ਪੰਜਾਬ 'ਵਰਸਟੀ 'ਚ ਪੰਜਾਬੀ ਹੋਏ ਬੇਗਾਨੇ
ਪੰਜਾਬ ਦੇ ਨਾਂ 'ਤੇ ਬਣੀ ਪੰਜਾਬ ਯੂਨੀਵਰਸਿਟੀ ਚੰਡੀਗੜ (ਪੀ.ਯੂ.) ਕਰੀਬ ਇਕ ਦਹਾਕੇ ਤੋਂ ਪੰਜਾਬ ਦੇ ਹੀ ਵਿਦਿਆਰਥੀਆਂ ਨਾਲ ਧੱਕਾ ਕਰ ਰਹੀ ਹੈ
ਚੰਡੀਗੜ੍ਹ, 4 ਅਕਤੂਬਰ (ਬਲਜੀਤ ਮਰਵਾਹਾ) : ਪੰਜਾਬ ਦੇ ਨਾਂ 'ਤੇ ਬਣੀ ਪੰਜਾਬ ਯੂਨੀਵਰਸਿਟੀ ਚੰਡੀਗੜ (ਪੀ.ਯੂ.) ਕਰੀਬ ਇਕ ਦਹਾਕੇ ਤੋਂ ਪੰਜਾਬ ਦੇ ਹੀ ਵਿਦਿਆਰਥੀਆਂ ਨਾਲ ਧੱਕਾ ਕਰ ਰਹੀ ਹੈ। ਇਹ ਧੱਕਾ ਪੰਜਾਬ, ਚੰਡੀਗੜ੍ਹ ਦੇ ਨਾਂ 'ਤੇ ਰਾਖਵਾਂਕਰਨ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਹਰ ਸਾਲ ਕਰੋੜਾਂ ਰੁਪਏ ਪੀ.ਯੂ. ਨੂੰ ਗਰਾਂਟ ਦੇ ਤੌਰ 'ਤੇ ਦਿੰਦੀ ਹੈ ਫਿਰ ਵੀ ਪੰਜਾਬ ਨੂੰ ਇਹ ਹੱਕ ਨਹੀਂ ਮਿਲ ਰਿਹਾ ਹੈ।
ਇਹ ਹੈ ਮਸਲਾ : ਪੀ.ਯੂ. ਨਾਲ ਸਬੰਧਤ ਚੰਡੀਗੜ੍ਹ ਦੇ ਕਾਲਜਾਂ ਵਿਚ ਖ਼ਾਸ ਕਰ ਕੇ ਪੰਜਾਬ ਤੋਂ ਕਾਮਰਸ ਅਤੇ ਸਾਇੰਸ ਪੜ੍ਹਨ ਵਾਲੇ ਬੱਚੇ ਜਦ ਬੀ.ਏ. ਵਿਚ ਦਾਖ਼ਲਾ ਲੈਣ ਆਉਂਦੇ ਹਨ ਤਾਂ ਪੰਜਾਬ ਵਿਚ ਭਾਵੇਂ ਉਹ ਮੈਰਿਟ ਵਿਚ ਹੋਣ ਪਰ ਫਿਰ ਵੀ ਦਾਖ਼ਲਾ ਨਹੀਂ ਲੈ ਪਾਉਂਦੇ। ਇਸ ਦਾ ਕਾਰਨ ਚੰਡੀਗੜ੍ਹ ਦੇ ਨਾਂ 'ਤੇ ਰਾਖਵਾਂਕਰਨ ਹੈ। ਪੀ.ਯੂ. ਤੋਂ ਲਈ ਗਈ ਜਾਣਕਾਰੀ ਮੁਤਾਬਕ ਸਿਰਫ਼ ਇਨ੍ਹਾਂ ਦੋ ਕੋਰਸਾਂ ਲਈ ਹੀ ਚੰਡੀਗੜ੍ਹ ਦਾ 85 ਤੇ ਪੰਜਾਬ ਦਾ ਕਹਿ ਲਉ, ਪੂਰੇ ਭਾਰਤ ਜਾ ਪੂਰੀ ਦੁਨੀਆਂ ਦਾ 15 ਫ਼ੀ ਸਦੀ ਦਾ ਕੋਟਾ ਹੈ।
ਹਾਲਾਂਕਿ ਬੀਤੇ ਸਾਲ ਇਹ ਕੋਟਾ 80-20 ਦਾ ਸੀ, ਹੁਣ 5 ਫ਼ੀ ਸਦ ਹੋਰ ਘਟਾ ਦਿਤਾ ਗਿਆ ਹੈ। ਇਸ ਵਜ੍ਹਾ ਨਾਲ ਲੱਖਾਂ ਦੀ ਗਿਣਤੀ ਵਿਚ ਉਹ ਵਿਦਿਆਰਥੀ ਹਰ ਸਾਲ ਨਿਰਾਸ਼ ਹੁੰਦੇ ਹਨ। ਜਿਹੜੇ ਚੰਡੀਗੜ੍ਹ ਦੇ ਕਾਲਜ ਤੋਂ ਬੀਏ ਦੀ ਡਿਗਰੀ ਮਿਲਣ ਦਾ ਸੁਪਨਾ ਸਾਕਾਰ ਨਹੀਂ ਕਰ ਪਾਉਂਦੇ। ਦੱਸਣਯੋਗ ਹੈ ਪੀ.ਯੂ. ਦੇਸ਼ ਦੀਆਂ ਪਹਿਲੀਆਂ 10 ਯੂਨੀਵਰਸਟੀਆਂ ਵਿਚ ਆਉਂਦੀ ਹੈ।
ਇਸ ਦੇ ਬਾਵਜੂਦ : ਪੀ.ਯੂ. ਨਾਲ ਸਬੰਧਤ ਪੰਜਾਬ, ਚੰਡੀਗੜ੍ਹ ਵਿਚ 194 ਕਾਲਜ ਹਨ, ਜਿਨ੍ਹਾਂ ਵਿਚੋਂ ਜ਼ਿਆਦਾ ਪੰਜਾਬ ਵਿਚ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਹਰ ਸਾਲ ਪੀ.ਯੂ. ਦੇ ਕੁਲ ਬਜਟ ਦਾ 6 ਫ਼ੀ ਸਦੀ ਪੀ.ਯੂ. ਨੂੰ ਦਿੰਦੀ ਹੈ। ਇਸ ਸਾਲ ਬਜਟ ਦੇ 206 ਕਰੋੜ ਰੁਪਏ ਵਿਚੋਂ 6 ਫ਼ੀ ਸਦੀ 1 ਕਰੋੜ 23 ਲੱਖ 600 ਰੁਪਏ ਪੰਜਾਬ ਵਲੋਂ ਪੀ.ਯੂ. ਨੂੰ ਦਿਤੇ ਗਏ। ਕੋਟੇ ਤੇ ਗਰਾਂਟ ਬਾਰੇ ਪੀ.ਯੂ. ਦੇ ਬੁਲਾਰੇ ਵਲੋਂ ਪੁਸ਼ਟੀ ਕੀਤੀ ਗਈ। ਪਹਿਲਾ ਹਰਿਆਣਾ ਵੀ ਐਵੇਂ ਹੀ ਕਰਦਾ ਸੀ ਪਰ ਉਨ੍ਹਾਂ ਹੁਣ ਅਪਣੀ ਯੂਨੀਵਰਸਟੀ ਬਣਨ ਤੋਂ ਬਾਅਦ ਗਰਾਂਟ ਦੇਣੀ ਬੰਦ ਕਰ ਦਿਤੀ ਹੈ।
ਪੀ.ਯੂ. ਦੇ ਇਸ ਰਾਖਵੇਂਕਰਨ ਦਾ ਸੱਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਚੰਡੀਗੜ੍ਹ ਦੇ ਨੇੜੇ ਵਾਲੇ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆ ਮੋਹਾਲੀ, ਰੂਪਨਗਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਜ਼ਿਲ੍ਹਿਆ 'ਤੇ ਪੈਂਦਾ ਹੈ ਕਿਉਂਕਿ ਇਥੋਂ ਦੇ ਵਿਦਿਆਰਥੀ ਚੰਡੀਗੜ੍ਹ ਦੇ ਨੇੜੇ ਹੋਣ ਦੇ ਬਾਵਜੂਦ ਚੰਡੀਗੜ੍ਹ ਵਿਚ ਇਸ ਰਾਖਵੇਂ ਕਰਨ ਨਾਲ ਦਾਖ਼ਲਾ ਨਹੀਂ ਲੈ ਪਾਉਂਦੇ ਹਨ।ਇਸ ਬਾਰੇ ਸੰਪਰਕ ਕਰਨ 'ਤੇ ਪੰਜਾਬ ਦੇ ਉੱਚ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਹ ਮਸਲਾ ਸਪੋਕਸਮੈਨ ਵਲੋਂ ਉਨ੍ਹਾਂ ਦੀ ਜਾਣਕਾਰੀ ਵਿਚ ਲਿਆਂਦਾ ਗਿਆ ਹੈ ਜਿਸ ਬਾਰੇ ਪੈਰਵੀ ਕੀਤੀ ਜਾਵੇਗੀ।