ਮਾਮਲਾ ਪੰਜਾਬ ਵਿਧਾਨ ਸਭਾ ’ਚ ਲੱਗੀਆਂ ਤਸਵੀਰਾਂ ਦਾ, ਹੁਣ ਸਿਰਫ਼ ਡਾ.ਅੰਬੇਡਕਰ, ਭਗਤ ਸਿੰਘ, ਲਾਜਪਤ ਰਾਏ, ਊਧਮ ਸਿੰਘ ਦੀਆਂ ਚਾਰ ਤਸਵੀਰਾਂ ਰਹਿ ਗਈਆਂ
ਨਹਿਰੂ, ਜ਼ੈਲ ਸਿੰਘ, ਬੇਅੰਤ ਸਿੰਘ, ਸੰਤ ਲੌਂਗੋਵਾਲ, ਢੀਂਗਰਾ, ਨਾਮਧਾਰੀ ਰਾਮ ਸਿੰਘ ਦੀਆਂ ਤਸਵੀਰਾਂ ਉਤਾਰੀਆਂ
The matter of pictures in the Punjab Vidhan Sabha News: ਲਗਭਗ 32 ਸਾਲ ਪਹਿਲਾਂ ਪੰਜਾਬ ’ਚ ਅਤਿਵਾਦ ਦੇ ਕਾਲੇ ਦੌਰ ਮਗਰੋਂ ਬਿਅੰਤ ਸਿੰਘ ਸਰਕਾਰ ਵੇਲੇ ਵਿਧਾਨ ਸਭਾ ਹਾਲ ’ਚ ਵੜਨ ਤੋਂ ਪਹਿਲਾਂ ‘ਵਿਜ਼ਟਰ ਹਾਲ’ ਦੀ ਸਾਹਮਣੇ ਵਾਲੀ ਕੰਧ ’ਤੇ ਲੱਗੀਆਂ 14 ਸ਼ਾਨਾਮਤੀ ਤਸਵੀਰਾਂ ਨੂੰ 4 ਸਾਲ ਪਹਿਲਾਂ ‘ਯੂ.ਐਨ.ਓ. ਦੇ ਵਰਲਡ ਹੈਰੀਟੇਜ’ ਦੇ ਦਰਜੇ ਤਹਿਤ ਉਤਾਰ ਦਿਤਾ ਗਿਆ ਸੀ ਅਤੇ ਵਿਧਾਨ ਸਭਾ ਦੀ ਪੁਰਾਣੀ ਤੇ ਅਸਲੀ ਦਿੱਖ ਨੂੰ ਬਰਕਰਾਰ ਕੀਤਾ ਗਿਆ ਸੀ। ਇਕ ਮਹੀਨਾ ਪਹਿਲਾਂ ਸ਼ਹੀਦ ਊਧਮ ਸਿੰਘ ਦੇ ਦਿਹਾੜੇ ਨੂੰ ਮਨਾਉਣ ਸਮੇਂ 31 ਜੁਲਾਈ ਨੂੰ ਮੁੜ ਇਸ ‘ਸ਼ਹੀਦ ਗੈਲਰੀ ਦੀਵਾਰ’ ਨੂੰ ਹੋਂਦ ’ਚ ਲਿਆਉਣ ਦੇ ਮਕਸਦ ਨਾਲ ਇਨ੍ਹਾਂ 14 ਕੀਮਤੀ ਤਸਵੀਰਾਂ ’ਚੋਂ ਕੇਵਲ 4 ਨੂੰ ਉਸੇ ਕੰਧ ’ਤੇ ਫਰੇਮ ਸਹਿਤ ਫਿੱਟ ਕਰ ਦਿਤਾ ਗਿਆ।
ਬਾਕੀ 10 ਤਸਵੀਰਾਂ ਜਾਂ ਖ਼ੂਬਸੂਰਤ ਚਿੱਤਰ ਅਜੇ ਵੀ ਵਿਧਾਨ ਸਭਾ ਦੇ ਸਟੋਰ ’ਚ ਰੱਖੇ ਹੋਏ ਹਨ। ਰੋਜ਼ਾਨਾ ਸਪੋਕਸਮੈਨ ਨੂੰ ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਨ੍ਹਾਂ 4 ਸ਼ਹੀਦਾ ਦੀਆਂ ਤਸਵੀਰਾਂ ਨੂੰ ਖ਼ੁਦ ਚੁਣ ਕੇ ਤਰਤੀਬ ਵਾਰ ਪਹਿਲਾਂ ਡਾ.ਭੀਮ ਰਾਉ ਅੰਬੇਡਕਰ, ਸੰਵਿਧਾਨ ਨਿਰਮਾਤਾ ਮਗਰੋਂ ਦੂਜੀ ਥਾਂ ’ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਅਤੇ ਤੀਜੇ ਨੰਬਰ ’ਤੇ ਸ਼ਹੀਦ ਊਧਮ ਸਿੰਘ ਅਤੇ ਅਖ਼ੀਰ ’ਤੇ ਲਾਲਾ ਲਾਜਪਤ ਰਾਏ ਦੀ ਫਰੇਮ ਵਾਲੀ ਤਸਵੀਰ ਜੜਾ ਦਿਤੀ ਸੀ। ਸੂਤਰਾਂ ਨੇ ਇਹ ਵੀ ਦਸਿਆ ਕਿ ਮੁਢਲੀ ਤਰਤੀਬਰ ’ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਸਵੀਰ ਲੱਗੀ ਹੁੰਦੀ ਸੀ, ਉਸ ਨੂੰ ਹੁਣ ਥਾਂ ਨਹੀਂ ਦਿਤੀ ਗਈ।
ਜ਼ਿਕਰਯੋਗ ਹੈ ਕਿ ਪੰਡਿਤ ਨਹਿਰੂ, ਗਿਆਨੀ ਜ਼ੈਲ ਸਿੰਘ, ਮੱਖ ਮੰਤਰੀ ਬਿਅੰਤ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਨਾਮਧਾਰੀ ਸਤਿਗੁਰੂ ਰਾਮ ਸਿੰਘ, ਮਦਨ ਲਾਲ ਢੀਂਗਰਾ, ਹਿੱਤ ਅਭਿਲਾਸ਼ੀ ਅਤੇ ਹੋਰ ਸ਼ਹੀਦ ਹੋਈਆਂ ਸ਼ਖ਼ਸੀਅਤਾਂ ਦੇ ਚਿੱਤਰ ਦੁਬਾਰਾ ਨਾ ਲਾਉਣ ’ਤੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਆਗੂ ਗੁੱਸੇ ’ਚ ਹਨ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਸ਼ਹੀਦ ਗੈਲਰੀ ਪੰਜਾਬ ਵਿਧਾਨ ਸਭਾ ਦੀ ਹੈ ਇਯ ’ਚ ਸਿਰਫ਼ ਉਨ੍ਹਾਂ ਮਰਹੂਮ ਨੇਤਾਵਾਂ ਦੇ ਹੀ ਚਿੱਤਰ ਲੱਗਣੇ ਚਾਹੀਦੇ ਹਨ, ਜਿਨ੍ਹਾਂ ਦਾ ਪੰਜਾਬ ਨਾਲ ਸਬੰਧ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਵਿਧਾਨ ਸਭ ’ਚ ਐਂਟਰੀ ਵਾਲੇ ਰੈਂਪ ਚੜ੍ਹਨ ’ਤੇ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਮਹਾਨ ਆਰਕੀਟੈਕਟ ਲੀ.ਕਰਬੂਜ਼ੀਅਰ ਦਾ ਚਿੱਤਰ ਲੱਗਾ ਹੈ ਅਤੇ ਸਪੀਕਰ ਵਾਲੇ ਐਂਟਰੀ ਦਰਵਾਜ਼ੇ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਲਾਕ੍ਰਿਤੀ ਲਗਾਈ ਹੈ।