ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਤਿਆਰੀਆਂ ਦਾ ਜਾਇਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ...

Sunil Jakhar

ਮੰਡੀ ਕਿਲਿਆਂ ਵਾਲੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਿਆ ਹੈ ਕਿ ਉਹ ਦੱਸਣ ਕਿ ਬਹਿਬਲ ਕਲਾਂ ਵਿਚ ਗੋਲੀ ਕਿਸ ਦੇ ਹੁਕਮਾਂ ਤੇ ਚਲਾਈ ਗਈ ਸੀ। 
ਸ੍ਰੀ ਸੁਨੀਲ ਜਾਖੜ ਅੱਜ ਇੱਥੇ 7 ਅਕਤੂਬਰ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਰਪ੍ਰਤਾਪ ਸਿੰਘ ਅਜਨਾਲਾ,

ਮੁੱਖ ਮੰਤਰੀ ਦੇ ਓਐਸਡੀ ਸ: ਸੰਦੀਪ ਸੰਧੂ ਅਤੇ ਅੰਕਿਤ ਬਾਂਸਲ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ: ਗੁਰਮੀਤ ਸਿੰਘ ਖੁੱਡੀਆਂ ਵੀ ਹਾਜਰ ਸਨ।
ਪੱਤਰਕਾਰਾਂ ਦੇ ਨਾਲ ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅਗਸਤ ਆਖੀਰ, ਜਦੋਂ ਤੋਂ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਹੈ ਅਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਟ ਜਨਤਕ ਹੋਈ ਹੈ, ਹਰ ਕੋਈ ਅਕਾਲੀ ਦਲ ਦੇ ਪ੍ਰਧਾਨ ਨੂੰ ਇਹੀ ਪੁੱਛ ਰਿਹਾ ਹੈ ਕਿ ਬਹਿਬਲ ਕਲਾਂ ਵਿਖੇ ਗੋਲੀ ਕਿਸ ਦੇ ਕਹਿਣ ਤੇ ਚਲਾਈ ਗਈ ਸੀ ਜਿਸ ਵਿਚ ਨਿਰਦੋਸ਼ ਸਿੱਖ ਮਾਰੇ ਗਏ ਸਨ।

ਉਨ੍ਹਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਆਪਣੇ ਟਕਸਾਲੀ ਆਗੂ ਵੀ ਹੁਣ ਉਨ੍ਹਾ ਤੋਂ ਇਹੀ ਸਵਾਲ ਪੁੱਛ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਇਹ ਬੇਹਦ ਅਫਸੋਸ਼ ਦੀ ਗੱਲ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਦੀਆਂ ਕੀਤੀਆਂ ਗਲਤੀਆਂ ਕਾਰਨ 93 ਸਾਲ ਦੀ ਉਮਰ ਵਿਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਵਿਰਧ ਅਵਸਥਾ ਵਿਚ ਆਪਣੀ ਸਾਖ਼ ਬਚਾਉਣ ਲਈ ਰੈਲੀ ਵਿਚ ਲੋਕਾਂ ਨੂੰ ਬੁਲਾਉਣ ਲਈ ਘਰੋਂ ਘਰੀ ਜਾਣਾ ਪੈ ਰਿਹਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਇਸੇ ਕਾਰਨ ਸੁਖਬੀਰ ਸਿੰਘ ਬਾਦਲ ਦੇ ਸਾਥੀ ਉਨ੍ਹਾਂ ਦਾ ਸਾਥ ਛੱਡਣ ਲੱਗੇ ਹਨ।

ਉਨ੍ਹਾ ਆਖਿਆ ਕਿ ਹੁਣ ਟਕਸਾਲੀ ਆਗੂਆਂ ਦਾ ਇਖਲਾਕ ਜਾਗ ਪਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਦੀ ਪਟਿਆਲਾ ਰੈਲੀ ਵਿਚ ਸਿਵਾਏ ਪ੍ਰਕਾਸ਼ ਸਿੰਘ ਬਾਦਲ ਤੋਂ ਕੋਈ ਹੋਰ ਟਕਸਾਲੀ ਆਗੂ ਨਹੀਂ ਜਾ ਰਿਹਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਲੀ ਆਗੂ ਵਜੋਂ ਨਹੀਂ ਸਗੋਂ ਇਕ ਮਜਬੂਰ ਪਿਤਾ ਵਜੋਂ ਹੀ ਜਾਣਗੇ। ਉਨ੍ਹਾ ਆਖਿਆ ਕਿ ਸੁਖਬੀਰ ਸਿੰਘ ਬਾਦਲ ਉਰਫ ਸੁਖਬੀਰ ਸਿੰਘ ਇੰਸਾ ਦੀ ਪੰਥ ਵਿਰੋਧੀ ਸੋਚ ਕਾਰਨ ਹੀ ਅੱਜ ਉਨ੍ਹਾ ਦੀ  ਆਪਣੀ ਪਾਰਟੀ ਦਾ ਕਾਡਰ ਉਨ੍ਹਾ ਦੀ ਲੀਡਰਸ਼ਿਪ ਮੰਨਨ ਨੂੰ ਤਿਆਰ ਨਹੀਂ ਹੈ। 

 ਲੋਕ ਸਭਾ ਮੈਂਬਰ ਨੇ ਕਿਹਾ ਕਿ ਜੇਕਰ ਸ: ਬਾਦਲ ਇਸ ਸਧਾਰਨ ਸਵਾਲਾਂ ਦੇ ਜਵਾਬ ਦੇ ਦਿੰਦੇ ਤਾਂ ਉਨ੍ਹਾ ਨੂੰ ਅੱਜ ਇੱਕਲੇ ਇੱਕਲੇ ਆਗੂ ਦੇ ਦਰਾਂ ਤੇ ਜਾ ਕੇ ਮਿੰਨਤਾਂ ਨਾ ਕਰਨੀਆਂ ਪੈਂਦੀਆਂ। ਉਨ੍ਹਾ ਕਿਹਾ ਕਿ ਚੰਗਾ ਹੋਵੇ ਜੇਕਰ 7 ਅਕਤੂਬਰ ਦੀ ਪਟਿਆਲਾ ਰੈਲੀ ਵਿਚ ਸੁਖਬੀਰ ਸਿੰਘ ਬਾਦਲ ਇਹ ਦੱਸਣ ਦੀ ਹਿੰਮਤ ਵਿਖਾਉਣ ਕਿ  ਬਹਿਬਲ ਕਲਾਂ ਵਿਚ ਗੋਲੀ ਕਿਸਦੇ ਹੁਕਮਾਂ ਤੇ ਚੱਲੀ। ਇਸ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਐਤਵਾਰ ਨੂੰ ਲੰਬੀ ਹਲਕੇ ਵਿਚ ਕਿਲਿਆਂ ਵਾਲੀ ਦੀ ਅਨਾਜ ਮੰਡੀ ਵਿਚ ਹੋਣ ਜਾ ਰਹੀ ਇਸ ਰੈਲੀ ਵਿਚ ਪੰਜਾਬ ਭਰ ਤੋਂ 2 ਲੱਖ ਲੋਕ ਸ਼ਿਰਕਤ ਕਰਣਗੇ।

ਉਨ੍ਹਾ ਰੈਲੀ ਦੀ ਤਿਆਰੀ ਕਰ ਰਹੇ ਪ੍ਰਬੰਧਕਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਆਉਣ ਵਾਲੇ ਸਾਰੇ ਲੋਕ ਭਾਰੀ ਇੱਕਠ ਦੇ ਬਾਵਜੂਦ ਰੈਲੀ ਵਾਲੇ ਪੰਡਾਲ ਤੱਕ ਸਮੇਂ ਸਿਰ ਪੁੱਜ ਸਕਣ ਅਤੇ ਇਸ ਨਾਲ ਆਮ ਰਾਹਗੀਰਾਂ ਨੂੰ ਕੋਈ ਮੁਸਕਿਲ ਨਾ ਆਵੇ। ਉਨ੍ਹਾ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੋਵੇਗੀ। ਉਨ੍ਹਾ ਸਪੱਸ਼ਟ ਕੀਤਾ ਕਿ ਇਸ ਰੈਲੀ ਵਿਚ ਕਿਸੇ ਲਈ ਵੀ ਅਪਸ਼ਬਦ ਨਹੀ ਬੋਲੇ ਜਾਣਗੇ ਪਰ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਵਾਪਰੀਆਂ ਪੰਥ ਵਿਰੋਧੀ ਘਟਨਾਵਾਂ ਵਿਚ ਉਨ੍ਹਾ ਦੀ ਭੁਮਿਕਾ ਨੂੰ ਜਰੂਰ ਉਜਾਗਰ ਕੀਤਾ ਜਾਵੇਗਾ। 

ਸ੍ਰੀ ਜਾਖੜ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਮੋਦੀ ਸਰਕਾਰ ਨੇ ਪਿੱਛਲੇ ਚਾਰ ਸਾਲਾਂ ਵਿਚ ਡੀਜ਼ਲ ਦੀਆਂ ਕੀਮਤਾਂ 20 ਰੁਪਏ ਵਧਾਈਆਂ ਹਨ ਅਤੇ ਹੁਣ ਸਿਰਫ ਢਾਈ ਰੁਪਏ ਦੀ ਛੋਟ ਦੇ ਕੇ ਉਹ ਆਪਣੀ ਸਰਕਾਰ ਵੱਲੋਂ ਚਾਰ ਸਾਲਾਂ ਵਿਚ ਆਮ ਲੋਕਾਂ ਦੀ ਜੇਬ ਤੇ ਮਾਰੇ 13 ਲੱਖ ਕਰੋੜ ਦੇ ਡਾਕੇ ਦੇ ਪਾਪ ਤੋਂ ਬਚ ਨਹੀਂ ਸਕਦੇ। ਉਨ੍ਹਾਂ  ਦੱਸਿਆ ਕਿ ਜਦ ਸ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ 104 ਡਾਲਰ ਪ੍ਰਤੀ ਬੈਰਲ ਕੱਚਾ ਤੇਲ ਖਰੀਦ ਕੇ 55 ਰੁਪਏ ਡੀਜਲ ਮੁਹਈਆ ਕਰਵਾਇਆ ਜਾ ਰਿਹਾ ਸੀ

ਅਤੇ ਹੁਣ 85 ਡਾਲਰ ਪ੍ਰਤੀ ਬੈਰਲ ਕੱਚਾ ਤੇਲ ਖਰੀਦ ਕੇ ਮੋਦੀ ਸਰਕਾਰ 75 ਰੁਪਏ ਦੀ ਕੀਮਤ ਤੇ ਡੀਜਲ ਵੇਚ ਰਹੀ ਸੀ ਜਿਸ ਤੋਂ ਇਸ ਸਰਕਾਰ ਦੀ ਕਿਸਾਨ, ਟਰਾਂਸਪੋਟਰ ਅਤੇ ਵਪਾਰ ਵਿਰੋਧੀ ਨੀਤੀ ਸਪਸਟ ਹੁੰਦੀ ਹੈ।