ਖੁਦ ਇੱਕ ਅਧਿਆਪਕ ਦਾ ਪੁੱਤਰ ਹਾਂ। ਮੈਂ ਆਪਣੇ ਪਿਤਾ ਨੂੰ ਦੇਖਦਾ ਰਿਹਾ ਹਾਂ। ਮੈਂ ਉਸ ਸਕੂਲ ਵਿੱਚ ਪੜ੍ਹਦਾ ਸੀ ,ਜਿੱਥੇ ਉਹ ਪੜ੍ਹਾਉਂਦਾ ਸੀ। ਜੋ ਚੀਜ਼ਾਂ ਮੈਂ ਸਕੂਲ ਵਿੱਚ ਸਿੱਖੀਆਂ ,ਉਹ ਅੱਜ ਮੇਰੇ ਕੰਮ ਆ ਰਹੀਆਂ ਹਨ। 

ਮਨੀਸ਼ ਸਿਸੋਦੀਆ ਨੇ ਦਿੱਲੀ 'ਚ ਪਾਲਿਸੀ ਲਾਗੂ ਕੀਤੀ ਸੀ, ਜਲਦ ਹੀ ਪੰਜਾਬ 'ਚ ਵੀ ਲਿਆ ਰਹੇ ਹਾਂ। ਹਰ ਕੰਮ ਵਿੱਚ ਅਧਿਆਪਕ ਦੀ ਡਿਊਟੀ ਲੱਗਦੀ ਸੀ। ਵੋਟਾਂ ਤਿਆਰ ਕਰਨ, ਵੋਟਾਂ ਪਾਉਣ ਅਤੇ ਮਰਦਮਸ਼ੁਮਾਰੀ ਕਰਵਾਉਣ ਲਈ ਅਧਿਆਪਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਕੋਰੋਨਾ ਵਿੱਚ ਵੀ ਅਧਿਆਪਕਾਂ ਤੋਂ ਕੰਮ ਲਿਆ ਗਿਆ ਪਰ ਹੁਣ ਅਧਿਆਪਕ ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ। ਜਲਦੀ ਹੀ ਇਸ ਨੂੰ ਪੰਜਾਬ ਵਿੱਚ ਵੀ ਲਾਗੂ ਕਰ ਦਿੱਤਾ ਜਾਵੇਗਾ।

ਸੀਐਮ ਮਾਨ ਨੇ ਕਿਹਾ ਕਿ ਕਦੇ ਕਿਸੇ ਨੇ ਸੋਚਿਆ ਹੈ ਕਿ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਕੀ ਹੁੰਦਾ ਹੈ? ਸਕੂਲਾਂ ਨੂੰ ਨਸ਼ੇੜੀਆਂ ਨੇ ਅੱਡਾ ਬਣਾ ਲਿਆ ਹੈ। ਉਹ ਨੌਵੀਂ-ਦਸਵੀਂ ਜਮਾਤ ਦੇ ਬੱਚਿਆਂ ਨੂੰ ਬਹਿਕਾਉਂਦੇ ਹਨ, ਇਸ ਉਮਰ ਦੇ ਬੱਚੇ ਆਸਾਨੀ ਨਾਲ ਬਹਿਕਾਵੇ 'ਚ ਆ ਜਾਂਦੇ ਹਨ। ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਸਕੂਲਾਂ ਵਿੱਚ ਕੇਅਰ ਟੇਕਰ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਜੋ ਸਕੂਲਾਂ ਅਤੇ ਛੋਟੇ ਬੱਚਿਆਂ ਨੂੰ ਬਚਾਇਆ ਜਾ ਸਕੇ।

ਸਕੂਲ ਹੋਣਗੇ ਪੁਲਿਸ ਚੌਕੀਆਂ ਤੋਂ ਮੁਕਤ 

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਜੇ ਵੀ ਬਹੁਤ ਸਾਰੇ ਸਕੂਲ ਅਜਿਹੇ ਹਨ ,ਜਿੱਥੇ ਪੁਲਿਸ ਚੌਕੀ ਜਾਂ ਪੁਲਿਸ ਸਟੇਸ਼ਨ ਬਣੇ ਹੋਏ ਹਨ। ਜਦੋਂ ਸ਼ਰਾਰਤੀ ਅਨਸਰਾਂ ਨੂੰ ਥਾਣਿਆਂ ਅਤੇ ਚੌਕੀਆਂ ਵਿੱਚ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਬੱਚੇ ਸਹਿਮ ਜਾਂਦੇ ਹਨ ਪਰ ਹੁਣ ਇਨ੍ਹਾਂ ਥਾਵਾਂ ਨੂੰ ਪੁਲਿਸ ਚੌਕੀਆਂ ਅਤੇ ਥਾਣਿਆਂ ਤੋਂ ਮੁਕਤ ਕਰ ਦਿੱਤਾ ਜਾਵੇਗਾ। ਸਕੂਲ ਪੜ੍ਹਾਉਣ ਲਈ ਹਨ ਅਤੇ ਇਹ ਸਿਰਫ਼ ਪੜ੍ਹਾਈ ਲਈ ਹੀ ਵਰਤੇ ਜਾਣਗੇ।

55 ਅਧਿਆਪਕਾਂ ਨੂੰ ਸਨਮਾਨਿਤ ਕੀਤਾ

ਸਕੂਲ ਸਿੱਖਿਆ ਮੰਤਰੀ ਵੱਲੋਂ ਮਨਜੂਰ ਕੀਤੀ ਸੂਚੀ ਅਨੁਸਾਰ 55 ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਗਿਆ। ਇਸ ਦੇ ਨਾਲ ਹੀ 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ ਵੀ ਸੌਂਪੇ ਗਏ। 5 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਅਤੇ 7 ਅਧਿਆਪਕਾਂ ਨੂੰ ਸਕੂਲਾਂ ਵਿੱਚ ਵਧੀਆ ਸਹੂਲਤਾਂ ਦੇਣ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।